ਪਾਕਿਸਤਾਨ ‘ਚ ਮੁੰਬਈ ਹਮਲਿਆਂ ਦੀ ਸੁਣਵਾਈ ਮੁਲਤਵੀ
ਇਸਲਾਮਾਬਾਦ, 17 ਅਪ੍ਰੈਲ : ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਜੱਜ ਦੇ ਛੁੱਟੀ ‘ਤੇ ਜਾਣ ਦੇ ਚਲਦਿਆਂ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਲਈ ਦੋਸ਼ੀ ਲ਼ਸਕਰ ਏ ਤੋਇਬਾ ਦੇ ਮੁਖੀ ਜ਼ਕੀ ਉਰ ਰਹਿਮਾਨ ਲਖਵੀ ਅਤੇ ਛੇ ਹੋਰਨਾਂ ਦੇ ਮਾਮਲੇ ਦੀ ਸੁਣਵਾਈ ਅੱਜ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ। ਬਚਾਅ ਪੱਖ ਦੇ ਦੋ ਵਕੀਲਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਅੰਦਰ ਤੋਂ ਮਾਮਲੇ ਦੀ ਸੁਣਵਾਈ ਕਰਦੀ ਅਤਿਵਾਦੀ ਵਿਰੋਧੀ ਅਦਾਲਤ ਦੇ ਜੱਜ ਮਲਿਕ ਮੁਹੰਮਦ ਅਕਰਮ ਅਵਾਨ ਛੁੱਟੀ ‘ਤੇ ਹਨ। ਵਕੀਲਾਂ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ 24 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਹ ਸਪਸ਼ਟ ਨਹੀਂ ਹੈ ਕਿ ਅਵਾਨ ਕਿਹੜੇ ਕਾਰਨਾਂ ਕਰਕੇ ਛੁੱਟੀ ‘ਤੇ ਹਨ। ਮੁੰਬਈ ਹਮਲੇ ਦੇ 7 ਸ਼ੱਕੀਆਂ ਖਿਲਾਫ਼ ਸੁਣਵਾਈ ਤਕਰੀਬਨ ਇਕ ਸਾਲ ਪਹਿਲਾਂ ਸ਼ੁਰੂ ਹੋਈ ਸੀ, ਪਰ ਹਾਲ ਦੇ ਕੁੱਝ ਮਹੀਨਿਆਂ ਦੌਰਾਨ ਵਿਵਾਦਾਂ ਦਾ ਸ਼ਿਕਾਰ ਰਹੀ ਹੈ।
ਅਸੀਂ ਨਹੀਂ ਡਬੋਇਆ ਸਮੁੰਦਰੀ ਜਹਾਜ : ਉ.ਕੋਰੀਆ
ਉੱਤਰ ਕੋਰੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਪਿਛਲੇ ਮਹੀਨੇ ਵਿਵਾਦਿਤ ਸਮੁੰਦਰੀ ਸੀਮਾ ਦੇ ਕੋਲ ਦੱਖਣੀ ਕੋਰੀਆ ਦਾ ਇੱਕ ਸਮੁੰਦਰੀ ਜਹਾਜ ਡਬੋਇਆ ਹੈ। ਦੱਖਣੀ ਕੋਰੀਆ ਵਿੱਚ ਇਸ ਗੱਲ ਨੂੰ ਲੈਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਉੱਤਰ ਕੋਰੀਆ ਦੁਆਰਾ ਦਾਗੇ ਗਏ ਟਾਰਪੀਡੋ ਲੱਗਣ ਦੇ ਕਾਰਣ ਦੱਖਣੀ ਕੋਰੀਆਈ ਸਮੁੰਦਰੀ ਜਹਾਜ ਡੁੱਬ ਗਿਆ ਸੀ, ਜਿਸ ਨਾਲ ਉਸ ਉੱਤੇ ਸਵਾਰ 46 ਨਾਗਰਿਕ ਮਾਰੇ ਗਏ ਸਨ। ਇਸਦੇ ਸਬੰਧ ਵਿੱਚ ਇਹ ਵੀ ਆਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸਦੇ ਨਾਲ ਦੋਵਾਂ ਕੱਟੜ ਵਿਰੋਧੀ ਦੇਸ਼ਾਂ ਵਿਚਕਾਰ ਸੰਘਰਸ਼ ਭੜ੍ਹਕ ਸਕਦਾ ਹੈ। ਉੱਤਰੀ ਕੋਰੀਆਈ ਨਿਊਜ਼ ਏਜੰਸੀ ਕੇਸੀਐੱਨਏ ਨੇ ਦੱਖਣੀ ਕੋਰੀਆ ਦੀ ਕੰਜਰਵੇਟਿਵ ਸਰਕਾਰ ਉੱਤੇ ਆਰੋਪ ਲਗਾਇਆ ਹੈ ਕਿ ਉਹ ਆਉਂਦੇ ਜੂਨ ਮਹੀਨੇ ਵਿੱਚ ਹੋਣ ਵਾਲੀਆਂ ਸਥਾਨਕ ਚੋਣਾਂ ਵਿੱਚ ਫਾਇਦੇ ਦੇ ਲਈ ਆਪਣੇ ਗੁਆਂਢੀ ਦੇਸ਼ ਉੱਤੇ ਆਪਣਾ ਸਮੁੰਦਰੀ ਜਹਾਜ ਡੁਬਾਉਣ ਦਾ ਆਰੋਪ ਲਗਾ ਰਹੇ ਹਨ।
ਭਾਰਤ ਉੱਤੇ ਹੋ ਸਕਦਾ ਹੈ ਹਮਲਾ : ਅਮਰੀਕਾ
ਦੇਸ਼ ਵਿੱਚ ਅੱਤਵਾਦੀ ਗੁੱਟਾਂ ਦੇ ਹਮਲੇ ਦੀ ਯੋਜਨਾ ਬਾਰੇ ਵਿੱਚ ਚਿਤਾਵਨੀ ਦਿੰਦਿਆਂ ਅਮਰੀਕਾ ਨੇ ਆਪਣੀ ਨਵੀਂ ਸਲਾਹ ਵਿੱਚ ਦੱਖਣੀ ਏਸ਼ੀਆਈ ਦੇਸ਼ ਵਿੱਚ ਠਹਿਰਾਅ ਦੇ ਦੌਰਾਨ ਆਪਣੇ ਨਾਗਰਿਕਾਂ ਨੂੰ ਚੌਕਸੀ ਵਰਤਣ ਲਈ ਕਿਹਾ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਵਿਦੇਸ਼ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਅਮਰੀਕੀ ਸਰਕਾਰ ਨੂੰ ਨਿਰੰਤਰ ਸੂਚਨਾ ਮਿਲ ਰਹੀ ਹੈ ਕਿ ਅੱਤਵਾਦੀ ਸਮੂਹ ਯੋਜਨਾ ਬਣਾ ਰਹੇ ਹਨ ਅਤੇ ਉਹ ਭਾਰਤ ਵਿੱਚ ਫਿਰ ਤੋਂ ਹਮਲੇ ਕਰ ਸਕਦੇ ਹਨ।
ਅਮਰੀਕੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਫਰਵਰੀ 2010 ਵਿੱਚ ਪੁਣੇ ਵਿਖੇ ਬੰਬ ਹਮਲੇ ਅਤੇ ਨਵੰਬਰ 2008 ਵਿੱਚ ਮੁੰਬਈ ਉੱਤੇ ਹੋਏ ਹਮਲੇ ਯਾਦ ਦੁਆਉਂਦੇ ਹਨ ਕਿ ਭਾਰਤ ਵਿੱਚ ਹੋਟਲਾਂ, ਬਾਜਾਰਾਂ, ਟਰੇਨਾਂ ਅਤੇ ਹੋਰਨਾਂ ਸਰਵਜਨਕ ਸਥਾਨਾਂ ਨੂੰ ਅੱਤਵਾਦੀ ਸਮੂਹ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ।
ਸੰਕਟ ਦਾ ਸਮਾਂ ਲੰਘ ਗਿਆ ਹੈ-ਮਨਮੋਹਨ ਸਿੰਘ

PM Manmohan Singh
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੱਲ੍ਹ ਦੂਸਰੇ ‘ਭਾਰਤ-ਬ੍ਰਾਜ਼ੀਲ-ਦੱਖਣੀ ਅਫ਼ਰੀਕਾ’ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਵਿਸ਼ਵ ਭਰ ਵਿਚ ਚੱਲ ਰਹੇ ਮੰਦਵਾੜੇ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਗਈ ਹੈ ਤੇ ਜ਼ਿਆਦਾ ਸੰਕਟ ਵਾਲਾ ਸਮਾਂ ਹੁਣ ਲੰਘ ਗਿਆ ਹੈ। ਇਸ ਲਈ ਮੁਢਲੇ ਢਾਂਚੇ ਵਿਚ ਤੁਰੰਤ ਨਿਵੇਸ਼ ਵਧਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਵਿਕਾਸ ਦੇ ਨਵੇਂ ਸੋਮਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਹੁਣ ਸਮਾਂ ਹੈ ਕਿ ਸਾਰੇ ਵਿਕਾਸਸ਼ੀਲ ਦੇਸ਼ਾਂ ਨੂੰ ਸੁਰੱਖਿਆਵਾਦੀ ਨੀਤੀਆਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਥੋੜ੍ਹੇ ਸਮੇਂ ਲਈ ਮਾਅਨੇ ਰੱਖਦੀਆਂ ਹਨ ਅਤੇ ਸਮੇਂ ਦੇ ਨਾਲ ਆਪੇ ਹੀ ਖ਼ਤਮ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਸਿਖ਼ਰ ਸੰਮੇਲਨ ਅਜਿਹੇ ਮੁੱਦਿਆਂ ਨੂੰ ਵਿਸ਼ਵ ਏਜੰਡੇ ‘ਤੇ ਲਿਆ ਸਕਦਾ ਹੈ ਤੇ ਇਸ ਲਈ ਸਾਨੂੰ ਸਮੂਹਿਕ ਹੰਭਲੇ ਮਾਰਨੇ ਚਾਹੀਦੇ ਹਨ। ਇਸ ਸਿਖ਼ਰ ਸੰਮੇਲਨ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੂਮਾ ਵੀ ਹਾਜ਼ਰ ਸਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਚੀਨ ਦੇ ਰਾਸ਼ਟਰਪਤੀ ਹੂ ਜਿਨਤਾਓ ਨੇ ਅੱਜ 45 ਮਿੰਟ ਲੰਬੀ ਮੀਟਿੰਗ ਤੋਂ ਬਾਅਦ ਸਾਂਝੇ ਬਿਆਨ ਵਿਚ ਵਪਾਰਕ ਤੇ ਆਰਥਿਕ ਦੁਵੱਲੇ ਮਜ਼ਬੂਤ ਸੰਬੰਧਾਂ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ। ਦੋਵੇਂ ਆਗੂਆਂ ਨੇ ਕਿਹਾ ਕਿ ਅਸਲ ਵਿਚ ਭਾਰਤ ਤੇ ਚੀਨ ਕੋਈ ਮੁਕਾਬਲੇਬਾਜ਼ ਨਹੀਂ, ਸਗੋਂ ਹਿੱਸੇਦਾਰ ਹਨ।
2010 ਵਿਚ ਭਾਰਤ ਤੇ ਚੀਨ ਦੇ ਕੂਟਨੀਤਕ ਸੰਬੰਧਾਂ ਦੇ 60 ਵਰ੍ਹੇ ਪੂਰੇ ਹੋਣ ‘ਤੇ ਇਸ ਸਾਲ ਨੂੰ ਅਹਿਮ ਕਰਾਰ ਦਿੰਦਿਆਂ ਦੋਵਾਂ ਆਗੂਆਂ ਨੇ ਆਪਣੇ ਸੰਬੰਧ ਅੱਗੇ ਲਿਜਾਣ ਦਾ ਅਹਿਦ ਕੀਤਾ। ‘ਇਬਸਾ’ ਤੇ ‘ਬਰਿੱਕ’ ਸਿਖ਼ਰ ਸੰਮੇਲਨ ਤੋਂ ਪਹਿਲਾਂ ਹੋਈ ਇਸ ਮੀਟਿੰਗ ਦੀ ਸੰਖੇਪ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਸਰਕਾਰੀ ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਦੱਸਿਆ ਕਿ ਦੋਵੇਂ ਆਗੂਆਂ ਨੇ ਹੁਣ ਤੱਕ ਚੀਨ ਤੇ ਭਾਰਤ ਦੇ ਸੰਬੰਧਾਂ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਦੋਵਾਂ ਆਗੂਆਂ ਨੇ ਹੋਰ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਮੌਕਿਆਂ ਦੀ ਤਲਾਸ਼ ਦੇ ਯਤਨਾਂ ‘ਤੇ ਵੀ ਸਹਿਮਤੀ ਪ੍ਰਗਟ ਕੀਤੀ।
ਰੋਕੀ ਜਾ ਸਕਦੀ ਸੀ ਬੈਨਜ਼ੀਰ ਦੀ ਹੱਤਿਆ : ਯੂਐਨ
Benazir bhutto
ਸੰਯੁਕਤ ਰਾਸ਼ਟਰ ਦੁਆਰਾ ਗਠਿਤ ਸੁਤੰਤਰ ਸੰਮਤੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਰੋਕਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੀ ਸੁਰੱਖਿਆ ਵਿੱਚ ‘ਅਸਫ਼ਲਤਾ’ ਲਈ ਤੱਤਕਾਲੀਨ ਮੁਸ਼ੱਰਫ ਸਰਕਾਰ ਦੀ ਆਲੋਚਨਾ ਵੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿੱਚ ਚਿਲੀ ਦੇ ਰਾਜਦੂਤ ਹੇਰਾਲਡੋ ਮੁਨੋਜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਸੰਮਤੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਟਾਲਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੇ ਪਾਕਿਸਤਾਨ ਪਰਤਣ ਤੇ ਉਨ੍ਹਾਂ ਦੀ ਸੁਰੱਖਿਆ ਨਾ ਕਰ ਸਕਣ ਅਤੇ ਬਾਅਦ ਵਿੱਚ ਹੱਤਿਆ ਦੀ ਜਾਂਚ ਵਿੱਚ ਜਾਣ-ਬੁੱਝ ਕੇ ‘ਅਸਫ਼ਲਤਾ’ ਲਈ ਮੁਸ਼ੱਰਫ ਸਰਕਾਰ ਦੀ ਨਿੰਦਾ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੈਨਜ਼ੀਰ ਦੀ ਜਾਨ ਨੂੰ ਗੰਭੀਰ ਖਤਰੇ ਦੇ ਬਾਰੇ ਸੂਚਨਾ ਨੂੰ ਅੱਗੇ ਦੇਣ ਦੀ ਸਿਵਾਏ ਅਧਿਕਾਰੀਆਂ ਨੇ ਖਤਰੇ ਨੂੰ ਟਾਲਣ ਲਈ ਕੋਈ ਸੁਰੱਖਿਆਤਮਿਕ ਉਪਾਅ ਨਹੀਂ ਕੀਤਾ।
20 ਪ੍ਰਮੁੱਖ ਕਰਜ਼ਦਾਰ ਦੇਸ਼ਾਂ ਵਿੱਚ ਭਾਰਤ ਸ਼ਾਮਿਲ
ਸਰਕਾਰ ਨੇ ਅੱਜ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਵਿਕਾਸਸ਼ੀਲ ਦੁਨੀਆ ਦੇ 20 ਪ੍ਰਮੁੱਖ ਕਰਜ਼ਦਾਰ ਦੇਸ਼ਾਂ ਵਿੱਚ ਭਾਰਤ ਸ਼ਾਮਿਲ ਹੈ। ਲੋਕਸਭਾ ਵਿੱਚ ਹਰੀਸ਼ਚੰਦਰ ਚਵਹਾਣ ਦੇ ਪ੍ਰਸ਼ਨ ਦੇ ਲਿਖਿਤ ਉੱਤਰ ਵਿੱਚ ਵਿੱਤ ਰਾਜਮੰਤਰੀ ਨਮੋ ਨਰਾਇਣ ਮੀਣਾ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਨਵੀਂ ਵੈਸ਼ਵਿਕ ਵਿਕਾਸ ਵਿੱਤ ਰਪਟ (2009) ਦੇ ਅਨੁਸਾਰ 2007 ਵਿੱਚ ਵਿਕਾਸਸ਼ੀਲ ਦੁਨੀਆ ਦੇ 20 ਪ੍ਰਮੁੱਖ ਕਰਜ਼ਦਾਰ ਦੇਸ਼ਾਂ ਵਿੱਚ ਭਾਰਤ ਪੰਜਵਾਂ ਸਭ ਤੋਂ ਜ਼ਿਆਦਾ ਕਰਜ਼ਦਾਰ ਦੇਸ਼ ਸੀ। ਉਨ੍ਹਾਂ ਨੇ ਕਿਹਾ ਕਿ ਰਪਟ ਵਿੱਚ 2005 ਤੋਂ 2007 ਦੇ ਦੌਰਾਨ ਸਭ ਤੋਂ ਜ਼ਿਆਦਾ ਕਰਜ਼ਦਾਰ ਦੇਸ਼ਾਂ ਵਿੱਚ ਚੀਨ ਸਿਖਰ ਤੇ ਸੀ। ਇਸ ਤੋਂ ਬਾਅਦ ਦੂਜੇ ਸਥਾਨ ਤੇ ਰੂਸੀ ਪਰਿਸੰਘ, ਤੀਜੇ ਸਥਾਨ ਤੇ ਤੁਰਕੀ ਅਤੇ ਚੌਥੇ ਤੇ ਬ੍ਰਾਜ਼ੀਲ ਸੀ। ਮੰਤਰੀ ਨੇ ਕਿਹਾ ਕਿ 2007 ਵਿੱਚ ਭਾਰਤ ਦਾ ਵਿਦੇਸ਼ੀ ਕਰਜ਼ ਲਗਭਗ 23 ਕਰੋੜ ਡਾਲਰ ਸੀ ਜੋ ਨਵੇਂ ਅੰਕੜਿਆਂ ਦੇ ਅਨੁਸਾਰ 2009 ਦੇ ਅੰਤ ਤੱਕ ਵਧ ਕੇ ਲਗਭਗ 25 ਕਰੋੜ ਡਾਲਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਮੱਤਭੇਦ ਪਹਿਲਾਂ ਵੀ ਰਹੇ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ, ਪਰ ਅਸੀਂ ਮਿਲ ਕੇ ਇਸ ਨੂੰ ਬਣਾਇਆ ਹੈ ਅਤੇ ਇਸਦੀ ਰੱਖਿਆ ਕਰਾਂਗੇ।
ਜਵਾਲਾਮੁਖੀ ਫਟਣ ਕਾਰਨ ਇੰਗਲੈਂਡ ਦੇ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ

Menacing: A volcanic ash cloud rises over Iceland
ਲੰਡਨ, 15 ਅਪ੍ਰੈਲ – ਅੱਜ ਅਚਾਨਕ ਆਈਸਲੈਂਡ ਨੇੜੇ ਜਵਾਲਾਮੁਖੀ ਫਟਣ ਨਾਲ ਆਕਾਸ਼ ਵਿਚ ਸੰਘਣੀ ਬੱਦਲਵਾਈ ਹੋ ਗਈ ਜਿਸ ਦੇ ਮੱਦੇਨਜ਼ਰ ਇੰਗਲੈਂਡ ਦੇ ਸਾਰੇ ਹਵਾਈ ਅੱਡਿਆਂ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸੁਰੱਖਿਆ ਏਜੰਸੀ ਯੂਰੋ ਕੰਟਰੋਲ ਨੇ ਕਿਹਾ ਕਿ ਜਵਾਲਾਮੁਖੀ ਦੀ ਅੱਗ ਨਾਲ ਸੰਘਣੀ ਧੂੰਆਂ ਰੂਪੀ ਬੱਦਲਵਾਈ 55000 ਫੁੱਟ ਤੱਕ ਗਈ ਹੈ, ਜੋ ਜਲਦੀ ਨਾਲ ਨੀਦਰਲੈਂਡ ਤੋਂ ਬੈਲਜੀਅਮ ਵੱਲ ਵਧ ਰਹੀ ਹੈ। ਇਹ ਵੀ ਕਿਹਾ ਹੈ ਕਿ ਮੌਸਮ ਨੂੰ ਸਾਫ ਹੋਣ ਲਈ ਕਈ ਦਿਨ ਲੱਗ ਸਕਦੇ ਹਨ, ਜਿਸ ਕਰਕੇ ਯਾਤਰੀਆਂ, ਹਵਾਈ ਅਮਲਾ ਅਤੇ ਹਵਾਈ ਜਹਾਜ਼ਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀਥਰੋ, ਗੈਟਵਿਕ, ਸਟੈਨਸਟਡ, ਸਕਾਟਲੈਂਡ, ਮਾਨਚੈਸਟਰ, ਈਡਨਬਰਗ ਆਦਿ ਲਗਭਗ ਸਾਰੇ ਇੰਗਲੈਂਡ ਦੇ ਹਵਾਈ ਅੱਡਿਆਂ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ ਹੈ।
ਅਤਿਵਾਦ ਮੁੱਦਾ: ਭਾਰਤ ਨੂੰ ਮਿਲਣਗੇ 45 ਲੱਖ ਡਾਲਰ
ਵਾਸ਼ਿੰਗਟਨ, 15 ਅਪ੍ਰੈਲ -ਮੁੰਬਈ ਹਮਲਿਆਂ ਤੋਂ ਬਾਅਦ ਅਮਰੀਕਾ ਤੋਂ ਉਚ ਪੱਧਰੀ ਟਰੇਨਿੰਗ ਦੀ ਭਾਰਤ ਦੀ ਅਪੀਲ ਵਿਚਾਲੇ ਓਬਾਮਾ ਪ੍ਰਸ਼ਾਸਨ ਨੇ ਕਾਂਗਰਸ ਨੂੰ ਭਾਰਤ ਨੂੰ ਦਿੱਤੇ ਜਾਣ ਵਾਲੇ ਅੱਤਵਾਦ ਵਿਰੋਧੀ ਬਜਟ ਨੂੰ ਵਿੱਤੀ ਸਾਲ 2011 ਦੌਰਾਨ ਦੁੱਗਣਾ ਕਰਕੇ 45 ਲੱਖ ਡਾਲਰ ਕਰਨ ਨੂੰ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਵਿੱਚ ਅੱਤਵਾਦ ਵਿਰੋਧੀ ਪ੍ਰਮੁੱਖ ਡੇਨਿਯਲ ਬੈਂਜਾਮਿਨ ਨੇ ਕਾਂਗਰਸ ਦੀ ਇੱਕ ਕਮੇਟੀ ਸਾਹਮਣੇ ਕਿਹਾ ਕਿ ਮੁੰਬਈ ਹਮਲਿਆਂ ਤੋਂ ਬਾਅਦ ਅਮਰੀਕਾ ਤੋਂ ਉਚ ਪੱਧਰੀ ਟਰੇਨਿੰਗ ਦੀ ਭਾਰਤ ਦੀ ਅਪੀਲ ਤੋਂ ਬਾਅਦ ਓਬਾਮਾ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ।
ਬੈਂਜਾਮਿਨ ਨੇ ਕਿਹਾ ਕਿ ਸਾਡੇ ਵਿੱਤੀ ਸਾਲ 2011 ਦੇ ਬਜਟ ਵਿੱਚ ਭਾਰਤ ਨੂੰ ਦਿੱਤੇ ਜਾਣ ਵਾਲਾ ਅੱਤਵਾਦ ਵਿਰੋਧੀ ਬਜਟ ਲਗਭਗ ਦੁੱਗਣਾ ਕਰਕੇ 45 ਲੱਖ ਡਾਲਰ ਕਰ ਦਿੱਤਾ ਜਾਵੇਗਾ ਤਾਂਕਿ ਭਾਰਤ ਸਰਕਾਰ ਵਧਦੀ ਰਾਜਨੀਤਿਕ ਮੰਗ ਨੂੰ ਪੂਰਾ ਕਰ ਸਕੇ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਮੁੰਬਈ ਹਮਲਿਆਂ ਤੋਂ ਬਾਅਦ ਹੋਰ ਜ਼ਿਆਦਾ ਉਚ ਪੱਧਰੀ ਟ੍ਰੇਨਿੰਗ ਦੀ ਮੰਗ ਉਠ ਰਹੀ ਹੈ।
ਵਿਜੇ ਮਾਲਿਆ ਨੇ ਟੀਪੂ ਸੁਲਤਾਨ ਦੀ ਤਲਵਾਰ ਲੰਦਨ ਵਿਚ ਵੇਚੀ

Tipu Sultan's sword fetches record price
ਲੰਦਨ, 15 ਅਪ੍ਰੈਲ: ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੂੰ ਉਦਯੋਗਪਤੀ ਵਿਜੇ ਮਾਲਿਆ ਨੇ ਵੇਚ ਦਿਤਾ ਹੈ। ਸੱਤ ਸਾਲ ਪਹਿਲਾਂ ਉਨ੍ਹਾਂ ਇਸ ਤਲਵਾਰ ਨੂੰ ਖ਼ਰੀਦਿਆ ਸੀ। ਲੰਦਨ ਵਿਚ ਹੋਈ ਇਕ ਨਿਲਾਮੀ ਦੌਰਾਨ ਇਹ ਤਲਵਾਰ 5,05,250 ਪੌਂਡ (3.4 ਕਰੋੜ ਰੁਪਏ) ਵਿਚ ਨਿਲਾਮ ਹੋਈ। 200 ਸਾਲ ਪੁਰਾਣੀ ਇਸ ਤਲਵਾਰ ਲਈ 50 ਤੋਂ 70 ਹਜ਼ਾਰ ਪੌਂਡ ਤਕ ਦਾ ਬੋਲੀ ਲੱਗਣ ਦਾ ਅੰਦਾਜਾ ਲਗਾਇਆ ਗਿਆ ਸੀ। ਇਹ ਤਲਵਾਰ 10ਵੀਂ ਵਾਰ ਨਿਲਾਮ ਹੋਈ ਹੈ। ਨਿਲਾਮੀ ਕਰਨ ਵਾਲੀ ਸੰਸਥਾ ਨੇ ਦਸਿਆ ਕਿ ਅਜਿਹੀਆਂ ਤਲਵਾਰਾਂ ਬਹੁਤ ਹੀ ਘੱਟ ਜਿਨ੍ਹਾਂ ਦੇ ਮੁੱਠੇ ਸ਼ੇਰ ਦੀ ਸ਼ਕਲ ਵਾਲੇ ਹਨ। ਇਹ ਟੀਪੂ ਦੇ ਸ਼ਾਸਨਕਾਲ ਦੇ ਚਿੰਨ੍ਹ ਦਾ ਰੂਪ ਹੈ।
ਨਿਲਮੀ ਵਿਚ ਇਕ ਹੋਰ ਖਿਚ ਦਾ ਕੇਂਦਰ ਮੈਸੂਰ ਦੇ ਸ਼ਾਸਕ ਦੀ ਦੁਰਲੱਭ ਕਾਂਸੀ ਦੀ ਬਣੀ ਹੋਈ ਸ਼ਾਹੀ ਤੋਪ ਸੀ ਜਿਸ ਨੂੰ 1790 ਦੇ ਨੇੜੇ ਤੇੜੇ ਸ਼ਾਹੀ ਤੋਪਾਂ ਢਾਲਣ ਵਾਲਿਆਂ ਨੇ ਤਿਆਰ ਕੀਤਾ ਸੀ। ਇਹ ਤੋਪ ਕਿਸੇ ਅਣਜਾਣ ਵਿਅਕਤੀ ਵਲੋਂ 3,13,250 ਪੌਂਡ (2.1 ਕਰੋੜ ਰੁਪਏ) ਵਿਚ ਖਰੀਦ ਲਿਆ ਗਿਆ। ਇਸ ਸਮੇਂ ਨਿਲਾਮ ਕੀਤੀਆਂ ਗਈਆਂ ਹੋਰਨਾਂ ਚੀਜ਼ਾ ਵਿਚ ਇਕ ਸ਼ਾਮਿਆਨਾ ਸੀ ਜਿਸ ਦੀ ਕੀਮਤ 1,21,250 ਪੌਂਡ (ਲਗਭੱਗ 82 ਲੱਖ ਰੁਪਏ) ਪਈ। ਇਕ ਦੁਰਲੱਭ ਬੰਦੂਕ 91,250 ਪੌਂਡ (62 ਲੱਖ ਰੁਪਏ) ਵਿਚ ਵਿਕੀ। ਇਸ ਨਿਲਾਮੀ ਤੋਂ ਕੁੱਲ ਮਿਲਾ ਕੇ 1.54 ਕਰੋੜ ਪੌਂਡ (ਇਕ ਅਰਬ ਰੁਪਏ ਤੋਂ ਜ਼ਿਆਦਾ) ਮਿਲੇ ਜਦਕਿ 2005 ਵਿਚ ਹੋਈ ਪਹਿਲੀ ਨਿਲਾਮੀ ਵਿਚ 12 ਲੱਖ ਪੌਂਡ (8 ਕਰੋੜ ਰੁਪਏ) ਹੀ ਮਿਲੇ ਸਨ। (ਏਜੰਸੀ)
ਪ੍ਰਧਾਨ ਮੰਤਰੀ ਨੇ ਕੈਨੇਡਾ ਤੋਂ ਭਾਰਤ-ਵਿਰੋਧੀ ਦਹਿਸ਼ਤੀ ਸਰਗਰਮੀਆਂ ‘ਤੇ ਰੋਕ ਮੰਗੀ
ਵਾਸ਼ਿੰਗਟਨ : ਕਨਿਸ਼ਕ ਬੰਬ ਕਾਂਡ ਨੂੰ ਹੁਣ ਜਦੋਂ 25 ਵਰ੍ਹੇ ਹੋਣ ਵਾਲੇ ਹਨ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਨੇਡਾ ਵਿਚ ਆਪਣੇ ਹਮਰੁਤਬਾ ਸਟੀਫਨ ਹਾਰਪਰ ਕੋਲ ਉਨ੍ਹਾਂ ਭਾਰਤ ਵਿਰੋਧੀ ਦਹਿਸ਼ਤਪਸੰਦ ਜਥੇਬੰਦੀਆਂ ਦੀਆਂ ਕਾਰਵਾਈਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ, ਜੋ ਉਨ੍ਹਾਂ ਦੇਸ਼ਾਂ ਵਿਚੋਂ ਆਪਣੀਆਂ ਸਰਗਰਮੀਆਂ ਚਲਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਅਜਿਹੀਆਂ ਜਥੇਬੰਦੀਆਂ ਦੀਆਂ ਕਾਰਵਾਈਆਂ ‘ਤੇ ਸਖਤ ਨਜ਼ਰ ਰੱਖੇ ਜਾਣ ‘ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਦਰਮਿਆਨ ਇੱਥੇ ਹੋਈ ਮੀਟਿੰਗ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਸਬੰਧ ਵਿਚ ਉਨ੍ਹਾਂ ਦੀ ਸਰਕਾਰ ਹਰ ਸੰਭਵ ਕਦਮ ਚੁੱਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਹੋਈ ਗੱਲਬਾਤ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕਨਿਸ਼ਕ ਹਵਾਈ ਬੰਬ ਕਾਂਡ, ਜਿਸ ਦੀ 25ਵੀਂ ਵਰ੍ਹੇਗੰਢ ਜੂਨ ਵਿਚ ਆਉਣੀ ਹੈ, ਪਿੱਛੇ ਖਾਲਿਸਤਾਨੀ ਜਥੇਬੰਦੀਆਂ ਦਾ ਹੱਥ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਧਰਤੀ ਤੋਂ ਅੱਤਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਕੈਨੇਡਾ ਵਲੋਂ ਇਨ੍ਹਾਂ ਜਥੇਬੰਦੀਆਂ ‘ਤੇ ਨਜ਼ਰ ਰੱਖੀ ਜਾਵੇਗੀ। ਦੱਸਣਯੋਗ ਹੈ ਕਿ 23 ਜੂਨ 1985 ਨੂੰ ਏਅਰ ਇੰਡੀਆ ਦੇ ਕਨਿਸ਼ਕ ਹਵਾਈ ਜਹਾਜ਼ ਵਿਚ ਹੋਏ ਧਮਾਕੇ ਕਾਰਨ ਇਸ ਵਿਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਪ੍ਰਧਾਨ ਮੰਤਰੀ ਵਲੋਂ ਇਹ ਚਿੰਤਾ ਉਦੋਂ ਜ਼ਾਹਰ ਕੀਤੀ ਗਈ ਹੈ ਜਦੋਂ ਇਹ ਰਿਪੋਰਟਾਂ ਆ ਰਹੀਆਂ ਹਨ ਕਿ ਖਾਲਿਸਤਾਨੀ ਧੜੇ ਮੁੜ ਜਥੇਬੰਦ ਹੋਣ ਦਾ ਯਤਨ ਕਰ ਰਹੇ ਹਨ। ਇਸ 30 ਮਿੰਟ ਦੀ ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਸਿਵਲ ਪ੍ਰਮਾਣੂ ਸਹਿਯੋਗ ਬਾਰੇ ਵੀ ਚਰਚਾ ਕੀਤੀ।
