ਗਿਲਾਨੀ 13 ਫਰਵਰੀ ਨੂੰ ਅਦਾਲਤ ‘ਚ ਪੇਸ਼ ਹੋਣ

ਜ਼ਰਦਾਰੀ ਦੇ ਕਾਲੇ ਧਨ ਦਾ ਮੁੱਦਾ

ਇਸਲਾਮਾਬਾਦ, 10 ਫਰਵਰੀ (ਏਜੰਸੀ) : ਸੰਕਟਾਂ ‘ਚ ਘਿਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਕਰਾਰਾ ਝਟਕਾ ਦਿੰਦਿਆਂ ਦੇਸ਼ ਦੀ ਸੁਪਰੀਮ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤੈਅ ਕਰਨ ਖ਼ਿਲਾਫ਼ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਉਹ ਸੋਮਵਾਰ 13 ਫਰਵਰੀ ਨੂੰ ਹਰ ਹਾਲ ‘ਚ ਅਦਾਲਤ ‘ਚ ਪੇਸ਼ ਹੋਣ। ਸੁਪਰੀਮ ਕੋਰਟ ਦੇ ਇਸ ਤਾਜ਼ਾ ਫੈਸਲੇ ਤੋਂ ਬਾਅਦ ਦੇਸ਼ ‘ਚ ਸਿਆਸੀ ਸੰਕਟ ਪੈਦਾ ਹੋਣ ਦੇ ਆਸਾਰ ਬਣ ਗਏ ਹਨ। ਜਨਾਬ ਗਿਲਾਨੀ ਦੀ ਅਪੀਲ ਨੂੰ ਖ਼ਾਰਜ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ਦੇ 8 ਮੈਂਬਰੀ ਬੈਂਚ, ਜਿਸ ਦੀ ਅਗਵਾਈ ਚੀਫ਼ ਜਸਟਿਸ ਇਫ਼ਤਿਖਾਰ ਚੌਧਰੀ ਕਰ ਰਹੇ ਸਨ, ਨੇ ਇਕ ਵਾਰ ਫਿਰ ਗਿਲਾਨੀ ਦੇ ਵਕੀਲ ਤੋਂ ਖ਼ਰੇ-ਖ਼ਰੇ ਸਵਾਲ ਪੁੱਛੇ।

ਬੈਂਚ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਖੋਲ੍ਹਣ ਲਈ ਸਵਿੱਟਜ਼ਰਲੈਂਡ ਸਰਕਾਰ ਨੂੰ ਖ਼ਤ ਲਿਖਣਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਇਹ ਪਤਾ ਲਗਾਉਣ ਲਈ 10 ਮਿੰਟ ਦਾ ਸਮਾਂ ਦਿੰਦੇ ਹਾਂ ਅਤੇ ਤੁਸੀਂ ਟੈਲੀਫ਼ੋਨ ਕਰਕੇ ਉਨ੍ਹਾਂ ਤੋਂ ਇਸ ਬਾਰੇ ਪੁੱਛੋ। ਦੂਜੇ ਪਾਸੇ ਗਿਲਾਨੀ ਦੇ ਵਕੀਲ ਐਤਜਾਜ਼ ਅਹਿਸਾਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੈ। ਇਸ ਉਪਰੰਤ ਬੈਂਚ ਨੇ ਗਿਲਾਨੀ ਦੀ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਕਿ ਅਸੀਂ ਵੀ ਦੇਸ਼ ‘ਚ ਅਸ਼ਾਂਤੀ ਨਹੀਂ ਚਾਹੁੰਦੇ। ਅਸੀਂ ਸੰਜਮ ਵਰਤ ਰਹੇ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਦੱਸੋ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਦੇਸ਼ ਹਿੱਤ ‘ਚ ਨਹੀਂ ਹੈ।

ਇਸ ਉਪਰੰਤ ਗਿਲਾਨੀ ਦੇ ਵਕੀਲ ਨੇ ਅਦਾਲਤ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਅਰਜ਼ੀ ਖ਼ਾਰਜ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ 13 ਫਰਵਰੀ ਨੂੰ ਅਦਾਲਤ ‘ਚ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਨੂੰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਰਾਸ਼ਟਰਪਤੀ ਨੂੰ ਮਿਲਦੀ ਛੋਟ ਬਾਰੇ ਜਾਣੂ ਕਰਵਾਇਆ ਸੀ, ਪਰ ਅਦਾਲਤ ਨੇ ਸਾਡੇ ਤਰਕਾਂ ਨੂੰ ਕੋਈ ਤਵਜੋਂ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਕੱਲ੍ਹ ਵੀ ਸੁਪਰੀਮ ਕੋਰਟ ‘ਚ ਇਸ ਮਾਮਲੇ ‘ਤੇ ਕਰੀਬ 6-7 ਘੰਟੇ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਗਿਲਾਨੀ ਨੂੰ 13 ਫਰਵਰੀ ਨੂੰ ਇਸ ਮਾਮਲੇ ‘ਚ 7 ਮੈਂਬਰੀ ਬੈਂਚ ਸਾਹਮਣੇ ਪੇਸ਼ ਹੋਣਾ ਪਵੇਗਾ।

ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਅਜੇ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣ ਦੇ ਮੂਡ ‘ਚ ਨਹੀਂ ਹਨ। ਉਨ੍ਹਾਂ ਦੀ ਪਾਰਟੀ ਵੀ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਕ ‘ਚ ਹੈ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦਾ ਮੰਨਣਾ ਹੈ ਕਿ ਜਦੋਂ ਤੱਕ ਜ਼ਰਦਾਰੀ ਰਾਸ਼ਟਰਪਤੀ ਦੇ ਅਹੁਦੇ ‘ਤੇ ਹਨ, ਉਦੋਂ ਤੱਕ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਪੱਤਰ ਕਿਵੇਂ ਲਿਖਿਆ ਜਾ ਸਕਦਾ ਹੈ।

Share

ਚੀਨੀ ਅਧਿਕਾਰੀਆਂ ਨੂੰ ਤਿੱਬਤ ‘ਚ ‘ਯੁੱਧ’ ਲਈ ਤਿਆਰ ਰਹਿਣ ਲਈ ਕਿਹਾ ਗਿਆ : ਰਿਪੋਰਟ

ਵਾਸ਼ਿੰਗਟਨ, 10 ਫਰਵਰੀ (ਏਜੰਸੀ) : ਅਮਰੀਕਾ ਦੇ ਚੋਟੀ ਦੇ ਕਮਾਂਡਰ ਸੈਮੂਅਲ ਲਾਕਲੀਅਰ ਨੇ ਕਿਹਾ ਹੈ ਕਿ ਚੀਨੀ ਫੌਜ ਦੇ ਜ਼ਬਰਦਸਤ ਆਧੁਨਿਕੀਕਰਨ ਸਮੇਤ ਖੇਤਰੀ ਅਤੇ ਸੰਸਾਰਿਕ ਸ਼ਕਤੀ ਦੇ ਰੂਪ ਵਿਚ ਚੀਨ ਦੇ ਉਭਰਨ ਨਾਲ ਫੌਜੀ ਬੇਨਿਯਮੀਆਂ ਅਤੇ ਟਕਰਾਅ ਦਾ ਖਤਰਾ ਵਧਿਆ ਹੈ। ਅਮਰੀਕੀ ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਸੈਮਲੀਅਲ ਲਾਕਲੀਅਰ ਨੇ ਇਕ ਸੀਨੇਟ ਕਮੇਟੀ ਸਾਹਮਣੇ ਕਿਹਾ ਕਿ ਚੀਨ-ਅਮਰੀਕਾ ਸੰਬੰਧ ਗੰਭੀਰ ਅਧਿਐਨ ਅਤੇ ਵਿਸ਼ਲੇਸ਼ਨ ਦਾ ਵਿਸ਼ਾ ਰਹੇ ਹਨ। ਇਸ ਦੌਰਾਨ ਸੀਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਧਾਨ ਸੀਨੇਟਰ ਜੋਸੇਫ ਲਿਬਰਮੈਨ ਨੇ ਕਿਹਾ ਕਿ ਖੇਤਰੀ ਅਤੇ ਸੰਸਾਰਕ ਸ਼ਕਤੀ ਦੇ ਰੂਪ ਵਿਚ ਚੀਨ ਦਾ ਲਗਾਤਾਰ ਉਭਾਰ, ਇਸ ਦੀ ਫੌਜੀ ਤਕਨਾਲੋਜੀ ਅਤੇ ਸਮਰਥਾ ਤੇ ਦੂਜੇ ਦੇਸ਼ਾਂ ਦੇ ਖੇਤਰੀ ਅਤੇ ਸਮੁੰਦਰੀ ਦਾਅਵਿਆਂ ਨੂੰ ਚੁਨੌਤੀ ਦੇਣ ਦੇ ਇਸ ਦੇ ਬਦਲੇ ਰੁਝਾਨ ਨੇ ਖੇਤਰ ਵਿਚ ਬੇਚੈਨੀ ਪੈਦਾ ਕਰਨ ਵਾਲਾ ਪ੍ਰਭਾਵ ਪਾਇਆ ਹੈ।

Share

ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਮਾਲਦੀਵ ਨੂੰ ਲਗਾਤਾਰ ਸਮਰੱਥਨ ਦਾ ਯਕੀਨ ਦਵਾਇਆ

ਨਵੀਂ ਦਿੱਲੀ, 8 ਫਰਵਰੀ (ਏਜੰਸੀ) : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਡਾ. ਮੁਹੰਮਦ ਵਹੀਦ ਅਤੇ ਮਾਲਦੀਵ ਦੇ ਲੋਕਾਂ ਨੂੰ ਭਾਰਤ ਸਰਕਾਰ ਦੇ ਨਿਰੰਤਰ ਸਮਰਥਨ ਤੇ ਸਹਿਯੋਗ ਦਾ ਯਕੀਨ ਦਵਾਇਆ। ਡਾ. ਵਹੀਦ ਨੂੰ ਭੇਜੇ ਗਏ ਵਧਾਈ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਾਲਦੀ ਦੀ ਸਰਕਾਰ ਨਾਲ ਦੋਵਾਂ ਦੇਸ਼ਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਦੇ ਹਿੱਤ ਵਿੱਚ ਕੰਮ ਕਰਨ ਵਾਸਤੇ ਵਚਨਬੱਧ ਹੈ। ਇੱਕ ਨੇੜਲੇ ਤੇ ਗੁਆਂਢੀ ਦੇਸ਼ ਹੋਣ ਦੇ ਨਾਤੇ ਭਾਰਤ ਮਾਲਦੀਵ ਦੀ ਜਨਤਾ ਨੂੰ ਟਿਕਾਊ ਅਮਨਪੂਰਵਕ ਤੇ ਖੁਸ਼ਹਾਲ ਰਾਸ਼ਟਰ ਨਿਰਮਾਣ ਦੇ ਲਈ ਆਪਣੇ ਸਹਿਯੋਗ ਦਾ ਯਕੀਨ ਦਵਾਉਂਦਾ ਹੈ।

Share

ਮਾਲਦੀਵ ’ਚ ਬਗ਼ਾਵਤ, ਰਾਸ਼ਟਰਪਤੀ ਨਸ਼ੀਦ ਨੇ ਦਿਤਾ ਅਸਤੀਫ਼ਾ

President Mohamed Nasheed

ਮਾਲੇ, 7 ਫ਼ਰਵਰੀ (ਏਜੰਸੀ) : ਇਕ ਜੱਜ ਦੀ ਗ੍ਰਿਫ਼ਤਾਰੀ ਪਿੱਛੋਂ ਮਾਲਦੀਵ ਸਰਕਾਰ ਵਿਰੁਧ ਪੈਦਾ ਹੋਇਆ ਲੋਕ ਰੋਹ ਬਗ਼ਾਵਤ ਦਾ ਰੂਪ ਧਾਰਨ ਕਰ ਗਿਆ ਜਿਸ ਕਾਰਨ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੂੰ ਅਸਤੀਫ਼ਾ ਦੇਣਾ ਪਿਆ। ਪੁਲਿਸ ਵਲੋਂ ਮੁਜ਼ਾਹਰਾਕਾਰੀਆਂ ਨਾਲ ਰਲ ਜਾਣ ਅਤੇ ਫਿਰ ਸੜਕਾਂ ’ਤੇ ਫ਼ੌਜਾਂ ਨਾਲ ਸੰਘਰਸ਼ ਦੀਆਂ ਘਟਨਾਵਾਂ ਤੋਂ ਬਾਅਦ ਕੌਮੀ ਟੈਲੀਵਿਜ਼ਨ ’ਤੇ ਸੰਬੋਧਨ ਦੌਰਾਨ ਉੁਨ੍ਹਾਂ ਅਪਣਾ ਅਸਤੀਫ਼ਾ ਪੇਸ਼ ਕੀਤਾ। ਨਸ਼ੀਦ ਨੇ ਕਿਹਾ, ‘‘ਮੈਂ ਕਿਸੇ ਵੀ ਮਾਲਦੀਵ ਵਾਸੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਮੈਨੂੰ ਲਗਦਾ ਹੈ ਕਿ ਮੇਰੇ ਸੱਤਾ ਵਿਚ ਬਣੇ ਰਹਿਣ ਨਾਲ ਸਮੱਸਿਆਵਾਂ ਵਧਣਗੀਆਂ ਅਤੇ ਸਾਡੇ ਨਾਗਰਿਕਾਂ ਦਾ ਨੁਕਸਾਨ ਹੋਵੇਗਾ, ਇਸ ਲਈ ਸੱਭ ਤੋਂ ਮੁਨਾਸਬ ਰਾਹ ਅਸਤੀਫ਼ਾ ਦੇਣ ਦਾ ਹੈ।’’

ਉਧਰ ਨਸ਼ੀਦ ਵਲੋਂ ਸੱਤਾ ਛੱਡਣ ਪਿੱਛੋਂ ਉਪ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੇ ਸੱਤਾ ਸੰਭਾਲ ਲਈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਉਸ ਜੱਜ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਨੇ ਵਿਰੋਧੀ ਧਿਰ ਦੇ ਇਕ ਆਗੂ ਨੂੰ ਰਿਹਾਅ ਕਰ ਦਿਤਾ ਸੀ। ਇਸ ਆਗੂ ਨੂੰ ਬਗ਼ੈਰ ਵਾਰੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਰਾਸ਼ਟਰਪਤੀ ਨਸ਼ੀਦ ਦੀ ਅਗਵਾਈ ਵਾਲੀ ਸਰਕਾਰ ਮਾਲਦੀਵ ਦੀ ਲੋਕਤੰਤਰੀ ਤਰੀਕੇ ਨਾਲ ਚੁਣੀ ਹੋਈ ਪਹਿਲੀ ਸਰਕਾਰ ਸੀ। ਮਨੁੱਖੀ ਅਧਿਕਾਰਾਂ ਲਈ ਕੰਮ ਕਰ ਚੁੱਕੇ ਨਸ਼ੀਦ ਨੇ ਦੇਸ਼ ਦੀਆਂ ਪਹਿਲੀਆਂ ਲੋਕਤੰਤਰੀ ਚੋਣਾਂ ਵਿਚ 30 ਸਾਲ ਪੁਰਾਣੇ ਤਾਨਾਸ਼ਾਹੀ ਰਾਜ ਦਾ ਖ਼ਾਤਮਾ ਕੀਤਾ ਸੀ।

ਨਸ਼ੀਦ ਇਕ ਵਾਤਾਵਰਣ ਮਾਹਰ ਵੀ ਹਨ ਜਿਨ੍ਹਾਂ ਨੇ ਵਾਤਾਵਰਣ ਤਬਦੀਲੀਆਂ ਦੇ ਟਾਕਰੇ ਲਈ ਦੁਨੀਆਂ ਭਰ ਦੀ ਯਾਤਰਾ ਕੀਤੀ ਕਿਉਂਕਿ ਸਮੁੰਦਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੂਰਾ ਮਾਲਦੀਵ ਡੁੱਬ ਸਕਦਾ ਹੈ। ਨਸ਼ੀਦ ਨੇ 2009 ਵਿਚ ਸਮੁੰਦਰ ਦੀਆਂ ਡੂੰਘਾਈਆਂ ’ਚ ਕੈਬਨਿਟ ਮੀਟਿੰਗ ਕਰ ਕੇ ਵਾਤਾਵਰਣ ਤਬਦੀਲੀਆਂ ਦੇ ਖ਼ਤਰੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ ਸਰਕਾਰ ਵਲੋਂ ਲਗਾਤਾਰ ਮਾਲਦੀਵ ਦੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਮਾਲਦੀਵ ਵਿਚ ਪੈਦਾ ਹੋਏ ਹਾਲਾਤ ਨੂੰ ਉਥੋਂ ਦੇ ਲੋਕਾਂ ਨੇ ਹੀ ਸੁਲਝਾਉਣਾ ਹੈ ਕਿਉਂਕਿ ਇਹ ਉਸ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਮਸਲੇ ਨੂੰ ਸ਼ਾਂਤਮਈ ਅਤੇ ਲੋਕਤੰਤਰੀ ਤਰੀਕੇ ਨਾਲ ਹੱਲ ਕਰ ਲਿਆ ਜਾਵੇਗਾ। ਬੁਲਾਰੇ ਨੇ ਕਿਹਾ ਕਿ ਮਾਲਦੀਵ ਵਿਚ ਸੈਰ-ਸਪਾਟੇ ਲਈ ਗਏ ਭਾਰਤੀ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

Share

ਭਾਰਤ ਦੀ ਆਰਥਿਕ ਮਦਦ ’ਤੇ ਰੋਕ ਲਗਾਉਣ ਦੀ ਮੰਗ ਤੇਜ਼

ਲੰਡਨ, 7 ਫਰਵਰੀ (ਏਜੰਸੀ) : ਭਾਰਤ ਦੇ ਸਭ ਤੋਂ ਵੱਡੇ ਰੱਖਿਆ ਸਮਝੌਤੇ ਦਾ ਠੇਕਾ ਫਰਾਂਸੀਸੀ ਕੰਪਨੀ ਦਾਸੋ ਰਾਫੇਲ ਨੂੰ ਮਿਲਦਿਆਂ ਹੀ ਬਰਤਾਨੀਆ ਵਿਚ ਭਾਰਤ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਰੋਕੇ ਜਾਣ ਦੀ ਮੰਗ ਤੇਜ਼ ਹੋ ਗਈ ਹੈ। ਕੁਝ ਬਰਤਾਨਵੀ ਨੇਤਾਵਾਂ ਨੇ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਦਦ ਰੋਕਣ ਦੀ ਗੱਲ ਕਹੀ ਹੈ। ਵਰਣਨਯੋਗ ਹੈ ਕਿ ਬਰਤਾਨੀਆ ਹਰ ਸਾਲ ਤਕਰੀਬਨ ਇਕ ਬਿਲੀਅਨ ਪਾਊਂਡ ਦੀ ਰਾਸ਼ੀ ਭਾਰਤ ਨੂੰ ਮਦਦ ਕਰਦਾ ਹੈ। ਹਾਲਾਂਕਿ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਭਾਰਤ ਨੂੰ ਆਰਥਿਕ ਸਹਾਇਤਾ ਦਿੱਤੇ ਜਾਣ ਦੇ ਪੱਖ ਵਿਚ ਹੈ ਪਰ ਹੁਣ ਉਨ੍ਹਾਂ ਉਤੇ ਵੀ ਇਸ ਮਦਦ ਨੂੰ ਰੋਕਣ ਲਈ ਦਬਾਅ ਪੈ ਰਿਹਾ ਹੈ। ਭਾਰਤ ਨੇ ਫਰਾਂਸੀਸੀ ਕੰਪਨੀ ਦਾਸੋ ਤੋਂ 126 ਲ਼ੜਾਕੂ ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਹੈ।

ਇਹ ਸੌਦਾ ਤਕਰੀਬਨ 12 ਅਰਬ ਡਾਲਰ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੌਦੇ ਦਾ ਰਸਮੀ ਐਲਾਨ ਅਗਲੇ ਛੇ ਮਹੀਨਿਆਂ ਵਿਚ ਕਰ ਦਿੱਤਾ ਜਾਵੇਗਾ। ਯੂਰੋਫਾਈਟਰ ਟਾਈਫੂਨ ਨੇ ਵੀ ਇਸ ਸੌਦੇ ਲਈ ਬੋਲੀ ਲਗਾਈ ਸੀ ਪਰ ਦਾਸੋ ਨੇ ਫਾਈਟਰ ਜੈਟ ਲਈ ਸਭ ਤੋਂ ਘੱਟ ਬੋਲੀ ਲਗਾਈ। ਭਾਰਤੀ ਹਵਾਈ ਫੌਜ 18 ਜਹਾਜ਼ ਸਿੱਧੇ ਤੌਰ ਉਤੇ ਕੰਪਨੀ ਤੋਂ ਖਰੀਦੇਗੀ, ਜਦੋਂਕਿ ਬਾਕੀ ਭਾਰਤ ਵਿਚ ਬਣਾਏ ਜਾਣਗੇ। ਦਾਸੋ ਕੰਪਨੀ ਭਾਰਤ ਸਰਕਾਰ ਦੇ ਨਾਲ ਇਸ ਖਰੀਦ ਬਾਰੇ ਅੰਤਿਮ ਦੌਰ ਦੀ ਗੱਲਬਾਤ ਕਰੇਗੀ। ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਾਰਕੋਜ਼ੀ ਨੇ ਇਕ ਬਿਆਨ ਜਾਰੀ ਕਰਕੇ ਇਸ ਸਮਝੌਤੇ ਉਤੇ ਖੁਸ਼ੀ ਪ੍ਰਗਟ ਕੀਤੀ ਸੀ। ਜੇਕਰ ਇਸ ਸੌਦੇ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਦਾਸੋ ਭਾਰਤੀ ਹਵਾਈ ਫੌਜ ਨੂੰ 126 ਲੜਾਕੂ ਜਹਾਜ਼ ਸਪਲਾਈ ਕਰੇਗੀ।

ਰੱਖਿਆ ਮਾਹਰਾਂ ਅਨੁਸਾਰ ਇਹ ਭਾਰਤ ਦੇ ਸਭ ਤੋਂ ਵੱਡੇ ਰੱਖਿਆ ਸਮਝੌਤਿਆਂ ਵਿਚੋਂ ਇਕ ਹੈ ਅਤੇ ਵਿਰੋਧੀ ਕੰਪਨੀ ਯੂਰੋਫਾਈਟਰ ਲਈ ਇਕ ਵੱਡਾ ਝਟਕਾ ਹੈ। ਯੂਰੋਫਾਈਟਰ ਨੇ ਪਿਛਲੇ ਸਾਲ ਜਾਪਾਨ ਨੂੰ ਜੈਟ ਸਪਲਾਈ ਕਰਨ ਦਾ 8 ਅਰਬ ਦਾ ਸੌਦਾ ਵੀ ਗਵਾ ਲਿਆ ਸੀ। ਦਿੱਲੀ ਸਥਿਤ ਬਰਤਾਨੀਆ ਦੀ ਅੰਬੇਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਯੂਰੋਫਾਈਟਰ ਦੀ ਬਜਾਏ ਕੇਵਲ ਰਫਾਇਲ ਦੇ ਦੌੜ ਵਿਚ ਰਹਿਣ ਨਾਲ ਉਹ ਨਰਾਜ਼ ਹੈ। ਉੱਧਰ ਫਰਾਂਸ ਦੇ ਰਾਸ਼ਟਰਪਤੀ ਨੇ ਭਾਰਤ ਦੇ ਇਸ ਫੈਸਲੇ ਉਤੇ ਖੁਸ਼ੀ ਪ੍ਰਗਟ ਕੀਤੀ ਹੈ। ਇਕ ਬਿਆਨ ਜਾਰੀ ਕਰਕੇ ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਾਰਕੋਜ਼ੀ ਨੇ ਕਿਹਾ ਸੀ ਕਿ ਇਹ ਫੈਸਲਾ ਇਕ ਉੱਚ ਪੱਧਰੀ ਅਤੇ ਪਾਰਦਰਸ਼ੀ ਮੁਕਾਬਲੇ ਤੋਂ ਬਾਅਦ ਲਿਆ ਗਿਆ ਹੈ। ਦਾਸੋ ਨੂੰ ਉਸਦੇ ਉੱਚ ਪੱਧਰੀ ਪ੍ਰਦਰਸ਼ਨ ਦੀ ਵਜ੍ਹਾ ਨਾਲ ਚੁਣਿਆ ਗਿਆ ਹੈ।

ਇਸ ਸਮਝੌਤੇ ਨਾਲ ਜੁੜੀ ਸੌਦੇਬਾਜ਼ੀ ਬੇਹੱਦ ਛੇਤੀ ਸ਼ੁਰੂ ਹੋ ਜਾਵੇਗੀ ਅਤੇ ਫਰਾਂਸ ਸਰਕਾਰ ਇਸ ਵਿਚ ਪੂਰਾ ਸਹਿਯੋਗ ਦੇਵੇਗੀ। ਇਸ ਸੌਦੇ ਦੇ ਤਹਿਤ ਫਰਾਂਸ ਸਰਕਾਰ ਵਲੋਂ ਪ੍ਰਮਾਣਿਤ ਤਕਨੀਕ ਭਾਰਤ ਨੂੰ ਦਿੱਤੀ ਜਾਵੇਗੀ। ਭਾਰਤ ਨੇ ਅਗਲੇ ਦਸ ਸਾਲਾਂ ਲਈ 126 ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅਰਜ਼ੀਆਂ ਮੰਗੀਆਂ ਸਨ। ਇਸ ਦੀ ਸਪਲਾਈ ਲਈ ਛੇ ਕੰਪਨੀਆਂ ਨੇ ਅਰਜ਼ੀਆਂ ਭੇਜੀਆਂ ਸਨ।

Share

ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨਾਲ ਜੰਗ ਕਰਨਾ ਵਾਰਾ ਨਹੀਂ ਖਾਂਦਾ : ਗਿਲਾਨੀ

ਇਸਲਾਮਾਬਾਦ, 6 ਫਰਵਰੀ (ਏਜੰਸੀ) : ਪਿਛਲੇ ਕਾਫ਼ੀ ਦਿਨਾਂ ਤੋਂ ਫੌਜੀ ਕਾਰਵਾਈ ਤੋਂ ਪ੍ਰੇਸ਼ਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੱਜ ਭਾਰਤੀ ਲੋਕਤੰਤਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਵੀ ਇਸ ਮਾਮਲੇ ‘ਚ ਭਾਰਤ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਲੈ ਕੇ ਯੁੱਧ ਜਾਰੀ ਨਹੀਂ ਰੱਖ ਸਕਦਾ, ਸਗੋਂ ਇਹ ਮਸਲਾ ਗੱਲਬਾਤ ਦੇ ਕੂਟਨੀਤੀ ਨਾਲ ਹੀ ਹੱਲ ਕਰਨਾ ਹੋਵੇਗਾ। ਕਸ਼ਮੀਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ‘ਤੇ ਪਹਿਲਾਂ ਹੀ ਚਾਰ ਲੜਾਈਆਂ ਲੜ ਚੁੱਕੇ ਹਾਂ ਅਤੇ ਇਹ ਮਸਲਾ ਹੁਣ ਵੀ ਪਾਕਿਸਤਾਨ ਦੀ ਸਿਆਸਤ ‘ਚ ਅਹਿਮੀਅਤ ਰੱਖਦਾ ਹੈ, ਪਰ ਇਕੀਵੀਂ ਸਦੀ ‘ਚ ਅਸੀਂ ਯੁੱਧ ਨਹੀਂ ਝੱਲ ਸਕਦੇ।

ਪਾਕਿਸਤਾਨੀ ਕਸ਼ਮੀਰ ਇਕਜੁੱਟਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਸਕੱਤਰੇਤ ‘ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਮਸਲੇ ਨੂੰ ਗੱਲਬਾਤ ਕੂਟਨੀਤੀ, ਚੌਕਸ ਨੀਤੀ ਤੇ ਕੌਮੀ ਸਹਿਮਤੀ ਨਾਲ ਹੱਲ ਕਰਨ ਦੇ ਇੱਛੁਕ ਹਾਂ, ਪਰ ਪਾਕਿਸਤਾਨ ਭਾਰਤੀ ਕਸ਼ਮੀਰ ਦੀ ਜਨਤਾ ਨੂੰ ਨੈਤਿਕ ਸਿਆਸੀ ਤੇ ਕੂਟਨੀਤਕ ਸਮਰਥਨ ਜਾਰੀ ਰੱਖੇਗਾ। ਗਿਲਾਨੀ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਪੂਰਾ ਪਾਕਿਸਾਤਨ ਕਸ਼ਮੀਰ ਦੇ ਮੁੱਦੇ ‘ਤੇ ਇਕਜੁੱਟ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ੍ਹ ਜ਼ਰਦਾਰੀ ਨੇ ਵੀ ਜੰਮੂ ਕਸ਼ਮੀਰ ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਗੱਲ ਕਹੀ ਸੀ। ਜਨਾਬ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ‘ਚ ਕਿਸੇ ਵੀ ਲੋਕਤੰਤਰੀ ਸਰਕਾਰ ਨੂੰ ਆਪਣਾ ਕਾਰਜਕਾਲ ਪੂਰਾ ਨਹੀਂ ਕਰਨਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਸੰਸਦ ਦਾ ਕਾਰਜਕਾਲ ਪੂਰਾ ਹੋਣਾ ਦੇਸ਼ ਦੇ ਹਿੱਤ ‘ਚ ਹੈ, ਪਰ ਅਗਲੇ ਮਹੀਨੇ ਸੈਨੇਟ ਦੀਆਂ ਚੋਣਾਂ ਨੂੰ ਰੋਕਣ ਲਈ ਦੇਸ਼ ਦੀ ਇਕ ਵਿਰੋਧੀ ਪਾਰਟੀ ਸਾਜ਼ਿਸ਼ਾਂ ਰਚ ਰਹੀ ਹੈ। ਦੇਸ਼ ਦੀ ਰਾਜਧਾਨੀ ‘ਚ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਇਕ ਹੀ ਦਿਨ ਹੋਂਦ ‘ਚ ਆਏ ਸਨ, ਪਰ ਭਾਰਤ ਲੋਕਤੰਤਰ ਦੇ ਮਾਮਲੇ ‘ਚ ਪਾਕਿਸਤਾਨ ਤੋਂ ਕਈ ਗੁਣਾ ਅੱਗੇ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਕਾਰਜਕਾਲ ਪੂਰਾ ਨਾ ਹੋਣ ਕਾਰਨ ਦੇਸ਼ ‘ਚ ਲਗਾਤਾਰ ਸਮੱਸਿਆਵਾਂ ਵਧ ਰਹੀਆਂ ਹਨ। ਗਿਲਾਨੀ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ- ਏ-ਇਨਸਾਫ਼ ਪਾਰਟੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਕਤ ਪਾਰਟੀ ਵੱਲੋਂ ਸੈਨੇਟ ਚੋਣਾਂ ਰੋਕਣ ਲਈ ਸੁਪਰੀਮ ਕੋਰਟ ‘ਚ ਜਾਣਾ ਲੋਕਤੰਤਰ ਲਈ ਵੱਡਾ ਖ਼ਤਰਾ ਹੈ।

ਉਨ੍ਹਾਂ ਕਿਹਾ ਕਿ ਕੁਝ ਲੋਕ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਅਦਾਲਤਾਂ ਦਾ ਸਹਾਰਾ ਲੈ ਰਹੇ ਹਨ। ਦੱਸਣਾ ਬਣਦਾ ਹੈ ਕਿ ਗਿਲਾਨੀ ਦੀ ਪਾਕਿਸਤਾਨੀ ਪੀਪਲਜ਼ ਪਾਰਟੀ (ਪੀਪੀਪੀ) ਨੂੰ ਅਗਲੇ ਮਹੀਨੇ ਪਾਕਿਸਤਾਨ ‘ਚ ਹੋਣ ਵਾਲੀ 54 ਮੈਂਬਰਾਂ ਦੀ ਸੈਨੇਟ ਚੋਣ ‘ਚ ਵੱਡਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ।

Share

ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵਾਂਗੇ : ਹਿਨਾ

ਇਸਲਾਮਾਬਾਦ, 3 ਫਰਵਰੀ (ਏਜੰਸੀ) : ਪਾਕਿ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਬੀਤੇ ਸਾਲ ਓਸਾਮਾ ਬਿਨ ਲਾਦੇਨ ਨੂੰ ਮਾਰ ਦੇਣ ਵਰਗੀ ਕਾਰਵਾਈ ਕੀਤੀ ਗਈ ਸੀ, ਉਸ ਨੂੰ ਦੁਬਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਹਿਨਾ ਰੱਬਾਨੀ ਨੇ ਕਿਹਾ ਕਿ ਅਫਗਾਨ ਸ਼ਾਂਤੀ ਪ੍ਰਕਿਰਿਆ ਸਫਲਤਾ ਹਾਸਲ ਕਰਨ ਦੇ ਮਾਮਲੇ ਵਿਚ ਕੋਹਾਂ ਦੂਰ ਹੈ। ਓਧਰ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਕਾਫੀ ਮਹੱਤਵਪੂਰਨ ਹੈ।

Share

ਪਾਕਿ ਸਿਆਸਤ ‘ਚ ਉਤਰੇਗਾ ਮੰਬਈ ਹਮਲਿਆਂ ਦਾ ਮਾਸਟਰ ਮਾਈਂਡ

ਇਸਲਾਮਾਬਾਦ, 2 ਫਰਵਰੀ (ਏਜੰਸੀ) : ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਅਤੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਸਈਦ ਦੀ ਰਾਜਨੀਤਿਕ ਲਾਲਸਾਵਾਂ ਹਨ। ਉਸਦੇ ਪਾਕਿਸਤਾਨੀ ਸਿਆਸਤ ‘ਚ ਕਦਮ ਰੱਖਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਕਰਾਚੀ ‘ਚ ਇਕ ਪੱਤਰਕਾਰ ਸੰਮੇਲਨ ‘ਚ ਸਈਦ ਇਸ ਸਿੱਧ ਸਵਾਲ ਨੂੰ ਟਾਲ ਗਿਆ ਕਿ ਕੀ ਜਮਾਤ-ਉਦ-ਦਾਵਾ ਖੁਦ ਨੂੰ ਇਕ ਰਾਜਨੀਤਿਕ ਦਲ ਐਲਾਨ ਕਰਕੇ ਚੋਣਾਂ ‘ਚ ਹਿੱਸਾ ਲਵੇਗਾ ?  ਇਸ ਤਰ੍ਹਾਂ ਦੀਆਂ ਉਮੀਦਾਂ ਹਨ ਹਾਫਿਜ਼ ਸਈਦ ਆਉਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ‘ਚ ਖੜਾ ਹੋ ਸਕਦਾ ਹੈ। ਉਸਨੇ ਕਿਹਾ ਕਿ ਇਹ ਗਲਤ ਫਹਿਮੀ ਹੈ ਕਿ ਜਮਾਤ-ਉਦ-ਦਾਵਾ ਇਕ ਰਾਜਨੀਤਿਕ ਦਲ ਨਹੀਂ ਹੈ ਕਿਉਂਕਿ ਇਹ ਵੱਖ-ਵੱਖ ਦਲਾਂ ਨੂੰ ਨਾਲ ਲਿਆਉਣ ਦੀਆਂ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। ਜਮਾਤ-ਉਦ ਦਾਵਾ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਪ੍ਰੋਗਰਾਮ ਆਯੋਜਤ ਕਰਦਾ ਰਿਹਾ ਹੈ।

Share

ਮੈਚ ਹਾਰਨ ‘ਤੇ ਸ਼ੁਰੂ ਹੋਈ ਖੂਨੀ ਖੇਡ, 74 ਮਰੇ

ਕਾਹਿਰਾ, 2 ਫਰਵਰੀ (ਏਜੰਸੀ) : ਮਿਸਰ ਦੋ ਪੋਰਟ ਸੈਦ ਸ਼ਹਿਰ ਵਿਚ ਕੱਲ ਫੁੱਟਬਾਲ ਦੇ 2 ਮਸ਼ਹੂਰ ਕਲੱਬ ਵਿਚਕਾਰ ਮੈਚ ਦੌਰਾਨ ਭੜਕੀ ਹਿੰਸਾ ਵਿਚ ਘੱਟੋ-ਘੱਟ 74 ਵਿਅਕਤੀਆਂ ਦੇ ਮਰਨ ਦੀ ਖਬਰ ਹੈ, ਜਦੋਂ ਕਿ 1000 ਵਿਅਕਤੀ ਜ਼ਖਮੀ ਹੋ ਗਏ । ਬਿਨਾਂ ਕੋਈ ਨਿਸ਼ਚਿਤ ਅੰਕੜੇ ਦਿੱਤੇ ਉੱਪ ਸਿਹਤ ਮੰਤਰੀ ਹੇਸ਼ਾਮ ਸ਼ਿਹਾ ਨੇ ਇਕ ਬਿਆਨ ਵਿਚ ਕਿਹਾ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਿਸਰ ਦੀ ਚੋਟੀ ਦੀ ਟੀਮ ਅਹਿਲੇ ਦੇ ਖਿਲਾਫ 3-1 ਨਾਲ ਜਿੱਤ ਹਾਸਿਲ ਕਰਨ ਦੇ ਬਾਅਕ ਘਰੇਲੂ ਟੀਮ ਮਾਸਰੀ ਦੇ ਪ੍ਰਸ਼ੰਸਕ ਝੁੰਡ ਬਣਾ ਕੇ ਮੈਦਾਨ ਵਿਚ ਵੜ ਗਏ। ਉਨ੍ਹਾਂ ਨੇ ਦਰਸ਼ਕਾਂ ‘ਤੇ ਪੱਥਰ, ਬੋਤਲਾਂ ਸੁੱਟੀਆਂ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਿਸ ਨਾਲ ਕੁਝ ਖਿਡਾਰੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਕੁਝ ਸੁਰੱਖਿਆ ਅਧਿਕਾਰੀ ਵੀ ਸ਼ਾਮਿਲ ਹਨ।

Share

ਚੀਨ ਵਿਰੁੱਧ ਜੰਗ ਦੀ ਤਿਆਰੀ ਕਰ ਰਿਹੈ ਭਾਰਤ : ਅਮਰੀਕਾ

ਵਾਸ਼ਿੰਗਟਨ, 1 ਫਰਵਰੀ (ਏਜੰਸੀ) : ਭਾਰਤ ਚੀਨ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ। ਇਹ ਖੁਲਾਸਾ ਭਾਰਤੀ ਫੌਜ ਨੇ ਨਹੀਂ ਸਗੋਂ ਅਮਰੀਕੀ ਖੁਫੀਆ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਕੀਤਾ ਹੈ। ਅਮਰੀਕੀ ਨੈਸ਼ਨਲ ਖੁਫੀਆ ਵਿਭਾਗ ਦੇ ਡਾਇਰੈਕਟਰ ਜੇਮਜ਼ ਕਲੈਪਰ ਨੇ ਖੁਫੀਆ ਮਾਮਲਿਆਂ ਦੀ ਸੈਨੇਟ ਦੀ ਚੋਣ ਕਮੇਟੀ ਸਾਹਮਣੇ ਪੇਸ਼ ਆਪਣੇ ਬਿਆਨ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਚੀਨੀ ਫੌਜ ਦੀ ਮੌਜੂਦਗੀ ਨੂੰ ਲੈ ਕੇ ਭਾਰਤ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸੇ ਕਾਰਨ ਭਾਰਤੀ ਫੌਜ ਚੀਨ ਦੇ ਨਾਲ ਸੀਮਤ ਸੰਘਰਸ਼ ਲਈ ਖੁਦ ਨੂੰ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਖਿਚਾਅ ਘਟ ਕਰਨ ਨਾਲ ਜੁੜੇ ਜਨਤਕ ਬਿਆਨਾਂ ਦੇ ਬਾਵਜੂਦ ਸਾਡਾ ਅਨੁਮਾਨ ਇਹ ਹੈ ਕਿ ਭਾਰਤ ਦੀ ਆਪਣੀ ਵਾਦ-ਵਿਵਾਦ ਵਾਲੀ ਸਰਹੱਦ ‘ਤੇ ਚੀਨ ਦੀ ਸਥਿਤੀ ਅਤੇ ਹਿੰਦ ਮਹਾਸਾਗਰ ਤੇ ਪ੍ਰਸ਼ਾਂਤ ਖੇਤਰ ਵਿਚ ਬੀਜਿੰਗ ਦੀ ਸੰਭਾਵਤ ਹਮਲਾਵਰ ਸਥਿਤੀ ਨੂੰ ਲੈ ਕੇ ਚਿੰਤਾ ਲਗਾਤਾਰ ਵਧ ਰਹੀ ਹੈ।

ਕਲੈਪਰ ਨੇ ਕਿਹਾ ਕਿ ਭਾਰਤੀ ਫੌਜ ਦਾ ਇਹ ਮੰਨਣਾ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਸੰਘਰਸ਼ ਨੇੜੇ ਨਹੀਂ ਹੈ ਪਰ ਭਾਰਤੀ ਫੌਜ ਵਾਦ-ਵਿਵਾਦ ਵਾਲੀ ਸਰਹੱਦ ‘ਤੇ ਸੀਮਤ ਸੰਘਰਸ਼ ਦੀ ਤਿਆਰੀ ਨੂੰ ਲੈ ਕੇ ਆਪਣੀਆਂ ੋਫੋਰਸਾਂ ਨੂੰ ਮਜ਼ਬੂਤ ਕਰ ਰਹੀ ਹੈ। ਨਾਲ ਹੀ ਹਿੰਦ ਮਹਾਸਾਗਰ ਵਿਚ ਚੀਨ ਦੀ ਊਰਜਾ ਯੋਜਨਾ ਨੂੰ ਸੰਤੁਲਤ ਕਰਨ ਵਿਚ ਵੀ ਉਹ ਲੱਗੀ ਹੋਈ ਹੈ। ਕਲੈਪਰ ਨੇ ਕਿਹਾ ਕਿ ਚੀਨੀ ਲੀਡਰਸ਼ਿਪ ਨੇ ਸ਼ਾਂਤਮਈ ਅਤੇ ਅਮਲੇ ਵਿਦੇਸ਼ ਨੀਤੀ ਨੂੰ ਲੈ ਕੇ ਆਪਣੀ ਵਚਨਬੱਧਤਾ ਖਾਸ ਕਰ ਕੇ ਚੀਨ ਦੇ ਗੁਆਂਢੀਆਂ ਅਤੇ ਬਾਕੀ ਦੁਨੀਆ ਨਾਲ ਸਥਾਈ ਰਿਸ਼ਤਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ‘ਚ ਸੁਧਾਰ ਲਈ ਅਹਿਮ ਕਦਮ ਚੁੱਕੇ ਜਾਣ ਦੇ ਬਾਵਜੂਦ ਪਾਕਿਸਤਾਨ ਆਪਣੇ ਇਸ ਗੁਆਂਢੀ ਦੇਸ਼ ਨੂੰ ਖਤਰਾ ਮੰਨਦਾ ਹੈ।

Share
« 1 2 3 4 5 6 7 8 9 10 11 12 ... 109 110 »
Poll