28 ਸਾਲਾਂ ਬਾਅਦ ਅਮਿਤਾਭ ਤੇ ਰਿਸ਼ੀ ਦੀ ਜੋੜੀ ਇਕੱਠੀ
ਮੁੰਬਈ, 28 ਅਗਸਤ (ਏਜੰਸੀ) : ਡਾਇਰੈਕਟਰ ਮਨਮੋਹਨ ਦੇਸਾਈ ਦੀ ਮਸ਼ਹੂਰ ਫਿਲਮ ‘ਕੁਲੀ’ ਵਿਚ ਜਿਹੜੇ ਦੋ ਵੱਡੇ ਸਟਾਰ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਨੇ ਇਕੱਠਿਆਂ ਕੰਮ ਕੀਤਾ ਸੀ ਉਹ ਹੁਣ ਦੁਬਾਰਾ 28 ਸਾਲ ਬਾਅਦ ਸੁਧੀਰ ਮਿਸ਼ਰਾ ਦੀ ਫਿਲਮ ‘ਮੇਹਰੂਨਿਮਾ’ ਵਿਚ ਅਮਿਤਾਭ ਅਤੇ ਰਿਸ਼ੀ ਇਕੱਠੇ ਕੰਮ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿਚ ਇਨ੍ਹਾਂ ਦੋਹਾਂ ਸਟਾਰਾਂ ਦੇ ਸਟਾਰ ਬੇਟੇ ਅਭਿਸ਼ੇਕ ਬੱਚਨ ਅਤੇ ਰਣਬੀਰ ਕਪੂਰ ਵੀ ਹੋਣਗੇ। ਜ਼ਿਕਰਯੋਗ ਹੈ ਕਿ ਜਿਥੇ ਸੀਨੀਅਰ ਬੱਚਨ ਅਤੇ ਜੂਨੀਅਰ ਬੱਚਨ ਇਸ ਤੋਂ ਪਹਿਲਾਂ ‘ਬੰਟੀ ਔਰ ਬਬਲੀ’, ‘ਕਭੀ ਅਲਵਿਦਾ ਨਾ ਕਹਿਨਾ’, ‘ਸਰਕਾਰ’, ਅਤੇ ‘ਸਰਕਾਰ ਰਾਜ’ ਵਰਗੀਆਂ ਫਿਲਮਾਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ ਉਥੇ ਰਿਸ਼ੀ ਅਤੇ ਰਣਬੀਰ ਲਈ ਇਕੱਠੇ ਸਕ੍ਰੀਨ ਸ਼ੇਅਰ ਕਰਨ ਦਾ ਇਹ ਪਹਿਲਾ ਮੌਕਾ ਹੋਵੇਗਾ।
ਸੁਣਨ ਵਿਚ ਆਇਆ ਹੈ ਕਿ ਇਸ ਫਿਲਮ ਦੀ ਕਹਾਣੀ ਸੁਧੀਰ ਮਿਸ਼ਰਾ ਨੇ 1996 ਵਿਚ ਲਿਖੀ ਸੀ। ਹੁਣ ਜਦੋਂ ਫਿਲਮ ਦੇ ਪ੍ਰੋਡਊਸਰ ਨਿਖਿਲ ਅਡਵਾਨੀ ਨੇ ਉਨ੍ਹਾਂ ਨੂੰ ਅਪ੍ਰੋਚ ਕੀਤਾ, ਤਾਂ ਸੁਧੀਰ ਇਸ ‘ਤੇ ਫਿਲਮ ਬਣਾਉਣ ਲਈ ਤਿਆਰ ਹੈ। ਫਿਲਮ ਦੀ ਕਹਾਣੀ ਬਾਰੇ ਇਕ ਸੂਤਰ ਨੇ ਦੱਸਿਆ ਕਿ ਇਹ ਦੋ ਬਜ਼ੁਰਗਾਂ ਦੀ ਕਹਾਣੀ ਹੈ, ਜਿਸਦਾ ਰੋਲ ਇਹ ਦੋਵੇਂ ਅਭਿਨੇਤਾ ਕਰਨਗੇ। ਕਹਾਣੀ ਵਿਚ ਇਹ ਦੋਵੇਂ ਆਪਣੇ-ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਨਜ਼ਰ ਆਉਣਗੇ। ਅਭਿਸ਼ੇਕ ਅਤੇ ਰਣਬੀਰ ਆਪਣੇ-ਆਪਣੇ ਪਾਪਾ ਦੀ ਜਵਾਨੀ ਦਾ ਰੋਲ ਕਰਨਗੇ।
ਅੰਨਾ ਹਜ਼ਾਰੇ ‘ਤੇ ਕਈ ਫਿਲਮੀ ਟਾਈਟਲ ਬੁੱਕ
ਮੁੰਬਈ, 25 ਅਗਸਤ (ਏਜੰਸੀ) : ਬਾਲੀਵੁੱਡ ਅਭਿਨੇਤਾ ਹੁਣ ਫਿਲਮਾਂ ਦੇ ਜ਼ਰੀਏ ਵੀ ਅੰਨਾ ਦਾ ਸਮਰਥਨ ਕਰਨ ਲਈ ਅੱਗੇ ਆ ਰਹੇ ਹਨ। ਵੈਸੇ ਪ੍ਰਕਾਸ਼ ਝਾਅ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਸੱਤਿਆਗ੍ਰਹਿ ਨਾਮੀ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਫਿਲਮ ਦੇ ਮੁੱਖ ਰੋਲ ਲਈ ਉਨ੍ਹਾਂ ਨੇ ਅਮਿਤਾਬ ਬੱਚਨ ਨੂੰ ਸਾਈਨ ਵੀ ਕਰ ਲਿਆ ਹੈ। ਅਗਲੇ ਸਾਲ ਜਨਵਰੀ ਤੋਂ ਉਹ ਸੱਤਿਆਗ੍ਰਹਿ ਫਿਲਮ ਦੀ ਸ਼ੂਟਿੰਗ ਵੀ ਕਰਨ ਵਾਲੇ ਹਨ। ਆਮਿਰ ਖਾਨ ਦੀ ਪ੍ਰੋਡਕਸ਼ਨ ਕੰਪਨੀ ਨੇ ਅੰਨਾ ਦੇ ਜਨ ਅੰਦੋਲਨ ਨੂੰ ਲੈ ਲਗਭਗ ਅੱਧਾ ਦਰਜਨ ਫਿਲਮਾਂ ਦੇ ਨਾਂ ਰਜਿਸਟਰਡ ਕਰਵਾਏ ਹਨ। ਆਮਿਰ ਖਾਨ ਦੀ ਕੰਪਨੀ ਨੇ ਜਿਹੜੇ ਟਾਈਟਲ ਬੁੱਕ ਕਰਵਾਏ ਹਨ ਉਨ੍ਹਾਂ ਵਿਚ ‘ਹਮ ਹੋਂਗੇ ਕਾਮਯਾਬ’, ‘ਜੈ ਹਿੰਦ’, ‘ ਬੰਦੇ ਮਾਤਰਮ’, ‘ ਸਰ ਉਠਾ ਕੇ ਜਿਓ’, ਅਤੇ ਮਾਂ ਤੁਝੇ ਸਲਾਮ’ ਸ਼ਾਮਲ ਹਨ। ਵੈਸੇ ਆਮਿਰ ਖਾਨ ਕਈ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ ਜਿਨ੍ਹਾਂ ਵਿਚ ਸਰਫਰੋਸ਼, ਮੰਗਲਪਾਂਡੇ, ਲਗਾਨ, ਅਤੇ ਰੰਗ ਦੇ ਬਸੰਤੀ ਵਰਗੀਆਂ ਫਿਲਮਾਂ ਹਨ।
ਆਮਿਰ ਖਾਨ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨਾਲ ਇਸ ਦੇਸ਼ ਦਾ ਆਮ ਨਾਗਰਿਕ ਪ੍ਰੇਸ਼ਾਨ ਹੈ ਅਤੇ ਅਜਿਹੇ ਸਮੇਂ ਅੰਨਾ ਦੇ ਰੂਪ ਵਿਚ ਉਨ੍ਹਾਂ ਨੂੰ ਅਜਿਹ ਸੰਤ ਮਿਲਿਆ ਹੈ ਜਿਸ ‘ਤੇ ਪੂਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਉਥੇ ਹੀ ਉਹ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਦਿਵਾਉਣਗੇ। ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਛੇੜ ਕੇ ਅੰਨਾ ਨੇ ਦੇਸ਼ ਦੇ ਨੌਜਵਾਨਾਂ ਨੂੰ ਇਕ ਨਵਾਂ ਰਸਤਾ ਦਿਖਾਇਆ ਹੈ ਅਤੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ ਹੈ। ਆਮਿਰ ਦਾ ਕਹਿਣਾ ਹੈ ਕਿ ਇਕ 74 ਸਾਲ ਦੇ ਬਜ਼ੁਰਗ ਅੰਨਾ ਹਜ਼ਾਰੇ ਜਿਨ੍ਹਾਂ ਹਾਲਾਤਾਂ ਵਿਚ ਭ੍ਰਿਸ਼ਟਾਚਾਰ ਦੀ ਲੜਾਈ ਲੜਨ ਲਈ ਅੱਗੇ ਹਨ ਉਸ ਵਿਚ ਪੂਰੇ ਦੇਸ਼ ਦੇ ਆਮ ਨਾਗਰਿਕਾਂ ‘ਚ ਇਕ ਨਵੀਂ ਉਮੀਦ ਦੀ ਕਿਰਨ ਜਾਗੀ ਹੈ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਦੇ ਨਾਲ ਪੂਰਾ ਦੇਸ਼ ਖੜਾ ਹੈ।
ਲਤਾ ਮੰਗੇਸ਼ਕਰ ਵੱਲੋਂ ਅੰਨਾ ਹਜ਼ਾਰੇ ਦਾ ਸਮਰਥਨ
ਨਵੀਂ ਦਿੱਲੀ, 20 ਅਗਸਤ (ਏਜੰਸੀ) : ਭ੍ਰਿਸ਼ਟਾਚਾਰ ਖਿਲਾਫ਼ ਅੰਦੋਲਨ ਕਰ ਰਹੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਹੱਕ ਵਿਚ ਜਿਥੇ ਦੇਸ਼ ਦੀ ਜਨਤਾ ਤੇ ਬਾਲੀਵੁੱਡ ਅੱਗੇ ਆਇਆ ਹੈ, ਉਥੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਵੀ ਉਨ੍ਹਾਂ ਦੇ ਸਮਰਥਨ ਵਿਚ ਉਤਰ ਆਈ ਹੈ। ਅੰਨਾ ਹਜ਼ਾਰੇ ਦੇ ਨਾਮ ਆਪਣੇ ਸੰਦੇਸ਼ ਵਿਚ ਲਤਾ ਮੰਗੇਸ਼ਕਰ ਨੇ ਕਿਹਾ ਕਿ ਉਹ ਮਜਬੂਤ ਲੋਕਪਾਲ ਬਿੱਲ ਦੀ ਮੰਗ ਦਾ ਸਮਰਥਨ ਕਰਦੀ ਹੈ। ਲਤਾ ਦੇ ਇਸ ਸੰਦੇਸ਼ ਨੂੰ ਅੰਨਾ ਦੇ ਸਾਥੀ ਅਰਵਿੰਦ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ। ਇਸ ਤੋਂ ਇਲਾਵਾ ਲਤਾ ਮੰਗੇਸ਼ਕਰ ਨੇ ਟਵਿੱਟਰ ਉਤੇ ਅੰਨਾ ਹਜ਼ਾਰੇ ਦੇ ਸਮਰਥਨ ਵਿਚ ਲਿਖਿਆ ਹੈ ਕਿ ਮੈਨੂੰ ਭਾਵੇਂ ਰਾਜਨੀਤੀ ਦੀ ਸਮਝ ਨਹੀਂ ਹੈ ਅਤੇ ਨਾ ਹੀ ਮੇਰੀ ਇਸ ਵਿਚ ਕੋਈ ਦਿਲਚਸਪੀ ਹੈ, ਪਰ ਜਦੋਂ ਭ੍ਰਿਸ਼ਟਾਚਾਰ ਨਾਲ ਜੁੜਿਆ ਕੋਈ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਬੇਹੱਦ ਜ਼ਰੂਰੀ ਹੈ, ਇਸ ਲਈ ਮੈਂ ਅੰਨਾ ਹਜ਼ਾਰੇ ਦੇ ਸਮਰਥਨ ਕਰਦੀ ਹਾਂ।
ਬਾਲੀਵੁੱਡ ਦੇ ‘ਯਾਹੂ ਮੈਨ’ ਸ਼ੰਮੀ ਕਪੂਰ ਦਾ ਦਿਹਾਂਤ
ਮੁੰਬਈ, 14 ਅਗਸਤ (ਏਜੰਸੀ) : ਆਪਣੀ ਬੇਜੋੜ ਅਦਾ ਦੇ ਚਲਦਿਆਂ 50 ਤੇ 60 ਦੇ ਦਹਾਕੇ ਵਿਚ ਵੱਡੇ ਪਰਦੇ ’ਤੇ ਰਾਜ ਕਰਨ ਵਾਲੇ ਪ੍ਰਸਿੱਧ ਅਤੇ ਬਜ਼ੁਰਗ ਅਭਿਨੇਤਾ ਸ਼ੰਮੀ ਕਪੂਰ ਦਾ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਦੇ ਪ੍ਰੀਵਾਰ ਵਿਚ ਉਨ੍ਹਾਂ ਦੀ ਪਤਨੀ ਨੀਲਾ ਦੇਵੀ, ਪੁੱਤਰ ਅਦਿਤਯਾ ਰਾਜ ਅਤੇ ਪੁੱਤਰੀ ਕੰਚਨ ਦੇਸਾਈ ਪਿੱਛੇ ਛੱਡ ਗਏ ਹਨ। ਪ੍ਰੀਵਾਰਕ ਸੂਤਰਾਂ ਅਨੁਸਾਰ ਸ਼ੰਮੀ ਪਿਛਲੇ ਕੁਝ ਸਾਲਾਂ ਤੋਂ ਡੈਲੇਸਿਸ ’ਤੇ ਸਨ। ਉਨ੍ਹਾਂ ਨੂੰ ਹਫ਼ਤੇ ਵਿਚ ਘੱਟੋ-ਘੱਟ ਤਿੰਨ ਵਾਰ ਡੈਲੇਸਿਸ ਕਰਵਾਉਣਾ ਪੈਂਦਾ ਸੀ। ਉਨ੍ਹਾਂ ਨੂੰ ਕਲ੍ਹ ਹਸਪਤਾਲ ਦੇ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ। ਸਾਲ 1953 ਵਿਚ ਬਾਲੀਵੁੱਡ ਵਿਚ ਦਸਤਕ ਦੇਣ ਵਾਲੇ ਸ਼ੰਮੀ ਦੀ ਪਹਿਲੀ ਫ਼ਿਲਮ ਜੀਵਨ ਜਯੋਤੀ ਸੀ।
1961 ਵਿਚ ਸੁਪਰ ਹਿੱਟ ਫ਼ਿਲਮ ਜੰਗਲੀ ਨੇ ਉਨ੍ਹਾਂ ਨੂੰ ਵੱਡੇ ਪਰਦੇ ਦੀ ਦੁਨੀਆਂ ਵਿਚ ਖਾਸ ਜਗ੍ਹਾ ਦਿਵਾਈ। ਸ਼ੰਮੀ ਨੇ ਫ਼ਿਲਮਾਂ ਵਿਚ ਆਪਣੀ ਖਾਸ ਅਦਾਕਾਰੀ ਨਾਲ ਅਲੱਗ ਜਗ੍ਹਾ ਬਣਾਈ। ਭਾਰਤ ਦੇ ਐਲਵਿਸ ਪ੍ਰੈਸਲੀ ਕਹੇ ਜਾਣ ਵਾਲੇ ਕਪੂਰ ਗਲੈਮਰ ਪਰਦੇ ’ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਜਦੋਂ ਉਨ੍ਹਾਂ ਦੇ ਵੱਡੇ ਭਰਾ ਰਾਜ ਕਪੂਰ ਦੇ ਨਾਲ ਹੀ ਦੇਵਾ ਆਨੰਦ ਅਤੇ ਦਲੀਪ ਕੁਮਾਰ ਛਾਏ ਹੋਏ ਸਨ। ਪ੍ਰੀਵਾਰਕ ਸੂਤਰਾਂ ਅਨੁਸਾਰ ਸ਼ੰਮੀ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ ਹੋਵੇਗਾ। ਸ਼ੰਮੀ ਦਾ ਅਸਲ ਨਾਮ ਸ਼ਮਸ਼ੇਰ ਰਾਜ ਕਪੂਰ ਸੀ। 21 ਅਕਤੂਬਰ 1931 ਨੂੰ ਜਨਮੇ ਸ਼ੰਮੀ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਅਤੇ ਫ਼ਿਲਮ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਦੇ ਦੂਜੇ ਪੁੱਤਰ ਸਨ।
ਆਪਣੀ ਪ੍ਰੀਵਾਰਕ ਪਿੱਠ ਭੂਮੀ ਦੇ ਬਾਵਜੂਦ ਸ਼ੰਮੀ ਦਾ ਫ਼ਿਲਮ ਜਗਤ ਵਿਚ ਦਾਖ਼ਲਾ ‘ਰੇਲ ਕਾ ਡਿੱਬਾ’ ਵਿਚ ਮੱਧੂ ਬਾਲਾ, ਸ਼ਮ੍ਹਾ ਪ੍ਰਵਾਨਾ ਵਿਚ ਸੁਰੱਈਆ ਅਤੇ ਹਮ ਸਭ ਚੋਰ ਹੈਂ ਵਿਚ ਨੈਲਿਨੀ ਜੈਵੰਤ ਦੇ ਨਾਲ ਅਭਿਨੈ ਕਰਨ ਦੇ ਬਾਵਜੂਦ ਸ਼ੁਰੂਆਤ ਦੌਰ ਸਫ਼ਲ ਨਹੀਂ ਰਿਹਾ। ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਸ ’ਤੇ ਅਸਫ਼ਲ ਰਹੀਆਂ। ਉਨ੍ਹਾਂ ਨੇ 50 ਦੇ ਦਹਾਕੇ ਵਿਚ ਡਕਟੇਲ ਸ਼ੈਲੀ ਵਿਚ ਆਪਣੇ ਵਾਲ ਕਟਵਾ ਕੇ ਤੁਮਸਾ ਨਹੀਂ ਦੇਖਾ ਦੇ ਨਾਲ ਖੁਦ ਨੂੰ ਨਵੀਂ ਤਰ੍ਹਾਂ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸਫ਼ਲਤਾ ਮਿਲਦੀ ਗਈ।
ਆਮ ਆਦਮੀ ਖਾਤਰ ਲੜਣ ਵਾਲੇ ਅੰਨਾ ਹੀ ਅਸਲੀ ਮਰਦ : ਰਾਖੀ ਸਾਵੰਤ
ਮੁੰਬਈ, 13 ਅਗਸਤ (ਏਜੰਸੀ) : ਬਾਲੀਵੁਡ ਦੀ ਆਇਟਮ ਗਰਲ ਰਾਖੀ ਸਾਵੰਤ ਨੇ ਕਿਹਾ ਹੈ ਕਿ ਦੇਸ਼ ਵਿੱਚ ਅਸਲੀ ਮਰਦ ਅੰਨਾ ਹਜ਼ਾਰੇ ਹੀ ਹਨ। ਰਾਖੀ ਨੇ ਭ੍ਰਿਸ਼ਟਾਚਾਰ ਖਿਲਾਫ ਲੜ ਰਹੇ ਸਮਾਜਿਕ ਆਗੂ ਅੰਨਾ ਹਜ਼ਾਰੇ ਨੂੰ ਹੀ-ਮੈਨ ਕਿਹਾ ਹੈ। ਇਕ ਟੀਵੀ ਪ੍ਰੋਗਰਾਮ ਵਿਚ ਰਾਖੀ ਨੇ ਕਿਹਾ ਕਿ ਆਮ ਆਦਮੀ ਲਈ ਕੇਵਲ ਇਕੱਲਾ ਅੰਨਾ ਹਜ਼ਾਰੇ ਹੀ ਲੜ ਰਿਹਾ ਹੈ। ਰਾਖੀ ਨੇ ਕਿਹਾ ਕਿ ਮੈਂ ਤਾਂ ਉਨ੍ਹਾਂ ਦੀ ਪ੍ਰਸੰਸਕ ਹੋ ਗਈ ਹੈ। ਮੇਰੇ ਵਾਂਗ ਹੀ ਉਹ ਵੀ ਗਲਤ ਗੱਲ ਦੇ ਖਿਲਾਫ ਵਿਰੋਧ ਕਰ ਰਹੇ ਹਨ, ਮੈਂ ਇਸ ਗੱਲ ਦੀ ਇੱਜਤ ਕਰਦੀ ਹਾਂ। ਅੰਨਾ ਦੇ ਸਮਰਥਨ ਬਾਰੇ ਰਾਖੀ ਨੇ ਕਿਹਾ ਕਿ ਜੇਕਰ ਉਹ ਬੁਲਾਉਣਗੇ ਤਾਂ ਮੈਂ ਉਲਟੇ ਪੈਰ ਜਾਵਾਂਗੀ। ਲੇਕਿਨ ਮੇਰਾ ਸਮਰਥਨ ਹਮੇਸ਼ਾਂ ਉਨ੍ਹਾਂ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਖੀ ਨੇ ਬਾਬਾ ਰਾਮਦੇਵ ਨਾਲ ਵਿਆਹ ਕਰਨ ਦੀ ਗੱਲ ਕਹੀ ਸੀ।
ਪੰਜਾਬ ਸਰਕਾਰ ਵੱਲੋਂ ‘ਆਰਕਸ਼ਣ‘ ਫ਼ਿਲਮ ਵਿਖਾਉਣ ‘ਤੇ ਰੋਕ
ਚੰਡੀਗੜ੍ਹ, 11 ਅਗਸਤ (ਏਜੰਸੀ) : ਉਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਪ੍ਰਕਾਸ਼ ਝਾਅ ਦੀ ਵਿਵਾਦਤ ਫਿਲਮ ‘ਆਰਕਸ਼ਣ‘ ਦੇ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਫ਼ਿਲਮ ਦੇ ਕੁਝ ਦ੍ਰਿਸ਼ ਤੇ ਡਾਇਲਾਗ ਸੂਬੇ ‘ਚ ਅਮਨ -ਕਾਨੂੰਨ ਦੀ ਸਥਿਤੀ ਖ਼ਰਾਬ ਕਰ ਸਕਦੇ ਹਨ। ਅਕਾਲੀ ਦਲ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਫ਼ਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਸਬੰਧੀ ਆਪਣੇ ਫ਼ੈਸਲੇ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਬਣਾਈ ਕਮੇਟੀ ਇਹ ਫ਼ਿਲਮ ਵੇਖ ਕੇ ਆਪਣੀ ਰਿਪੋਰਟ ਜਮ੍ਹਾਂ ਨਹੀਂ ਕਰਵਾ ਦਿੰਦੀ, ਉਦੋਂ ਤੱਕ ਫ਼ਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲੱਗੀ ਰਹੇਗੀ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਫ਼ਿਲਮ ਬਾਰੇ ਫ਼ੈਸਲਾ ਲੈਣ ਲਈ 7 ਮੈਂਬਰੀ ਕਮੇਟੀ ਬਣਾਈ ਹੈ।
ਇਹ ਕਮੇਟੀ ਫ਼ਿਲਮ ਨੂੰ ਵੇਖਣ ਉਪਰੰਤ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਜਮ੍ਹਾਂ ਕਰਵਾਏਗੀ। ਸਰਕਾਰ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਫ਼ਿਲਮ ਦੇ ਕੁਝ ਦ੍ਰਿਸ਼ ਤੇ ਡਾਇਲਾਗ ਪੰਜਾਬ ਦੇ ਕੁਝ ਫ਼ਿਰਕਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਸਰਕਾਰ ਨੇ ਵੀ ਸੂਬੇ ‘ਚ ਫ਼ਿਲਮ ਦੇ ਪ੍ਰਦਰਸ਼ਨ ‘ਤੇ 2 ਮਹੀਨੇ ਲਈ ਰੋਕ ਲਗਾ ਦਿੱਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਉਤਰ ਪ੍ਰਦੇਸ਼ ਤੇ ਪੰਜਾਬ ਸਰਕਾਰ ਨੇ ਫ਼ਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ, ਉਥੇ ਸੈਂਸਰ ਬੋਰਡ ਦੀ 9 ਮੈਂਬਰੀ ਟੀਮ ਨੇ ਫ਼ਿਲਮ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੋਂ ਇਨਕਾਰ ਕਰਦਿਆਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਫ਼ਿਲਮ ਦੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਪ੍ਰਗਟਾਇਆ ਸੀ।
ਦੂਜੇ ਪਾਸੇ ਆਪਣੀ ਫ਼ਿਲਮ ਬਾਰੇ ਲਗਾਤਾਰ ਉਠ ਰਹੇ ਇਤਰਾਜ਼ਾਂ ਤੋਂ ਬਾਅਦ ਪ੍ਰਕਾਸ਼ ਝਾਅ ਨੇ ਫ਼ਿਲਮ ਦੇ ਕੁਝ ਬਦਲਾਅ ਲਈ ਸਹਿਮਤੀ ਦੇ ਦਿੱਤੀ ਹੈ। ਸ੍ਰੀ ਝਾਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰਕਸ਼ਣ (ਰਾਖਵਾਂਕਰਨ) ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਧਿਆਨ ‘ਚ ਰੱਖਦਿਆਂ ਹੀ ਫ਼ਿਲਮ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਕਾਰਨਾਂ ਕਰਕੇ ਫ਼ਿਲਮ ‘ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਅਤੇ ਮੈਂ ਉਸ ਨੂੰ ਦੂਰ ਕਰਨ ਦਾ ਯਤਨ ਕਰਾਂਗਾ।
ਬਿਗ ਬੀ ਅਤੇ ਪ੍ਰਕਾਸ਼ ਝਾਅ ‘ਤੇ ਕੇਸ ਦਰਜ
ਪਟਨਾ, 5 ਅਗਸਤ (ਏਜੰਸੀ) : ‘ਆਰਕਸ਼ਣ’ ਫ਼ਿਲਮ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਤੇ ਅਭਿਨੇਤਾ ਅਮਿਤਾਬ ਬੱਚਨ ਦੇ ਖਿਲਾਫ਼ ਫ਼ਿਲਮ ਆਰਕਸ਼ਣ ‘ਚ ਜਾਤੀਸੂਚਕ ਸ਼ਬਦਾਂ ਦੇ ਇਸਤੇਮਾਲ ਨੂੰ ਲੈ ਕੇ ਪ੍ਰਕਾਸ਼ ਝਾਅ ਤੇ ਅਮਿਤਾਬ ਬੱਚਨ ਦੇ ਖਿਲਾਫ ਪਟਨਾ ‘ਚ ਇੱਕ ਕੇਸ ਦਰਜ ਕੀਤਾ ਗਿਆ ਹੈ। ਸੂਤਰਾ ਅਨੁਸਾਰ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਨੇ ਫ਼ਿਲਮ ਦੇ ਪ੍ਰੋਮੋ ‘ਚ ਜਾਤੀ ਸੂਚਕ ਸ਼ਬਦ ਦੇ ਇਸਤੇਮਾਲ ‘ਤੇ ਇਤਰਾਜ਼ ਜਤਾਉਂਦੇ ਹੋਏ ਇਹ ਮੁੱਕਦਮਾ ਦਰਜ ਕਰਵਾਇਆ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾ ਹੀ ਕਾਫੀ ਹੰਗਾਮਾ ਹੋ ਰਿਹਾ ਹੈ। ਉੱਤਰ ਪ੍ਰਦੇਸ਼ ‘ਚ ਸਰਕਾਰ ਨੇ ਫ਼ਿਲਮ ਦੇ ਪ੍ਰਮੋਸ਼ਨ ਦੀ ਇਜ਼ਾਜ਼ਤ ਨਹੀਂ ਦਿੱਤੀ ਤੇ ਉਥੇ ਹੀ ਕਈ ਅਨੁਸੂਚਿਤ ਜਾਤੀ ਤੇ ਜਨਜਾਤੀ ਨਾਲ ਜੁੜੇ ਗੁਟਾਂ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਸਲਮਾਨ ਖਾਨ ਨੇ ਛੱਡਿਆ ਬਿੱਗ ਬੌਸ
ਮੁੰਬਈ, 30 ਜੁਲਾਈ (ਏਜੰਸੀ) : ਸੰਜੇ ਦੱਤ ਨਾਲ ਹੋਏ ਸਲਮਾਨ ਖਾਨ ਦੇ ਬੋਲ-ਕੁਬੋਲ ਨਾਲ ਇਨ੍ਹਾਂ ਦੋਹਾਂ ਦੇ ਰਿਸ਼ਤੇ ਵਿਚ ਆਈ ਦਰਾਰ ਨੂੰ ਹੁਣ ਸਲਮਾਨ ਖਾਨ ਨੇ ਖੱਡ ਦਾ ਰੂਪ ਦਿੰਦੇ ਹੋਏ ਕਲਰਜ਼ ਟੀ.ਵੀ. ਦੇ ਰਿਐਲਿਟੀ ਸ਼ੋਅ ਬਿੱਗ ਬੌਸ-5 ਨੂੰ ਹੋਸਟ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਸ਼ੋਅ ਨੂੰ ਸਲਮਾਨ ਅਤੇ ਸੰਜੇ ਦੱਤ ਮਿਲਕੇ ਹੋਸਟ ਕਰਨ ਵਾਲੇ ਸਨ ਪਰ ਮਾਨਿਯਤਾ ਦੱਤ ਦੇ ਜਨਮਦਿਨ ‘ਤੇ ਹੋਈ ਸਲਮਾਨ ਦੀ ਸੰਜੇ ਦੱਤ ਨਾਲ ਤੂੰ-ਤੂੰ-ਮੈਂ-ਮੈਂ ਨੇ ਵੱਡਾ ਰੂਪ ਲੈ ਲਿਆ ਹੈ। ਇਨ੍ਹਾਂ ਦੋਹਾਂ ਦੀ ਨਾਰਾਜ਼ਗੀ ਨਾਲ ਬਾਲੀਵੁੱਡ ਨੂੰ ਕਰੋੜਾਂ ਦਾ ਨੁਕਸਾਨ ਹੋਣ ਦੀ ਉਮੀਦ ਹੈ। ਬਿੱਗ ਬੌਸ-5 ਤੋਂ ਇਲਾਵਾ ਸੰਜੇ ਦੱਤ ਅਤੇ ਸਲਮਾਨ ਖਾਨ ਇਕ ਐਕਸ਼ਨ ਥ੍ਰਿਲਰ ਵਿਚ ਵੀ ਇਕੱਠੇ ਆਉਣ ਵਾਲੇ ਸਨ। ਹੋ ਸਕਦਾ ਹੈ ਕਿ ਸਲਮਾਨ ਇਸ ਫਿਲਮ ਨੂੰ ਵੀ ਕਰਨ ਤੋਂ ਨਾਂਹ ਕਰ ਦੇਵੇ। ਸਲਮਾਨ ਖਾਨ ਨੇ ਬਿੱਗ ਬੌਸ ਦੇ ਨਿਰਮਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਐਪੀਸੋਡ ਲਈ ਉਪਲਬਧ ਨਹੀਂ ਰਹਿਣਗੇ। ਸਲਮਾਨ ਹੁਣ ਬਿੱਗ ਬੌਸ ਸ਼ੋਅ ਦੇ ਪਹਿਲੇ ਦੋ ਐਪੀਸੋਡ ‘ਚ ਵੀ ਨਜ਼ਰ ਆਉਣਗੇ। ਪਹਿਲਾਂ ਇਹ ਤੈਅ ਕੀਤਾ ਗਿਆ ਸੀ ਕਿ ਸਲਮਾਨ ਖਾਨ ਅਤੇ ਸੰਜੇ ਦੱਤ ਇਕੱਠੇ ਇਸ ਟੀ.ਵੀ. ਸ਼ੋਅ ਨੂੰ ਹੋਸਟ ਕਰਨਗੇ ਪਰ ਸੰਜੇ ਦੱਤ ਦੇ ਘਰ ਝਗੜਾ ਹੋਣ ਕਾਰਨ ਹੁਣ ਲੱਗਦੈ ਇੰਝ ਹੋਣਾ ਸੰਭਵ ਨਹੀਂ ਰਿਹਾ।
ਓਬਰਾਏ ਖਿਲਾਫ਼ ਗੈਰ ਜ਼ਮਾਨਤੀ ਵਾਰੰਟ
ਮੁੰਬਈ, 29 ਜੁਲਾਈ (ਏਜੰਸੀ) : ਬਾਲੀਵੁੱਡ ਅਭਿਨੇਤਾ ਸੁਰੇਸ਼ ਓਬਰਾਏ ਅਤੇ ਉਨ੍ਹਾਂ ਦੇ ਲੜਕੇ ਵਿਵੇਕ ਓਬਰਾਏ ਮੁਸੀਬਤਾਂ ਵਿਚ ਫਸਫੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਚੈਕ ਬਾਊਂਸ ਹੋਣ ਦੇ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਓਬਰਾਏ ਖਿਲਾਫ਼ ਸ਼ਿਕਾਇਤ ਜਵਾਹਰ ਲਾਲ ਅਗੀਚਾ ਵੱਲੋਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਓਬਰਾਏ ਦੀ ਕੰਪਨੀ ਨੇ ਉਨ੍ਹਾਂ ਦੇ ਬ੍ਰਾਂਡਸ ਦੇ ਭਾਰਤ ਅਤੇ ਵਿਦੇਸ਼ਾਂ ਵਿਚ ਪ੍ਰਚਾਰ ਲਈ ਵਿੱਤੀ ਸਹਾਇਤਾ ਮੰਗੀ ਸੀ ਅਤੇ ਇਸ ਲਈ ਉਨ੍ਹਾਂ ਦੀ 3.9 ਕਰੋੜ ਦੀ ਸਹਾਇਤਾ ਦੇ ਬਦਲੇ 50 ਹਜ਼ਾਰ ਰੁਪਏ ਚੈਕ ਰਾਹੀਂ ਮਿਲੇ, ਜਦੋਂ ਕਿ ਤਿੰਨ ਕਰੋੜ ਦਾ ਚੈਕ ਬਾਊਂਸ ਹੋ ਗਿਆ। ਦੱਸਣਯੋਗ ਹੈ ਕਿ ਇਹ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਅਦਾਲਤ ਪਹੁੰਚਿਆ ਸੀ, ਪਰ ਵਿਵੇਕ ਅਤੇ ਸੁਰੇਸ਼ ਦੇ ਸੁਣਵਾਈ ਦੌਰਾਨ ਗੈਰ ਹਾਜ਼ਰ ਰਹਿਣ ਕਾਰਨ ਅਦਾਲਤ ਨੇ ਇਹ ਵਾਰੰਟ ਜਾਰੀ ਕੀਤਾ ਹੈ।
ਸੂਫੀ ਗਾਇਕ ਸਰਤਾਜ ‘ਤੇ ਕਾਪੀ ਰਾਈਟ ਐਕਟ ਅਧੀਨ ਮਕੱਦਮਾ ਦਰਜ
ਮਾਮਲਾ ਤਰਲੋਕ ਜੱਜ ਦੀ ਰਚਨਾ ਚੋਰੀ ਕਰਨ ਦਾ
ਲੁਧਿਆਣਾ, 27 ਜੁਲਾਈ (ਕੁਲਦੀਪ ਸਿੰਘ ਲੋਹਟ) : ਉ¤ਘੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ‘ਤੇ ਫਿਰੋਜਪੁਰ ਸਿਟੀ ਥਾਣੇ ਵਿਚ ਗੀਤ ਚੋਰੀ ਕਰਨ ਦੇ ਦੋਸ਼ ਅਧੀਨ ਮਕੱਦਮਾ ਦਰਜ ਕੀਤਾ ਗਿਆ ਹੈ। ਸਰਤਾਜ ਵਿਰੱਧ ਇਹ ਕਾਰਵਾਈ ਉ¤ਘੇ ਪੰਜਾਬੀ ਸ਼ਾਇਰ ਤਰਲੋਕ ਜੱਜ ਦੀ ਸਿਕਾਇਤ ਦੇ ਅਧਾਰਤ ਕੀਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਸਾਇਰ ਤਰਲੋਕ ਜੱਜ ਨੇ ਆਪਣੀ ਪ੍ਰਕਾਸਿਤ ਰਚਨਾ ‘ਅਸਾਂ ਅੱਗ ਦੇ ਬਸਤਰ ਪਾਉਣੇ ਨੇ ਨਜਦੀਕ ਨਾਂ ਹੋ ‘ਨੂੰ ਸੂਫੀ ਗਾਇਕ ਸਰਤਾਜ ਵਲੋ ਂਆਪਣੇ ਨਾਂ ਹੇਠ ਗਾਉਣ ਅਤੇ ਰਚਨਾ ਨਾਲ ਚੀਰ-ਫਾੜ ਕਰਨ ਦਾ ਦੋਸ ਲਾਇਆ ਸੀ।ਸਰਤਾਜ ਨੇ ਇਸ ਰਚਨਾਂ ਨੂੰ ਇਕ ਵਿਦੇਸੀ ਸ਼ੋ ਦੌਰਾਨ ਗਾਇਆ ਗਿਆ ਸੀ ਤੇ ਇਸ ਸ਼ੋ ਦੀ ‘ਇਬਾਦਤ’ ਨਾਂ ਦੀ ਵੀ .ਸੀ.ਡੀ ਰਿਲੀਜ ਕੀਤੀ ਗਈ ਸੀ। ਇਕ ਸਮੇ ਇਹ ਮਾਮਲਾ ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿਚ ਚਰਚਿਤ ਰਿਹਾ ਤੇ ਆਖਿਰ ਸ਼ਾਇਰ ਜੱਜ ਵਲੋਂ ਗਾਇਕ ਸਰਤਾਜ ਨੂੰ ਢਾਈ ਕਰੋੜ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਸੀ।
ਮਾਮਲਾ ਉਦੋਂ ਸਾਂਤ ਹੋ ਗਿਆ ਜਦ ਗਾਇਕ ਸਤਿੰਦਰ ਸਰਤਾਜ ਸ਼ਾਇਰ ਤਰਲੋਕ ਜੱਜ ਦੇ ਘਰ ਜਾ ਕੇ ਇਸ ਸਰਤ ‘ਤੇ ਮੁਆਫੀ ਮੰਗ ਆਇਆ ਕਿ ਉਹ ਅੱਗੇ ਤੋਂ ਸ਼ਾਇਰ ਜੱਜ ਦੀ ਰਚਨਾਂ ਠਅੱਗ ਦੇ ਬਸਤਰੂ ਵਿਚ ਸ਼ਾਇਰ ਜੱਜ ਦੇ ਨਾਂ ਨੂੰ ਪੂਰਾ ਸਤਿਕਾਰ ਦੇਣਗੇ।ਇਸ ਵਿਸਵਾਸ਼ ਨਾਲ ਸਰਤਾਜ ਨੇ ਸ਼ਾਇਰ ਸ਼ਾਇਰ ਜੱਜ ਤੋਂ ਲਿਖਤੀ ਰੂਪ’ਚ ਮੁਆਫੀ ਮੰਗੀ ਸੀ। ਇਕ ਵਾਰ ਫਿਰ ਮਾਮਲਾ ਉਦੋਂ ਵਿਗੜ ਗਿਆ ਜਦ ਗਾਇਕ ਸਰਤਾਜ ਨੇ ਵਾਅਦਾ ਖਿਲਾਫੀ ਕਰਦਿਆਂ ਜੱਜ ਦੀ ਇਸੇ ਰਚਨਾ ਨੂੰ ਇਕ ਪੰਜਾਬੀ ਚੈਨਲ ‘ਤੇ ਫਿਰ ਆਪਣੇ ਨਾਂ ਹੇਠ ਰਪੀਟ ਕਰ ਦਿਤਾ। ਜਿਸਤੇ ਸ਼ਾਇਰ ਜੱਜ ਨੇ ਮਾਮਲਾ ਅਦਾਲਤ ਦੀ ਸ਼ਰਨ ‘ਚ ਲਿਜਾਣ ਦਾ ਫੈਸਲਾ ਲੈ ਲਿਆ ਅਤੇ ਇਸ ਸਬੰਧੀ ਗਾਇਕ ਸਰਤਾਜ ਅਤੇ ਇਕਬਾਲ ਮਾਹਲ ਖਿਲਾਫ ਥਾਣਾ ਫਿਰੋਜਪੁਰ ਸਿਟੀ ਵਿਚ ਸਿਕਾਇਤ ਦਿੱਤੀ । ਜਿਸ ‘ਤੇ ਅਧਾਰਤ ਅੱਜ ਥਾਣਾ ਸਿਟੀ ਫਿਰੋਜਪੁਰ ਵਿਖੇ ਗਾਇਕ ਸਰਤਾਜ ‘ਤੇ ਹੇਰਾਫੇਰੀ ਕਰਨ ਦੇ ਦੋਸ਼ ਅਧੀਨ ਮਕੱਦਮਾ ਦਰਜ ਕਰ ਲਿਆ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਗਾਇਕ ਸਰਤਾਜ ‘ਤੇ ਇਕ ਹੋਰ ਸ਼ਾਇਰ ਨੇ ਆਪਣੀ ਰਚਨਾ ‘ਜਮੀਨਾ ਮਹਿੰਗੀਆਂ ਇੱਥੇ,ਜਮੀਰਾਂ ਸਸਤੀਆਂ ਇੱਥੇ ਨਾਲ ਚੀਰ ਫਾੜ ਕਰਨ ਦਾ ਦੋਸ਼ ਮੜਿਆ ਸੀ।ਫਿਲਹਾਲ ਇਹ ਵੀ ਮਾਮਲਾ ਵਿਵਾਦਾਂ ਵਿਚ ਹੀ ਹੈ । ਉਪਰੋਕਤ ਮਾਮਲੇ ਸਬੰਧੀ ਜਦ ਗਾਇਕ ਸਰਤਾਜ ਨਾਲ ਸੰਪਰਕ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਬਾਰ-ਬਾਰ ਸੰਪਰਕ ਕਰਨ ‘ਤੇ ਵੀ ਸੰਪਰਕ ਨਹੀਂ ਹੋ ਸਕਿਆ।






