‘ਪੰਜਾਬ ਦੀਆਂ ਖ਼ਬਰਾਂ’

31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ

Avtar Singh Makkar

ਅੰਮ੍ਰਿਤਸਰ ,21 ਫਰਵਰੀ (ਏਜੰਸੀ) : ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਅਤੇ ਸ਼੍ਰੋਮਣੀ ਕਮੇਟੀ ਦਾ ਬਜਟ 31 ਮਾਰਚ ਨੂੰ ਪੇਸ਼ ਹੋਵੇਗਾ। ਸਾਲਾਨਾ ਬਜਟ ਨਵੀਂ ਚੁਣੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਹੀ ਪੇਸ਼ ਕੀਤਾ ਜਾਵੇਗਾ। ਆਪੇ ਬਣੇ ਕੁਝ ਪੰਥਕ ਆਗੂ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਤੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰਤੀ ਗੁੰਮਰਾਹਕੁੰਨ ਬਿਆਨਬਾਜੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਚੁਣੀ ਗਈ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਸੱਦਣ ਬਾਰੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਪ੍ਰਮੁੱਖ ਸਕੱਤਰ ਗ੍ਰਹਿ ਪੰਜਾਬ ਸਰਕਾਰ ਤੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਚੰਡੀਗੜ੍ਹ ਨੂੰ ਪੱਤਰ ਲਿਖੇ ਗਏ ਹਨ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਜਲਦ ਸਪੱਸ਼ਟ ਆਦੇਸ਼ ਜਾਰੀ ਕਰੇਗਾ ਅਤੇ ਉਸ ਤਹਿਤ ਅਹੁਦੇਦਾਰ ਚੁਣੇ ਜਾਣਗੇ ਅਤੇ ਬਜਟ ਪਾਸ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋ ਸੁਪਰੀਮ ਕੋਰਟ ‘ਚ ਪਾਈ ਗਈ ਪਟੀਸ਼ਨ ਦੇ ਫੈਸਲੇ ‘ਚ 18 ਸਤੰਬਰ 2011 ਨੂੰ ਹੋਈਆਂ ਚੋਣਾਂ ਦੌਰਾਨ ਚੁਣੇ ਗਏ ਮੈਂਬਰਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਪਹਿਲਾਂ ਹੀ 17 ਦਸੰਬਰ, 2011 ਨੂੰ ਇਸ ਹਾਊਸ ਨੂੰ ਮਾਨਤਾ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕਰ ਚੁੱਕਾ ਹੈ। ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ‘ਤੇ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਏਜੰਟ ਹੈ, ਜਿਸ ਦੀ ਹਰ ਗੱਲ ਮੰਨਣ ਲਈ ਦਿੱਲੀ ਦੀ ਕਾਂਗਰਸ ਸਰਕਾਰ ਪਾਬੰਦ ਹੈ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਕਈ ਵਾਰ ਲਿਖ ਚੁੱਕੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸੇਵਾ ਕਾਲ ਢਾਈ ਸਾਲ ਕੀਤਾ ਜਾਵੇ ਪਰ ਕੇਂਦਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।

ਨਿੱਜੀ ਟਰੱਸਟਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੇਵਾਕਾਲ ਦੌਰਾਨ ਇਕ ਵੀ ਨਿੱਜੀ ਟਰੱਸਟ ਨਹੀਂ ਬਣਿਆ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਖੋਜ ਕੇਂਦਰ ਇਸ ਵੇਲੇ ਘਾਟੇ ਵਿਚ ਨਹੀਂ ਹੈ। ਨਵੇਂ ਨਾਨਕਸ਼ਾਹੀ ਸਾਲ ਬਾਰੇ ਉਨ੍ਹਾਂ ਕਿਹਾ ਕਿ 13-14 ਮਾਰਚ ਦੀ ਦਰਮਿਆਨੀ ਰਾਤ ਨੂੰ ਨਵੇਂ ਸਾਲ ਦੀ ਆਮਦ ‘ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਵਿਸ਼ਾਲ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਆਮਦ ‘ਤੇ 14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ 5000 ਬੂਟੇ ਲਗਾ ਕੇ ਮਨਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀਆਂ ਨੂੰ ਕਾਨੂੰਨ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਰਮਲੇ ਤੇ ਉਦਾਸੀਏ ਸਿੱਖ ਪੰਥ ਦਾ ਇੱਕ ਸਤਿਕਾਰਤ ਹਿੱਸਾ ਹੈ ਅਤੇ ਇਨ੍ਹਾਂ ਕਮੇਟੀਆਂ ਨੂੰ ਇਨ੍ਹਾਂ ਦੇ ਡੇਰਿਆਂ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਨਹੀਂ ਚੁੱਕਣ ਦਿੱਤੇ ਜਾਣਗੇ।

Share

ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜਤਿ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖਿਡਾਰੀਆਂ ਦੇ ਮੇਲੇ ‘ਚ ਲਿਖਾਰੀਆਂ ਦਾ ਸਨਮਾਨ ਕਰਨ ਦੀ ਪਿਰਤ ਕਾਬਲੇ-ਤਾਰੀਫ ਹੈ।

ਜੇ ਖੇਡਾਂ ਸਰੀਰ ਨੂੰ ਤੰਦਰੁਸਤ ਬਨਾਉਣ ‘ਚ ਸਾਥ ਦਿੰਦੀਆਂ ਹਨ ਤਾਂ ਕਿਤਾਬਾਂ ਵੀ ਮਨੁੱਖ ਦੇ ਸੱਚੇ ਦੋਸਤ ਵਜੋਂ ਸਾਥ ਦਿੰਦੀਆਂ ਹਨ। ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਖੇਡਣ ਦੇ ਨਾਲ ਨਾਲ ਕਿਤਾਬਾਂ ਪ੍ਰਤੀ ਮੋਹ ਵਿੱਚ ਵੀ ਸਮਤੋਲ ਬਣਾਈ ਰੱਖਣ। ਇਸ ਸਮੇਂ ਕਰਨ ਬਰਾੜ ਨੇ ਵਾਅਦਾ ਕੀਤਾ ਕਿ ਉਹ ਇਸ ਸਨਮਾਨ ਸਮਾਰੋਹ ਤੋਂ ਬਾਦ ਹਰ ਸਾਲ ਪਿੰਡ ਹਰੀਕੇ ਕਲਾਂ ਦੇ ਖੇਡ ਮੇਲੇ ‘ਤੇ ਲਿਖਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੋਣਗੇ ਤਾਂ ਜੋ ਸਮਾਜ ਦੀ ਬਿਹਤਰੀ ਲਈ ਸਿਰਤੋੜ ਯਤਨ ਕਰ ਰਹੇ ਲੇਖਕਾਂ ਨੂੰ ਸ਼ਾਬਾਸ਼ ਦਿੱਤੀ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ ਕੁੱਸਾ, ਮਾਸਟਰ ਪ੍ਰਗਟ ਸਿੰਘ ਖੱਚੜਾਂ, ਸੱਜਰੀ ਸਵੇਰ ਅਖਬਾਰ ਦੇ ਸੰਪਾਦਕ ਸ਼ਮਿੰਦਰ ਸਿੰਘ ਬੱਤਰਾ, ਸ੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸੰਨੀ ਬਰਾੜ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share

‘84 ਦੰਗੇ : ਅਮਰੀਕੀ ਅਦਾਲਤ ‘ਚ ਸੁਣਵਾਈ 15 ਮਾਰਚ ਨੂੰ

ਨਿਊਯਾਰਕ, 19 ਫਰਵਰੀ (ਏਜੰਸੀ) : ਅਮਰੀਕਾ ਦੀ ਇਕ ਅਦਾਲਤ ਨੇ ਹਿੰਦੋਸਤਾਨ ਅੰਦਰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਕਾਂਗਰਸ ਪਾਰਟੀ ਦੀ ਕਥਿਤ ਭੂਮਿਕਾ ‘ਤੇ ਸਵਾਲ ਉਠਾਉਾਂਦੀ ੲਕ ਅਰਜ਼ੀ ‘ਤੇ ਸੁਣਵਾਈ ਲਈ 15 ਮਾਰਚ ਦੀ ਤਰੀਕ ਮੁਕੱਰਰ ਕੀਤੀ ਹੈ। ਅਰਜ਼ੀ ‘ਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਸਿੱਖ ਵਿਰੋਧੀ ਦੰਗਿਆਂ ਦੀ ਸਾਜ਼ਿਸ਼ ਰਚਣ ਤੇ ਉਸ ਨੂੰ ਬੜਾਵਾ ਦੇਣ ਦੇ ਲੱਗੇ ਦੋਸ਼ਾਂ ‘ਚ ਖੁਦ ਨੂੰ ਪਾਕ ਸਾਫ਼ ਨਹੀਂ ਦੱਸ ਸਕੀ ਹੈ। ਨਿਊਯਾਰਕ ਸਥਿਤ ਇਕ ਸਿੱਖ ਜਥੇਬੰਦੀ ਵੱਲੋਂ ਦਾਇਰ ਅਰਜ਼ੀ ‘ਚ ਨਿਊਯਾਰਕ ਦੀ ਸੰਘੀ ਅਦਾਲਤ ਦੇ ਜਸਟਿਸ ਰੌਬਰਟ ਡਬਲਿਊ ਸਵੀਟ ਨੂੰ ਜਸਟਿਸ ਜੀਟੀ ਨਾਨਾਵਤੀ ਦੀ ਪੇਸ਼ੀ ਲਈ ਅਪੀਲ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਇਕ ਬਿਆਨ ‘ਚ ਸਿੱਖ ਫਾਰ ਜਸਟਿਸ ਸੰਸਥਾ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਅਪੀਲ ਕਰਾਂਗੇ ਕਿ ਦੰਗਿਆਂ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਬੁਲਾਇਆ ਜਾਵੇ। ਜ਼ਿਕਰਯੋਗ ਹੈ ਕਿ 1984 ‘ਚ ਹਿੰਦੋਸਤਾਨ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ‘ਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ, ਜਿਨ੍ਹਾਂ ਦੀ ਜਾਂਚ ਦਾ ਕੰਮ ਜਸਟਿਸ ਨਾਨਾਵਤੀ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਨਿਊਯਾਰਕ ਸਥਿਤ ਸੰਸਥਾ ਇਸ ਮਾਮਲੇ ‘ਚ ਸਿੱਖਾਂ ਦੇ ਕੇਸ ਲੜਨ ਵਾਲੇ ਐਡਵੋਕੇਟ ਐਚਐਸ ਫੂਲਕਾ, ਐਡਵੋਕੇਟ ਨਵਕਿਰਨ ਸਿੰਘ ਤੇ ਏਆਈਐਸਐਸਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਅਮਰੀਕੀ ਅਦਾਲਤ ਦਾ ਵਿਦੇਸ਼ੀ ਸਹਾਇਕ ਨਿਯੁਕਤ ਕਰਨ ਦੀ ਮੰਗ ਵੀ ਕਰੇਗੀ। ਪਨੂੰ ਨੇ ਦੱਸਿਆ ਕਿ ਨਿਊਯਾਰਕ ਦੀ ਅਦਾਲਤ ਇਸ ਮਾਮਲੇ ‘ਚ 15 ਮਾਰਚ ਨੂੰ ਸੁਣਵਾਈ ਕਰੇਗੀ।

Share

ਪਰਮਜੀਤ ਸਿੰਘ ਸਰਨਾ ਵਿਰੁਧ ਐਫ ਆਈ ਆਰ ਦਰਜ ਕਰਨ ਦੇ ਹੁਕਮ

paramjit singh sarna

paramjit singh sarna

ਨਵੀਂ ਦਿੱਲੀ, 19 ਫਰਵਰੀ (ਏਜੰਸੀ) : ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉਸ ਵੇਲੇ ਮੁਸ਼ਕਲ ਚ ਫਸ ਗਏ ਜਦੋਂ ਇਥੋਂ ਦੀ ਸਥਾਨਕ ਅਦਾਲਤ ਨੇ ਉਨ੍ਹਾਂ ਤੇ ਕੁੱਝ ਹੋਰਨਾਂ ਵਿਰੁਧ ਪੁਲਿਸ ਨੂੰ ਗੁਰਦਵਾਰੇ ਦੀ ਜ਼ਮੀਨ ਵੇਚਣ ਦੇ ਮਾਮਲੇ ਚ ਐਫ਼ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿਤੇ। ਸਾਕੇਤ ਕੋਰਟ ਦੀ ਜੱਜ ਸ੍ਰੀਮਤੀ ਪੂਰਵ ਸਰੀਨ ਨੇ ਬਾਲਾ ਸਾਹਿਬ ਹਸਪਤਾਲ ਮਾਮਲੇ ਵਿਚ ਦਿੱਲੀ ਕਮੇਟੀ ਤੇ ਸ਼ਿਕੰਜਾ ਕਸਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੋਰਟ ਵਿਚ ਪੇਸ਼ ਕੀਤੀ ਰਿਪੋਰਟ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰਦਵਾਰਾ ਬਾਲਾ ਸਾਹਿਬ ਹਸਪਤਾਲ ਵਾਲੀ ਜ਼ਮੀਨ ਨੂੰ ਦਿੱਲੀ ਵਿਕਾਸ ਅਥਾਰਟੀ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 200 ਬਿਸਤਰਿਆਂ ਵਾਲਾ ਚੈਰੀਟੇਬਲ ਹਸਪਤਾਲ ਬਣਾਉਣ ਲਈ ਦਿਤਾ ਸੀ ਜਿਸ ਨੂੰ ਦਿੱਲੀ ਕਮੇਟੀ ਪ੍ਰਧਾਨ ਨੇ ਨਿਰਮਾਣ ਦੀ ਸਥਿਤੀ ਵਿਚ ਹੀ ਗ਼ਲਤ ਤਰੀਕੇ ਨਾਲ ਟਰੱਸਟ ਬਣਾ ਕੇ ਮਨੀਪਾਲ ਗਰੁਪ ਨੂੰ ਵੇਚ ਦਿਤਾ ਸੀ। ਇਸ ਸਬੰਧੀ ਮਾਣਯੋਗ ਦਿੱਲੀ ਹਾਈ ਕੋਰਟ ਕੋਲ ਇਕ ਕਾਨੂੰਨੀ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਜਿਸ ਦੇ ਆਦੇਸ਼ ਤੇ ਦਿੱਲੀ ਵਿਕਾਸ ਅਥਾਰਟੀ ਨੇ ਸਰਵੇਖਣ ਕੀਤਾ ਅਤੇ ਜ਼ਮੀਨ ਨੂੰ ਮਨੀਪਾਲ ਹੈਲਥ ਸਿਸਟਮ ਤੋਂ ਵਾਪਸ ਲੈ ਕੇ ਗੁਰਦਵਾਰਾ ਕਮੇਟੀ ਨੂੰ ਸੌਂਪ ਦਿਤਾ। ਜੱਜ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਮੇਰੇ ਵਿਚਾਰ ਨਾਲ ਇਸ ਵਿਸ਼ੇ ਤੇ ਵਿਸਥਾਰਪੂਰਵਕ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਲਈ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਕਿਹਾ ਹੈ ਕਿ ਦੋਸ਼ੀ ਅਧਿਕਾਰੀਆਂ ਵਿਰੁਧ ਐਫ਼ ਆਈ ਆਰ ਦਰਜ ਕੀਤੀ ਜਾਵੇ ਅਤੇ ਇਸ ਦੀ ਰੀਪੋਰਟ 13 ਮਾਰਚ 2012 ਤਕ ਕੋਰਟ ਵਿਚ ਪੇਸ਼ ਕੀਤੀ ਜਾਵੇ।

Share

ਲਕਸ਼ਮੀ ਕਾਂਤਾ ਚਾਵਲਾ ਵੱਲੋਂ ਰੇਲਵੇ ਸਟੇਸ਼ਨ ’ਤੇ ਧਰਨਾ

Laxmikant Chawla

Laxmikant Chawla

ਅੰਮ੍ਰਿਤਸਰ, 19 ਫਰਵਰੀ (ਏਜੰਸੀ) : ਕੇਂਦਰੀ ਰੇਲ ਮੰਤਰਾਲਾ ਇਸ ਵੇਲੇ ਪੰਜਾਬ ਦੀ ਟਰਾਂਸਪੋਰਟ ਲੌਬੀ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਅੰਮ੍ਰਿਤਸਰ- ਚੰਡੀਗੜ੍ਹ ਵਿਚਾਲੇ ਚੱਲ ਰਹੀ ਦੁਰਾਂਤੋ ਰੇਲ ਗੱਡੀ ਨੂੰ ਬੰਦ ਕਰਨਾ ਚਾਹੁੰਦਾ ਹੈ। ਇਹ ਦੋਸ਼ ਅੱਜ ਇੱਥੇ ਪੰਜਾਬ ਦੀ ਸਮਾਜ ਭਲਾਈ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਲਾਏ। ਉਨ੍ਹਾਂ ਅੱਜ ਇੱਥੇ ਰੇਲਵੇ ਸਟੇਸ਼ਨ ’ਤੇ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਹੈ ਕਿ ਦੁਰਾਂਤੋ ਰੇਲ ਗੱਡੀ ਨੂੰ ਜਲੰਧਰ, ਲੁਧਿਆਣਾ ਅਤੇ ਮੁਹਾਲੀ ਸਮੇਤ ਹੋਰ ਰੇਲਵੇ ਸਟੇਸ਼ਨਾਂ ’ਤੇ ਰੋਕਿਆ ਜਾਵੇ। ਇਸ ਸਬੰਧ ਵਿੱਚ ਅੱਜ ਦੁਪਹਿਰ ਰੇਲਵੇ ਸਟੇਸ਼ਨ ਦੇ ਤਿੰਨ ਨੰਬਰ ਪਲੇਟਫਾਰਮ ’ਤੇ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਸਮਰਥਥਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਤਖ਼ਤੀਆਂ ਉਪਰ ਰੇਲ ਗੱਡੀ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਰੋਕਣ, ਇਸਦਾ ਸਮਾਂ ਬਦਲਣ, ਇਸ ਨੂੰ ਆਮ ਲੋਕਾਂ ਲਈ ਲਾਹੇਵੰਦ ਬਣਾਉਣ ਸਬੰਧੀ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚਾਵਲਾ ਨੇ ਆਖਿਆ ਕਿ ਅੰਮ੍ਰਿਤਸਰ-ਚੰਡੀਗੜ੍ਹ ਵਿਚਾਲੇ ਇਸ ਰੇਲ ਗੱਡੀ ਨੂੰ ਸ਼ੁਰੂ ਕਰਾਉਣ ਲਈ ਡੇਢ ਸਾਲ ਲੰਮੀਂ ਜੱਦੋ-ਜਹਿਦ ਕੀਤੀ ਗਈ ਹੈ ਪਰ ਇਸ ਰੇਲ ਗੱਡੀ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਜਲੰਧਰ, ਲੁਧਿਆਣਾ, ਮੁਹਾਲੀ ਆਦਿ ਕਿਸੇ ਵੀ ਸਟੇਸ਼ਨ ’ਤੇ ਨਹੀਂ ਰੁਕਦੀ ਅਤੇ ਇਨ੍ਹਾਂ ਥਾਵਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸ ਰੇਲ ਗੱਡੀ ਦਾ ਕੋਈ ਫਾਇਦਾ ਨਹੀਂ ਹੈ। ਇਸ ਵੇਲੇ ਇਸ ਰੇਲ ਗੱਡੀ ਨੂੰ ਤਕਨੀਕੀ ਕਾਰਨਾਂ ਕਰਕੇ ਸਿਰਫ ਸਰਹੰਦ ਵਿਖੇ ਹੀ ਰੋਕਿਆ ਜਾਂਦਾ ਹੈ ਪਰ ਉਥੋਂ ਕਿਸੇ ਵੀ ਯਾਤਰੂ ਨੂੰ ਇਸ ਗੱਡੀ ਵਿੱਚ ਸਵਾਰ ਹੋਣ ਦੀ ਆਗਿਆ ਨਹੀਂ ਹੈ।

ਇਸ ਰੇਲ ਗੱਡੀ ਨੂੰ ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਨਾ ਰੋਕੇ ਜਾਣ ਕਾਰਨ ਅਤੇ ਇਸਦੀ ਸਮਾਂ-ਸ਼ਾਰਣੀ ਠੀਕ ਨਾ ਹੋਣ ਕਾਰਨ ਇਹ ਘਾਟੇ ਵਿੱਚ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਰੇਲ ਗੱਡੀ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਰੋਕਿਆ ਜਾਵੇ, ਚੰਡੀਗੜ੍ਹ ਤੋਂ ਵਾਪਸੀ ਦਾ ਸਮਾਂ ਸ਼ਾਮ 7 ਵਜੇ ਦੀ ਥਾਂ 5 ਵਜੇ ਕੀਤਾ ਜਾਵੇ, ਇਸ ਦੀਆਂ ਟਿਕਟਾਂ ਹੋਰਨਾਂ ਰੇਲ ਗੱਡੀਆਂ ਵਾਂਗ ਹੀ ਦਿੱਤੀਆਂ ਜਾਣ, ਰੇਲ ਗੱਡੀ ਵਿੱਚ ਖਾਣਾ ਸਿਰਫ ਏ.ਸੀ. ਡੱਬਿਆਂ ਵਿੱਚ ਲਾਜ਼ਮੀ ਕੀਤਾ ਜਾਵੇ ਅਤੇ ਇਸਦੀ ਰਿਜ਼ਰਵੇਸ਼ਨ ਵੀ ਸਿਰਫ ਏ.ਸੀ. ਡੱਬਿਆਂ ਲਈ ਲਾਜ਼ਮੀ ਹੋਵੇ। ਉਨ੍ਹਾਂ ਇਸ ਵੇਲੇ ਚੱਲ ਰਹੀ ਦੋਰਾਂਤੋ ਰੇਲ ਗੱਡੀ ਨੂੰ ਲੋਕਾਂ ਦੀਆਂ ਅੱਖਾਂ  ਵਿੱਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਲੰਮੀਂ ਜਦੋ ਜਹਿਦ ਨਾਲ ਅਰੰਭ ਹੋਈ ਇਸ ਰੇਲ ਗੱਡੀ ਨੂੰ ਪੰਜਾਬ ਦੀ ਟਰਾਂਸਪੋਰਟ ਲੌਬੀ ਆਪਣੇ ਨਿੱਜੀ ਫ਼ਾਇਦੇ ਲਈ ਬੰਦ ਕਰਾਉਣਾ ਚਾਹੁੰਦੀ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਖ-ਵੱਖ ਸਟੇਸ਼ਨਾਂ ’ਤੇ ਇਸ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੇਲ ਗੱਡੀ ਨੂੰ ਤੁਰੰਤ ਆਮ ਲੋਕਾਂ ਲਈ ਲਾਹੇਵੰਦ ਬਣਾਇਆ ਜਾਵੇ ਅਤੇ ਜੇਕਰ ਲੋੜ ਮਹਿਸੂਸ ਹੋਵੇ ਤਾਂ ਇਸ ਦਾ ਨਾਂ ਬਦਲ ਦਿੱਤਾ ਜਾਵੇ। ਉਨ੍ਹਾਂ ਅਸ਼ੰਕਾ ਪ੍ਰਗਟਾਈ ਹੈ ਕਿ ਜੇਕਰ ਇਹ ਰੇਲ ਗੱਡੀ ਘਾਟੇ  ਵਿੱਚ ਚਲਦੀ ਰਹੀ ਤਾਂ ਇੱਕ ਦਿਨ ਇਸਨੂੰ ਬੰਦ ਕਰ ਦਿੱਤਾ ਜਾਵੇਗਾ।

ਇੱਥੇ ਦੱਸਣਯੋਗ ਹੈ ਕਿ ਦੁਰਾਂਤੋ ਰੇਲ ਗੱਡੀ ਨੂੰ ਭਾਵੇਂ ਕੇਂਦਰੀ ਰੇਲ ਮੰਤਰਾਲੇ ਨੇ 2009-10 ਦੇ ਰੇਲ ਬਜਟ ਵਿੱਚ ਪ੍ਰਵਾਨਗੀ ਦੇ ਦਿੱਤੀ ਸੀ ਪਰ ਇਸ ਰੇਲ ਗੱਡੀ ਨੂੰ 24 ਅਗਸਤ 2011 ਨੂੰ ਅਰੰਭ ਕੀਤਾ ਗਿਆ ਸੀ, ਜਿਸ ਵਿਚ 16 ਡੱਬੇ ਹਨ, ਜਿਨ੍ਹਾਂ ਵਿੱਚ ਦੋ ਏ.ਸੀ. ਚੇਅਰ ਕਾਰ ਡੱਬੇ ਵੀ ਸ਼ਾਮਲ ਹਨ। ਇਹ ਰੇਲ ਗੱਡੀ ਪਹਿਲਾਂ ਹਫਤੇ ਵਿੱਚ 5 ਦਿਨ ਚਲਦੀ ਸੀ ਪਰ ਹੁਣ ਇਸਨੂੰ ਹਫਤੇ ਵਿਚ 7 ਦਿਨ ਚਲਾਇਆ ਜਾ ਰਿਹਾ ਹੈ। ਰੇਲ ਗੱਡੀ ਵਿੱਚ ਯਾਤਰੂਆਂ ਦੀ ਘਾਟ ਹੋਣ ਕਾਰਨ ਇਸਦੇ ਪੰਜ ਡੱਬੇ ਵੀ ਘੱਟ ਕਰ ਦਿੱਤੇ ਗਏ ਹਨ। ਇਹ ਰੇਲ ਗੱਡੀ ਰੋਜ਼ ਸਵੇਰੇ ਅੰਮ੍ਰਿਤਸਰ ਤੋਂ 5.25 ਵਜੇ ਰਵਾਨਾ ਹੁੰਦੀ ਹੈ ਅਤੇ 9.30 ਚੰਡੀਗੜ੍ਹ ਪੁੱਜਦੀ ਹੈ। ਸ਼ਾਮ ਨੂੰ 7 ਵਜੇ ਚੰਡੀਗੜ੍ਹ ਤੋਂ ਰਵਾਨਾ ਹੋ ਕੇ 11.15 ਵਜੇ ਅੰਮ੍ਰਿਤਸਰ ਪੁੱਜਦੀ ਹੈ।

Share

ਸ਼੍ਰੋਮਣੀ ਕਮੇਟੀ ਨੂੰ ਰਾਹਤ, ਸਹਿਜਧਾਰੀ ਫੈਡਰੇਸ਼ਨ ਨੂੰ ਝਟਕਾ

ਅੰਮ੍ਰਿਤਸਰ, 18 ਫਰਵਰੀ (ਏਜੰਸੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਹੋਈਆਂ ਚੋਣਾਂ ਦੇ ਬਾਅਦ ਸਹਿਜਧਾਰੀ ਸਿੱਖਾਂ ਦੇ ਮਾਮਲੇ ‘ਤੇ ਆਏ ਫੈਸਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਖੜੋਤ ਪੈਦਾ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸਕੱਤਰ ਵਲੋਂ ਸੁਪਰੀਮ ਕੋਰਟ ‘ਚ ਪਾਈ ਗਈ ਇਕ ਪਟੀਸ਼ਨ ‘ਤੇ ਅੱਜ ਦਿੱਤੇ ਗਏ ਫੈਸਲੇ ਨੇ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਉਦੋਂ ਤਕ ਇਕ ਵੱਡੀ ਰਾਹਤ ਦੇ ਦਿੱਤੀ ਹੈ, ਜਦੋਂ ਤਕ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਇਸ ਮਾਮਲੇ ‘ਚ ਨਹੀਂ ਆ ਜਾਂਦਾ।

ਇਸ ਨਾਲ ਸਹਿਜਧਾਰੀ ਸਿੱਖ ਪਾਰਟੀ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਨੇ ਇਕ ਰਿਟ ਪਟੀਸ਼ਨ ਦਾਇਰ ਕਰਕੇ ਹਾਲ ‘ਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਰੱਦ ਕਰਕੇ ਰਿਸੀਵਰ ਲਗਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਲੋਂ ਸੁਪਰੀਮ ਕੋਰਟ ‘ਚ ਇਕ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨਾਲ ਜਿੱਥੇ ਨਵੇਂ ਹਾਊਸ ਨੂੰ ਆਪਣਾ ਕੰਮ ਆਮ ਵਾਂਗ ਜਾਰੀ ਰੱਖਣ ਦੀ ਪ੍ਰਵਾਨਗੀ ਮਿਲ ਗਈ ਹੈ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ, 11 ਮੈਂਬਰੀ ਐਗਜ਼ੈਕਟਿਵ ਕਮੇਟੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਦਾ ਰਸਤਾ ਵੀ ਖੁੱਲ੍ਹ ਗਿਆ ਹੈ।

18 ਸਤੰਬਰ ਨੂੰ ਸੰਪੰਨ ਹੋਈਆਂ ਚੋਣਾਂ ਤੋਂ ਬਾਅਦ 5 ਦਸੰਬਰ ਨੂੰ ਹਾਊਸ ਮੁਕੰਮਲ ਹੋ ਗਿਆ ਸੀ ਪਰ ਕੇਂਦਰ ਸਰਕਾਰ ਵਲੋਂ ਜਥੇਬੰਦਕ ਚੋਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਕੀਤਾ ਗਿਆ, ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਪਹਿਲੀ ਵਾਰ ਇਕ ਭੰਬਲਭੂਸਾ ਹੀ ਪੈਦਾ ਨਹੀਂ ਸੀ ਹੋਇਆ, ਸਗੋਂ ਕਮੇਟੀ ਦੇ ਕੰਮਾਂ ‘ਤੇ ਵੱਡਾ ਅਸਰ ਪੈ ਰਿਹਾ ਸੀ। ਅੱਜ ਦੇ ਫੈਸਲੇ ਨਾਲ ਐੱਸ. ਜੀ. ਪੀ. ਸੀ. ਨੂੰ ਆਪਣਾ ਕੰਮ ਸੁਚਾਰੂ ਢੰਗ ਨਾਲ ਕਰਨ ਦੀ ਇਜਾਜ਼ਤ ਮਿਲ ਗਈ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਆਗਾਮੀ ਬਜਟ ਵੀ ਪੇਸ਼ ਕੀਤਾ ਜਾਵੇਗਾ। ਸਹਿਜਧਾਰੀ ਫੈਡਰੇਸ਼ਨ ਵਲੋਂ ਹਾਲ ਹੀ ਵਿਚ ਹੋਈਆਂ ਚੋਣਾਂ ‘ਤੇ ਰੋਕ ਲਾਉਣ ਅਤੇ ਰਿਸੀਵਰ ਨਿਯੁਕਤ ਕਰਨ ਦੀ ਮੰਗ ਨੂੰ ਸੁਪਰੀਮ ਕੋਰਟ ਵਲੋਂ ਦਰਕਿਨਾਰ ਕਰ ਦਿੱਤੇ ਜਾਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਸਵਾਗਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਅਤ ਸਾਫ ਨਾ ਹੋਣ ਕਾਰਨ ਜਾਣਬੁੱਝ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੇਂਦਰ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਦਾ ਰਾਹ ਪੱਧਰਾ ਕਰਨਾ ਚਾਹੁੰਦੀਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਜਿਨ੍ਹਾਂ ਵਲੋਂ ਰਿਟ ਪਟੀਸ਼ਨ ਪਾਈ ਗਈ ਸੀ, ਨੇ ਕਿਹਾ ਹੈ ਕਿ ਇਸ ਆਰਜ਼ੀ ਫੈਸਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਨ੍ਹਾਂ ਲੋਕਾਂ ਲਈ ਇਕ ਕਰਾਰਾ ਝਟਕਾ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣਾਉਣੀ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਉਹ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਨਗੇ ਕਿ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਜਨਰਲ ਇਜਲਾਸ ਬੁਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ‘ਤੇ ਪੈ ਰਹੇ ਬੁਰੇ ਅਸਰ ਨੂੰ ਠੱਲ੍ਹ ਪੈ ਸਕੇ।   ਸੁਪਰੀਮ ਕੋਰਟ ਵਲੋਂ ਦਿੱਤੇ ਗਏ ਇਸ ਫੈਸਲੇ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, 11 ਮੈਂਬਰੀ ਐਗਜ਼ੈਕਟਿਵ ਕਮੇਟੀ ਤੇ ਹੋਰ ਅਹੁਦੇਦਾਰਾਂ ਦੇ ਹੋਣ ਵਾਲੇ ਚੋਣ ਇਜਲਾਸ ‘ਤੇ ਨਜ਼ਰਾਂ ਟਿਕਣ ਜਾ ਰਹੀਆਂ ਹਨ, ਜਿਸ ਦੇ ਬਾਅਦ 31 ਮਾਰਚ ਤੋਂ ਪਹਿਲਾਂ-ਪਹਿਲਾਂ ਬਜਟ ਇਜਲਾਸ ਵੀ ਬੁਲਾ ਲਿਆ ਜਾਣਾ ਹੈ।

ਪ੍ਰਧਾਨਗੀ ਦੀ ਦੌੜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹੀ ਸਭ ਤੋਂ ਅੱਗੇ ਸਮਝੇ ਜਾ ਰਹੇ ਹਨ, ਜਦਕਿ ਕੁਝ ਹੋਰ ਨਾਵਾਂ ‘ਤੇ ਵੀ ਚਰਚਾ ਛਿੜ ਪਈ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 185 ਮੈਂਬਰਾਂ ਦੇ ਹਾਊਸ ‘ਚ 170 ਮੈਂਬਰ ਸਿੱਧੇ ਲੋਕਾਂ ਰਾਹੀਂ ਚੁਣੇ ਜਾਂਦੇ ਹਨ ਜਿਨ੍ਹਾਂ ਵਿਚੋਂ ਅੱਗੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਮੈਂਬਰੀ ਐਗਜ਼ੈਕਟਿਵ ਕਮੇਟੀ ਦੀ ਚੋਣ ਹੁੰਦੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਦੇ ਹਨ। ਇਹ ਕਮੇਟੀ ਅਗਲੇ ਫੈਸਲੇ ਲੈਣ ਦੇ ਸਮਰੱਥ ਹੁੰਦੀ ਹੈ।

Share

ਰਿਹਾਅ ਨਹੀਂ ਹੋਵੇਗਾ 1984 ਦੰਗਿਆਂ ਦਾ ਦੋਸ਼ੀ ਕਿਸ਼ੋਰੀ ਲਾਲ

ਨਵੀਂ ਦਿੱਲੀ, 16 ਫਰਵਰੀ (ਏਜੰਸੀ) : 1984 ਦੰਗਿਆਂ ਦੌਰਾਨ ਸੱਤ ਮਾਮਲਿਆਂ ‘ਚ ਹੇਠਲੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਪਾਉਣ ਵਾਲੇ ਕਿਸ਼ੋਰੀ ਲਾਲ ਨੂੰ ਦਿੱਲੀ ਸਰਕਾਰ ਨੇ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ। ਸਰਕਾਰ ਦੀ ਇਸ ਸਿਫਾਰਸ਼ ‘ਤੇ ਦਿੱਲੀ ਦੇ ਉਪ ਰਾਜਪਾਲ ਨੇ ਅਸਹਿਮਤੀ ਜਤਾਈ ਹੈ। ਉਪ ਰਾਜਪਾਲ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਮਾਮਲੇ ‘ਚ ਦੁਬਾਰਾ ਵਿਚਾਰ ਕਰਨ ਕਿਉਂਕਿ ਮਾਮਲਾ ਸਿੱਖਾਂ ਦੀਆਂ ਭਾਵਨਾਵਾ ਨਾਲ ਜੁੜਿਆ ਹੈ। 1984 ਦੇ ਦਿੱਲੀ ਦੰਗੇ ਕਾਂਗਰਸ ਦਾ ਪਿੱਛਾ ਛੱਡਣ ਦਾ ਨਾਂ ਹੀ ਨਹੀਂ ਲੈ ਰਹੇ। ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਨੂੰ ਲੈ ਕੇ ਜਿੱਥੇ ਕਾਂਗਰਸ ਤੋਂ ਹਰ ਮੰਚ ‘ਤੇ ਸਵਾਲ ਕੀਤੇ ਜਾਂਦੇ ਹਨ, ਉਧਰ ਹੁਣ ਦੰਗਿਆਂ ਦਾ ਇਹ ਜਿੰਨ ਸ਼ੀਲਾ ਸਰਕਾਰ ਦੇ ਪਿੱਛੇ ਪੈ ਗਿਆ ਹੈ।

ਅਸਲ ‘ਚ ਦਿੱਲੀ ਸਰਕਾਰ ਨੇ ਪਿਛਲੇ ਦਿਨੀਂ ਉਪ ਰਾਜਪਾਲ ਤਜਿੰਦਰ ਖੰਨਾ ਨੂੰ ਸਿਫਾਰਸ਼ ਕੀਤੀ ਸੀ ਕਿ ਦੰਗਾ ਮਾਮਲੇ ‘ਚ ਫਾਂਸੀ ਦੀ ਸਜ਼ਾ ਹਾਸਲ ਕਿਸ਼ੋਰੀ ਲਾਲ ਨੂੰ ਰਿਹਾਅ ਕੀਤਾ ਜਾਏ। ਇਸ ਲਈ ਕੈਦੀ ਦੇ ਬੇਹਤਰ ਚਾਲ-ਚਲਨ ਦਾ ਹਵਾਲਾ ਦਿੱਤਾ ਗਿਆ ਸੀ। ਪਰ ਸਰਕਾਰ ਦੇ ਇਸ ਕਦਮ ਨਾਲ ਸਿੱਖ ਸੰਗਠਨਾਂ ‘ਚ ਖਲਬਲੀ ਮਚ ਗਈ। ਪਰ ਦਿੱਲੀ ਸਰਕਾਰ ਦੀ ਸਿਫਾਰਸ਼ ਨੂੰ ਉਪ ਰਾਜਪਾਲ ਤਜਿੰਦਰ ਖੰਨਾ ਨੇ ਵਾਪਸ ਭੇਜ ਦਿੱਤਾ ਹੈ। ਕਿਹਾ ਗਿਆ ਹੈ ਕਿ ਇਹ ਮਾਮਲਾ ਸਿੱਖ ਸਮੁਦਾਏ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ ਇਸ ਲਈ ਰਾਜਪਾਲ ਨੇ ਸਰਕਾਰ ਦੀ ਸਿਫਾਰਸ਼ ਵਾਪਸ ਭੇਜ ਦਿੱਤੀ ਅਤੇ ਦੁਬਾਰਾ ਰਿਵਿਊ ਕਰਨ ਨੂੰ ਕਿਹਾ ਹੈ। ਸਿਫਾਰਸ਼ ਵਾਪਸ ਜਾਣ ਦੇ ਉਪ ਰਾਜਪਾਲ ਦੇ ਫੈਸਲੇ ਨਾਲ ਸਰਕਾਰ ਮੁਸ਼ਕਿਲ ‘ਚ ਆ ਗਈ ਹੈ। ਸ਼ੀਲਾ ਦੀਕਸ਼ਿਤ ਤੋਂ ਪੁੱਛਣ ‘ਤੇ ਉਹ ਇਸ ਸਵਾਲ ਨੂੰ ਕੰਨੀ ਕੱਟ ਗਈ।

Share

ਢਾਈ ਕਰੋੜ ਦੀ ਜਮੀਨ ਤੇ ਸੀ ਭੂ-ਮਾਫੀਆ ਦੀ ਨਜਰ, ਜਾਅਲੀ ਦਸਤਾਵੇਜ਼ ਅਤੇ ਜਮੀਨ ਵੇਚਣ ਦੀ ਕੀਤੀ ਤਿਆਰੀ

ਜਮੀਨ ਮਾਲਕ ਨੇ ਦਿੱਤੀ ਐਸ.ਐਸ.ਪੀ ਨੂੰ ਸ਼ਿਕਾਇਤ, ਜਾਂਚ ਤੋਂ ਬਾਅਦ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਢਾਈ ਕਰੋੜ ਦੇ ਕਰੀਬ ਮੁੱਲ ਦੀ 23 ਏਕੜ ਜਮੀਨ ਦੇ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਵੇਚਣ ਦੀ ਕੋਸ਼ਿਸ਼ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਗੋਪਾਲ ਸਿੰਘ ਨਿਵਾਸੀ ਪਿੰਡ ਮੰਦਰ ਦੀ ਪਿੰਡ ਵਿਚ ਹੀ 23 ਏਕੜ ਜਮੀਨ ਹੈ ਇਸ ਜਮੀਨ ਦਾ ਮੁੱਲ ਢਾਈ ਕਰੋੜ ਦੇ ਕਰੀਬ ਹੈ। ਇਸ ਜਮੀਨ ’ਤੇ ਭੂ-ਮਾਫੀਆ ਨਾਲ ਜੁੜੇ ਕੁਝ ਲੋਕਾਂ ਦੀ ਨਜਰ ਸੀ। ਜਿਸ ’ਤੇ ਚੱਲਦੇ ਕੁਲਵੰਤ ਸਿੰਘ ਨਿਵਾਸੀ ਪਿੰਡ ਦੌਲੇਵਾਲਾ, ਜੋਗਿੰਦਰ ਸਿੰਘ ਵਾਸੀ ਝੰਡਾ ਬੱਗਾ ਜਿਲ੍ਹਾ ਫਿਰੋਜਪੁਰ, ਅਮਰਜੀਤ ਸਿੰਘ ਪਿੰਡ ਕਾਲੀਏਵਾਲਾ ਕਰਮੂਕਾ ਜਿਲਾ ਫਿਰੋਜਪੁਰ, ਗੁਰਜੰਟ ਸਿੰਘ ਵਾਸੀ ਗੋਗੀਆਣਾ ਜਿਲ੍ਹਾ ਫਿਰੋਜਪੁਰ ਅਤੇ ਪ੍ਰੋਪਰਟੀ ਡੀਲਰ ਪਿੰਦਰ ਸਿੰਘ ਨਿਵਾਸੀ ਪਿੰਡ ਕਾਲੇਕੇ ਨੇ ਸਾਜਿਸ਼ ਤਹਿਤ ਮਿਲ ਕੇ ਜਮੀਨ ’ਤੇ ਕਬਜਾ ਕਰਨ ਅਤੇ ਉਸ ਨੂੰ ਅੱਗੇ ਵੇਚਣ ਦੀ ਸਾਜਿਸ਼ ਰੱਚੀ ਇਸ ਸਾਜਿਸ਼ ਦੇ ਤਹਿਤ ਕਥਿਤ ਦੋਸ਼ੀਆਂ ਨੇ ਜਮੀਨ ਮਾਲਕ ਗੁਰਮੇਜ ਸਿੰਘ ਅਤੇ ਜਰਨੈਲ ਸਿੰਘ ਦੇ ਰਾਸ਼ਨ ਕਾਰਡ ਹਾਸਲ ਕਰਕੇ ਉਨ੍ਹਾਂ ’ਤੇ ਆਪਣੀ ਫੋਟੋ ਲਗਾ ਲਈ ਅਤੇ ਇਸ ਦੌਰਾਨ ਜਮੀਨ ਦੀ ਜਾਅਲੀ ਫਰਦ ਤਿਆਰ ਕਰਵਾ ਲਈ ਅਤੇ ਇਸ ਜਮੀਨ ਨੂੰ ਅੱਗੇ ਵੇਚਣ ਦੀ ਤਿਆਰੀ ਕਰ ਲਈ। ਜਦ ਇਸ ਸਬੰਧੀ ਜਮੀਨ ਦੇ ਅਸਲ ਮਾਲਕਾਂ ਨੂੰ ਪਤਾ ਚੱਲੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਜਿਲ੍ਹੇ ਦੇ ਐਸ. ਐਸ. ਪੀ. ਨੂੰ ਕੀਤੀ ਤਾਂ ਐਸ.ਐਸ.ਪੀ ਵੱਲੋਂ ਕਰਵਾੲਂੀ ਜਾਂਚ ਤੋਂ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

Share

ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਨੂੰ ਲੈ ਕੇ ਝਗੜਾ ਇਕ ਜ਼ਖ਼ਮੀ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਪਿੰਡ ਘੋਲੀਆ ਕਲਾ ਵਿਖੇ ਬਣੀ ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਤੋਂ ਲੈ ਕੇ ਹੋਏ ਝਗੜੇ ਵਿਚ ਤਿੰਨ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਮਾਰਕੁੱਟ ਕਰਕੇ ਜਖਮੀ ਕਰ ਦਿੱਤਾ। ਥਾਣਾ ਬਾਘਾਪੁਰਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਬਾਘਾ ਪੁਰਾਣਾ ਦੇ ਏ. ਐਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ ਨਿਵਾਸੀ ਘੋਲੀਆ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿੰਡ ਵਿਚ ਇਕ ਡੇਰਾ ਬਾਬਾ ਸਰਵੰਗੀ ’ਤੇ ਸ਼ਰਾਬ ਚੜ੍ਹਦੀ ਹੈ। ਬੀਤੀ 8 ਫਰਵਰੀ ਨੂੰ ਡੇਰੇ ਸ਼ਰਾਬ ਨੂੰ ਲੈ ਕੇ ਪਿੰਡ ਦੇ ਹੀ ਗੁਰਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਨੂੰ ਜਖਮੀ ਹਾਲਤ ਵਿਚ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਬਾਘਾਪੁਰਾਣਾ ਪੁਲਿਸ ਨੇ ਜ਼ਖ਼ਮੀ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ।

Share

ਜਵੈਲਰ ਨੂੰ ਨਕਲੀ ਸੋਨੇ ਦਾ ਕੜਾ ਦੇ ਕੇ 80 ਹਜਾਰ ਠੱਗੇ, ਮਾਮਲਾ ਦਰਜ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਘਰ ਵਿੱਚ ਨਗਦੀ ਦੀ ਜਰੂਰਤ ਦੱਸ ਕੇ ਜਵੈਲਰ ਕੋਲ ਨਕਲੀ ਸੋਨੇ ਦਾ ਕੜਾ ਗਿਰਵੀ ਰੱਖ ਕੇ 80 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਕੋਟਕਪੂਰਾ ਰੋਡ ਬਾਘਾਪੁਰਾਣਾ ਨੇ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਉਹ ਜਵੈਲਰਜ਼ ਦੀ ਦੁਕਾਨ ਕਰਦਾ ਹੈ। ਉਸ ਦੀ ਪਹਿਚਾਣ ਵਾਲਾ ਇਕ ਵਿਅਕਤੀ ਗੁਰਜੰਟ ਸਿੰਘ ਵਾਸੀ ਚੜਿੱਕ 19 ਜਨਵਰੀ 12 ਨੂੰ ਉਸ ਕੋਲ ਆਇਆ ਅਤੇ ਘਰ ਵਿੱਚ ਪੈਸਿਆਂ ਦੀ ਜਰੂਰਤ ਦੱਸ ਕਿ ਉਸ ਨੇ ਆਪਣਾ ਕਰੀਬ ਚਾਰ ਤੋਲੇ ਸੋਨੇ ਦਾ ਕੜਾ ਗਿਰਵੀ ਰੱਖ ਕੇ ਪੈਸਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਹ ਰਕਮ ਵਾਪਸ ਕਰਕੇ ਕੜਾ ਵਾਪਸ ਲੈ ਜਾਵੇਗਾ।

ਜਵੈਲਰ ਨੇ ਕੜੇ ਤੇ ਗੁਣਵੱਤਾ ਦੀ ਮੋਹਰ ਲੱਗੀ ਹੋਣ ਕਰਕੇ ਜਿਆਦਾ ਪਰਖ ਨਹੀਂ ਕੀਤੀ ਅਤੇ ਕੜਾ ਗਿਰਵੀ ਰੱਖ ਕੇ ਉਕਤ ਵਿਅਕਤੀ ਨੂੰ 80 ਹਜਾਰ ਰੁਪਏ ਦੇ ਦਿੱਤੇ। ਕੁਝ ਸਮੇਂ ਬਾਅਦ ਜਦੋਂ ਉਸ ਨੇ ਕੜੇ ਦੀ ਜਾਂਚ-ਪੜ੍ਹਤਾਲ ਕਰਵਾਈ ਤਾਂ ਖੁਲਾਸਾ ਹੋਇਆ ਕਿ ਚਾਂਦੀ ਦੇ ਕੜੇ ਉਪਰ ਸੋਨੇ ਦਾ ਪਾਣੀ ਚੜਾ ਕੇ ਉਪਰ ਕੇ.ਡੀ.ਐਮ. ਦੀ ਮਾਰਕਾ (ਮੋਹਰ) ਲਗਾਈ ਗਈ ਹੈ। ਇਸ ਤਰ੍ਹਾਂ ਉਕਤ ਵਿਅਕਤੀ ਨੇ ਉਸ ਨਾਲ ਧੋਖਾਧੜੀ ਕਰਕੇ ਠੱਗੀ ਮਾਰੀ ਹੈ। ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਉਕਤ ਮਾਮਲੇ ਦੀ ਜਾਂਚ ਕਰਨ ਉਪਰੰਤ ਮਨਦੀਪ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਗੁਰਜੰਟ ਸਿੰਘ ਖਿਲਾਫ ਅ/ਧ 420 ਆਈ. ਪੀ.ਸੀ. ਐਕਟ ਤਹਿਤ ਥਾਣਾ ਬਾਘਾਪੁਰਾਣਾ ਵਿੱਚ ਮਾਮਲਾ ਦਰਜ ਕਰ ਲਿਆ ਹੈ।

Share
« 1 2 3 4 5 6 7 8 9 10 11 12 ... 95 96 »
Poll