ਬਿਪਾਸ਼ਾ ਬਾਸੂ ਨੂੰ ਮੁੰਬਈ ਹਵਾਈ ਅੱਡੇ ‘ਤੇ ਰੋਕਿਆ
ਮੁੰਬਈ ,26 ਮਈ (ਏਜੰਸੀ) : ਅਦਾਕਾਰਾ ਮਨੀਸ਼ਾ ਲਾਂਬਾ ਨਾਲ ਮਿਲਦੀ-ਜੁਲਦੀ ਇੱਕ ਘਟਨਾ ਵਿਚ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੁੰ ਵੀ ਆਪਣੇ ਸਾਮਾਨ ਬਾਰੇ ਨਾ ਦੱਸਣ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਸਥਾਨਕ ਕੌਮਾਂਤਰੀ ਹਵਾਈ ਅੱਡੇ ‘ਤੇ ਰੋਕ ਲਿਆ। ਇਸ ਉਪਰੰਤ ਕਸਟਮ ਡਿਊਟੀ ਅਦਾ ਕਰਨ ‘ਤੇ ਹੀ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਜ਼ਿਕਰਯੋਗ ਹੈ ਬਿਪਾਸ਼ਾ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਲੰਦਨ ਤੋਂ ਆਪਣੀ ਵਾਪਸੀ ਸਮੇਂ ਸਥਾਨਕ ਹਵਾਈ ਅੱਡੇ ‘ਤੇ ਆਪਣੇ ਨਾਲ ਲਿਆਂਦੇ ਸਾਮਾਨ ਬਾਰੇ ਦੱਸਣ ਤੋਂ ਬਿਨਾਂ ਗਰੀਨ ਚੈਨਲ ਪਾਰ ਕਰ ਗਈ। ਕਸਟਮ ਵਿਭਾਗ ਦੇ ਵਧੀਕ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ‘ਅਦਾਕਾਰਾ ਬਿਪਾਸ਼ਾ ਬਾਸੂ ਨੂੰ ਕੁਝ ਅਣਐਲਾਨੀਆਂ ਚੀਜ਼ਾਂ ਨੂੰ ਲਿਜਾਂਦਿਆਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਬਿਪਾਸ਼ਾ ਬਾਸੂ ਨੇ ਕਸਟਮ ਡਿਊਟੀ ਦੇ ਦਿੱਤੀ ਤਾਂ ਉਨ੍ਹਾਂ ਨੂੰ ਉਥੋਂ ਜਾਣ ਦਿੱਤਾ ਗਿਆ। ਹਾਲਾਂਕਿ ਕਸਟਮ ਕਮਿਸ਼ਨਰ (ਹਵਾਈ ਅੱਡਾ) ਪੀਐਮ ਗਾਵੜੇ ਨੇ ਇਸ ਤੋਂ ਇਨਕਾਰ ਕੀਤਾ ਕਿ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੁੰ ਹਵਾਈ ਅੱਡੇ ‘ਤੇ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਿਪਾਸ਼ਾ ਬਾਸੂ 65 ਹਜ਼ਾਰ ਰੁਪਏ ਦੀ ਕੀਮਤ ਦਾ ਸਾਮਾਨ ਬਿਨਾਂ ਦੱਸੇ ਲਿਜਾ ਰਹੀ ਸੀ, ਇਸ ਲਈ ਅਸੀਂ ਉਨ੍ਹਾਂ ਨੂੰ 13 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕਰਨ ਲਈ ਕਿਹਾ ਜੋ ਉਨ੍ਹਾਂ ਨੇ ਅਦਾ ਕਰ ਦਿੱਤੀ।‘ ਉਨ੍ਹਾਂ ਕਿਹਾ ਕਿ ਬਾਲੀਵੁੱਡ ਅਦਾਕਾਰਾ ‘ਤੇ ਕੋਈ ਜ਼ੁਰਮਾਨਾ ਨਹੀਂ ਲਗਾਇਆ ਗਿਆ। ਦੂਜੇ ਪਾਸੇ ਬਿਪਾਸ਼ਾ ਬਾਸੂ ਨੇ ਇੱਕ ਸੰਖੇਪ ਬਿਆਨ ਵਿਚ ਕਿਹਾ ‘ਇਹ ਹਵਾਈ ਅੱਡੇ ਤੇ ਰੂਟੀਨ ਚੈਕਅੱਪ ਸੀ ਅਤੇ ਬਹੁਤ ਸਾਰੇ ਹੋਰ ਲੋਕਾਂ ਦੀ ਵੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਸਾਮਾਨ ਲਈ 12 ਹਜ਼ਾਰ ਰੁਪਏ ਟੈਕਸ ਵਜੋਂ ਅਦਾ ਕੀਤੇ।
ਰਾਖਵਾਂਕਰਨ ਦੇ ਮੁੱਦੇ ਨੇ ਮੇਰੀ ਸੋਚ ਬਦਲੀ: ਸੈਫ਼
ਮੁੰਬਈ, 18 ਮਈ (ਏਜੰਸੀ) : ਪ੍ਰਕਾਸ਼ ਝਾਅ ਦੀ ਅਗਲੀ ਫਿਲਮ ‘ਆਰਕਸ਼ਨ’ ਵਿੱਚ ਕੰਮ ਰਹੇ ਬਾਲੀਵੁੱਡ ਸਟਾਰ ਸੈਫ਼ ਅਲੀ ਖਾਨ ਦਾ ਕਹਿਣਾ ਹੈ ਕਿ ਫਿਲਮ ਨੇ ਇਸ ਵਿਸ਼ੇ ਬਾਰੇ ਉਸ ਦੀ ਸੋਚ ਨੂੰ ਹੋਰ ਮਾਇਨੇ ਦਿੱਤੇ ਹਨ। ਇਹ ਮੁੱਦਾ ਦੇਸ਼ ਦੇ ਹੋਰਨਾਂ ਭਖਵੇਂ ਮਸਲਿਆਂ ਵਿਚੋਂ ਇਕ ਹੈ। ਸਰਕਾਰੀਆਂ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਜਾਤੀ ਆਧਾਰਤ ਰਾਖਵਾਂਕਰਨ ਇਕ ਅਹਿਮ ਮਸਲਾ ਹੈ ਤੇ ‘ਆਰਕਸ਼ਨ’ ਇਸ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਸੈਫ਼ ਨੇ ਕਿਹਾ, ‘ਇਸ ਫਿਲਮ ਵਿੱਚ ਆਉਣ ਤੋਂ ਪਹਿਲਾਂ ਮੈਂ ਰਾਖਵੇਂਕਰਨ ਦੇ ਪੂਰੀ ਤਰ੍ਹਾਂ ਖਿਲਾਫ਼ ਸੀ। ਮੈਂ ਸਮਝਦਾ ਸੀ ਕਿ ਮੈਰਿਟ ਦੇ ਆਧਾਰ ‘ਤੇ ਨੀਤੀ ਤੈਅ ਹੋਣੀ ਚਾਹੀਦੀ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਕੋਟੇ ਤਹਿਤ ਬਣਿਆ ਡਾਕਟਰ ਮੇਰਾ ਦਿਮਾਗ ਦਾ ਆਪਰੇਸ਼ਨ ਕਰੇ ਪਰ ਇਹ ਫਿਲਮ ਕਰਨ ਮਗਰੋਂ ਮੈਂ ਇਸ ਦਾ ਦੂਸਰਾ ਪਹਿਲੂ ਵੀ ਦੇਖਿਆ ਕਿ ਕਿਵੇਂ ਸਹੂਲਤਾਂ ਤੋਂ ਸੱਖਣੇ ਲੋਕ ਜ਼ਿੰਦਗੀ ਨਾਲ ਜੂਝਦੇ ਹਨ ਤੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਦਾ।
ਅਜਿਹਾ ਨਹੀਂ ਹੈ ਕਿ ਬਿਨਾਂ ਪ੍ਰੀਖਿਆ ਪਾਸ ਕੀਤਿਆਂ ਨੌਕਰੀ ਮਿਲੇ ਤੇ ਬਿਨਾਂ ਸਰਟੀਫਿਕੇਟ ਮਿਲੇ ਤੁਸੀਂ ਡਾਕਟਰ ਬਣ ਸਕਦੇ ਹੋ। ‘ ਸੈਫ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਪੱਛੜੀ ਜਾਤੀ ਦੇ 10-20 ਫੀਸਦੀ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਮਿਲਣਾ ਚਾਹੀਦਾ ਹੈ। ਮੈਂ ਸਮਝਦਾ ਕਿ ਤੁਸੀਂ ਆਮ ਵਿਧੀਆਂ ਰਾਹੀਂ ਦੇਸ਼ ਨਹੀਂ ਚਲਾ ਸਕਦੇ ਕਿਉਂਕਿ ਇਹ ਬਹੁਤ ਵਿਲੱਖਣ ਸਥਿਤੀਆਂ ਹਨ। ਇਸ ਲਈ ਇਹ ਫਿਲਮ ਕਰਨ ਮਗਰੋਂ ਮੇਰੀ ਸੋਚ ਇਸ ਮੁੱਦੇ ਬਾਰੇ ਕੁਝ ਹਦ ਤੱਕ ਬਦਲੀ ਹੈ। ਮੇਰੇ ਮੁਤਾਬਕ ਇਹ ਕੋਟਾ ਹੋਣਾ ਚਾਹੀਦਾ ਹੈ ਪਰ ਕੁਝ ਖਾਸ ਹਾਲਤਾਂ ਵਿੱਚ।’ ਸੈਫ਼ ਨੇ ਇਸ ਵਿੱਚ ਦੀਪਕ ਕੁਮਾਰ ਨਾਮੀ ਦਲਿਤ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ।ਉਧਰ ਕਾਨਪੁਰ ਵਿੱਚ ਦਲਿਤ ਸੁਰਕਸ਼ਾ ਸਮਿਤੀ ਨੇ ਸੈਫ਼ ਨੂੰ ਉਚ ਘਰਾਣੇ ਦਾ ਹੋਣ ਕਾਰਨ ਫਿਲਮ ਵਿੱਚ ਦਲਿਤ ਬਣਾਏ ਜਾਣ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਅਨੁਸਾਰ ਅਜਿਹਾ ਕਰਕੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਸਬੰਧੀ ਜਥੇਬੰਦੀ ਨੇ ਝਾਅ ਦੇ ਪਟਨਾ ਸਥਿਤ ਦਫ਼ਤਰ ਵਿੱਚ ਪੱਤਰ ਵੀ ਭੇਜਿਆ ਹੈ।
ਹਿਊਸਟਨ ਫਿਲਮ ਸਮਾਰੋਹ ਵਿਚ ਭਾਰਤੀ ਫਿਲਮ ਦੀ ਝੰਡੀ
ਹਿਊਸਟਨ, 17 ਮਈ (ਏਜੰਸੀ) : ਪਰਵਾਸੀ ਭਾਰਤੀ ਨਿਰਦੇਸ਼ਕਾ ਤ੍ਰਿਸ਼ਾ ਰੇਅ ਦੀ ਫਿਲਮ ‘ਸ਼ੂਗਰ ਬੇਬੀ’ ਨੇ ਹਿਊਸਟਨ ਦੇ ਵਰਲਡ ਫੈਸਟ-2011 ਵਿਚ ਸਰਵੋਤਮ ਫੀਚਰ ਫਿਲਮ ਲਈ ਚੁਣੇ ਜਾਣ ‘ਤੇ ‘ਗੋਲਡ ਰੇਮੀ’ ਪੁਰਸਕਾਰ ਜਿੱਤਿਆ ਹੈ।ਫਿਲਮ ਵਿਚ ਭਾਰਤ ਅਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਅਭਿਨੇਤਾ ਸ਼ਾਮਲ ਹਨ। ਇਸ ਵਿਚ ਸਤਿਅਜੀਤ ਰੇਅ ਦੇ ਦੋ ਨਾਇਕ ਸੁਮਿੱਤਰਾ ਚੈਟਰਜੀ ਅਤੇ ਬਾਰੁਨ ਚੰਦ ਵੀ ਸ਼ਾਮਲ ਹਨ। ਤ੍ਰਿਸ਼ਾ ਰੇਅ ਨੇ ਕਿਹਾ ਕਿ ਉਹ ਇਸ ਸ਼ਾਨਦਾਰ ਸਮਾਰੋਹ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਬਹੁਤ ਖੁਸ਼ ਹਨ। ‘ਸ਼ੂਗਰ ਬੇਬੀ’ ਫਿਲਮ ਬਰਾਇਨ ਸਟੀਵਰਟ ਦੇ ਇਕ ਨਾਵਲ ‘ਤੇ ਆਧਾਰਿਤ ਹੈ। ਇਹ ਫਿਲਮ ਤਿੰਨ ਲੜਕੀਆਂ ਮਰੀਆ, ਸੈਲੀ ਅਤੇ ਤਾਰਾ ਦੀ ਹੈ, ਜੋ ਕੋਲਕਾਤਾ ਦੀਆਂ ਗਲੀਆਂ ਵਿਚ ਗਾਉਂਦੀਆਂ ਹਨ।
ਇਕ ਦਿਨ ਉਨ੍ਹਾਂ ਨੂੰ ਇਕ ਬੇਸਹਾਰਾ ਬੱਚਾ ਮਿਲਦਾ ਹੈ ਤੇ ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ। ਰੇਅ ਨੇ ਕਿਹਾ, “ਮੈਂ ਲੜਕੀਆਂ ਨੂੰ ਐਂਗਲੋ ਇੰਡੀਅਨਜ਼ ਦੇ ਰੂਪ ਵਿਚ ਦਿਖਾ ਰਹੀ ਹਾਂ। ਇਹ ਫਿਲਮ ਨਿਊਯਾਰਕ ਵਿਚ ਫਿਲਮਾਈ ਜਾਣੀ ਸੀ, ਪਰ ਮੈਂ ਸੋਚਿਆ ਕਿ ਕੋਲਕਾਤਾ ਵਿਚ ਇਸ ਦੀ ਸ਼ੂਟਿੰਗ ਕਿਉਂ ਨਾ ਕੀਤੀ ਜਾਵੇ। ਮੇਰੀ ਫਿਲਮ ਦੇ ਨਿਰਮਾਤਾ ਵੀ ਇਸ ਲਈ ਸਹਿਮਤ ਹੋ ਗਏ। ਮੈਂ ਕੋਲਕਾਤਾ ਨੂੰ ਕੌਮਾਂਤਰੀ ਸ਼ਹਿਰ ਦੇ ਰੂਪ ਵਿਚ ਪੇਸ਼ ਕਰਨਾ ਚਾਹੁੰਦੀ ਸੀ, ਇਸ ਲਈ ਇਹ ਤਿੰਨੇ ਲੜਕੀਆਂ ਨਾ ਤਾਂ ਭਾਰਤੀ ਹਨ ਤੇ ਨਾ ਹੀ ਵਿਦੇਸ਼ੀ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਪੈਸੇ ਬਚਾਉਣ ਲਈ ਹੀ ਕੋਲਕਾਤਾ ‘ਚ ਫਿਲਮ ਨਹੀਂ ਬਣਾਈ। ਮੈਕਸੀਕੋ ਵਿਚ ਬੜੀ ਸਸਤੀ ਲਾਗਤ ਨਾਲ ਫਿਲਮ ਬਣਾਈ ਜਾ ਸਕਦੀ ਸੀ ਪਰ ਭਾਰਤ ਵਿਚ ਫਿਲਮ ਬਣਾਉਣਾ ਸੌਖਾ ਅਤੇ ਚਿੰਤਾਮੁਕਤ ਹੈ।
ਇਸ ਤੋਂ ਇਲਾਵਾ ਭਾਰਤ ਵਿਚ ਫਿਲਮ ਉਦਯੋਗ ਨਾਲ ਸਬੰਧਤ ਮੁਲਾਜ਼ਮ ਸਮੇਂ ਸਿਰ ਆਪਣਾ ਕੰਮ ਖਤਮ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਦਰਸ਼ਕ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਨ। ਪੁਰਸਕਾਰ ਕੇਵਲ ਤੁਹਾਡੇ ਕੰਮ ਨੂੰ ਮਾਨਤਾ ਦਿੰਦੇ ਹਨ, ਪਰ ਅਸਲੀ ਸੰਤੁਸ਼ਟੀ ਦਰਸ਼ਕਾਂ ਦੀ ਖੁਸ਼ੀ ਤੋਂ ਹੀ ਮਿਲਦੀ ਹੈ।
ਵਧੀਆ ਇਨਸਾਨ ਸੀ ਸੱਦਾਮ ਹੁਸੈਨ : ਅਕਬਰ ਖਾਨ
ਮੁੰਬਈ, 29 ਅਪ੍ਰੈਲ (ਏਜੰਸੀ) : ਬਾਲੀਵੱਡ ‘ਚ ਹਮੇਸ਼ਾ ਖਾਨ ਨਾਮ ਦੀ ਤੂਤੀ ਬੋਲਦੀ ਰਹੀ ਹੈ। ਅੱਜ ਭਾਵੇਂ ਸਲਮਾਨ-ਆਮਿਰ ਤੇ ਸ਼ਾਹਰੁਖ ਦੇ ਨਾਂ ਦਾ ਡੰਕਾ ਵੱਜਦਾ ਹੈ ਪਰ ਬੀਤੇ ਜ਼ਮਾਨੇ ਦੇ ਫਿਰੋਜ਼ ਖਾਨ ਤੇ ਸੰਜੇ ਖਾਨ ਨੂੰ ਵੀ ਲੋਕ ਅੱਜ ਉਨ੍ਹਾਂ ਦੇ ਵੱਖਰੇ ਅਕਸ ਕਾਰਨ ਯਾਦ ਕਰਦੇ ਹਨ। ਖਾਨ ਭਰਾਵਾਂ ਦਾ ਇਕ ਹੋਰ ਭਰਾ ਵੀ ਹੈ ਜਿਸਦਾ ਨਾਂ ਅਕਬਰ ਖਾਨ ਹੈ ਜਿਹੜੇ ਕਿ ਇਤਿਹਾਸਕ ਚਰਿੱਤਰਾਂ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਦੇ ਟੀ. ਵੀ. ਪ੍ਰੋਗਰਾਮਾਂ ਦਾ ਵੀ ਨਿਰਮਾਣ ਕੀਤਾ ਸੀ। ਹੁਣ ਅਦਾਕਾਰ ਤੇ ਪ੍ਰੋਡਿਊਸਰ ਅਕਬਰ ਖਾਨ ਡਾਕੂਮੈਂਟਰੀ ਫਿਲਮ ‘ਫਰਾਮ ਪ੍ਰੈਜ਼ੀਡੈਂਟ ਟੂ ਪ੍ਰਿਜ਼ਨਰ’ ‘ਚ ਮਰਹੂਮ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਦੀ ਭੂਮਿਕਾ ‘ਚ ਨਜ਼ਰ ਆਉਣਗੇ, ਜਿਸਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹਨ। ਇਹ ਫਿਲਮ ਅਜੀਜ ਬਰਨੀ ਦੀ ਪੁਸਤਕ ‘ਸਫਰ ਜ਼ਿੰਦਗੀ ਕਾ’ ‘ਤੇ ਅਧਾਰਿਤ ਹੈ। ਖਾਨ ਪਿਛਲੀ ਵਾਰ ਚੰਦਨ ਰਾਏ ਸਾਨਿਆਲ ਦੀ ‘ਐੱਫ. ਏ. ਐੱਲ. ਟੀ. ਯੂ.’ ‘ਚ ਦਿਖਾਈ ਦਿਤੇ ਸਨ। ਆਪਣੇ ਰੋਲ ਬਾਰੇ ਅਕਬਰ ਖਾਨ ਨੇ ਕਿਹਾ ਕਿ ਇਹ ਇਕ ਬੇਹੱਦ ਹੀ ਦਿਲਚਸਪ ਕਿਰਦਾਰ ਹੈ। ਸੱਦਾਮ ਦੇ ਬਾਰੇ ਹਰ ਵਿਅਕਤੀ ਵੱਖ ਵੱਖ ਸੋਚ ਰੱਖਦਾ ਹੈ। ਅੱਧੀ ਦੁਨੀਆ ਸੱਦਾਮ ਨੂੰ ਹੀਰੋ ਮੰਨਦੀ ਹੈ ਜਦਕਿ ਹੋਰ ਅੱਧੇ ਲੋਕ ਉਨ੍ਹਾਂ ਨੂੰ ਖਲਨਾਇਕ ਦੀ ਤਰ੍ਹਾਂ ਦੇਖਦੇ ਹਨ।
ਰਾਜਨੀਤੀ ਨਾਲ ਕੋਈ ਸਰੋਕਾਰ ਨਹੀਂ : ਗੋਵਿੰਦਾ
ਨੋਇਡਾ, 25 ਅਪ੍ਰੈਲ (ਏਜੰਸੀ) : ਰਾਜਨੀਤੀ ਤੋਂ ਤੌਬਾ ਕਰ ਚੁੱਕੇ ਗੋਵਿੰਦਾ ਨੇ ਕਿਹਾ ਕਿ ਹੁਣ ਉਹ ਰਾਜਨੀਤੀ ਤੋਂ ਕੋਹਾਂ ਦੂਰ ਹਨ ਅਤੇ ਸਿਰਫ ਐਕਟਿੰਗ ਉਪਰ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਬੀਤੇ ਦਿਨੀਂ ਈ.ਓ.ਡੀ. ਵਿਚ ਆਪਣੀ ਫਿਲਮ ਨੌਟੀ ਐਟ ਫੌਰਟੀ ਦੇ ਪ੍ਰਚਾਰ ਲਈ ਪਹੁੰਚੇ ਗੋਵਿੰਦਾ ਨੇ ਕਿਹਾ ਕਿ ਉਹ ਆਪਣੇ ਐਕਟਿੰਗ ਕੈਰੀਅਰ ਵੱਲ ਜ਼ਿਆਦਾ ਧਿਆਨ ਦੇਣਾ ਚਾਹੁੰਦਾ ਹੈ ਇਸੇ ਕਾਰਨ ਉਸ ਨੇ ਰਾਜਨੀਤੀ ਤੋਂ ਤੌਬਾ ਕਰ ਲਈ ਹੈ। ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੋਵਿੰਦਾ ਨੇ ਕਿਹਾ ਕਿ ਇਨਸਾਨ ਦੀ ਉਮਰ ਨਹੀਂ ਬਲਕਿ ਉਸ ਦੀ ਸੋਚ ਉਸ ਨੂੰ ਜਵਾਨ ਰੱਖਦੀ ਹੈ। ਨੌਟੀ ਦਾ ਕਿਰਦਾਰ ਵੀ ਅਜਿਹਾ ਹੀ ਹੈ ਜੋ ਕਿ ਪਿਆਰ ਦੀ ਭਾਲ ਵਿਚ ਹੈ। ਫਿਲਮ ਦੇ ਪ੍ਰੀਡਿਊਸਰ ਅਰਜੁਨ ਸ਼ਰਮਾ ਅਤੇ ਨਿਰਦੇਸ਼ਕ ਜਗਮੋਹਨ ਨੇ ਕਿਹਾ ਕਿ ਇਹ ਫਿਲਮ ਗੋਵਿੰਦਾ ਦੇ ਕੈਰੀਅਰ ਨੂੰ ਬੁਲੰਦੀਆਂ ‘ਤੇ ਲੈ ਜਾਵੇਗੀ
‘ਸਭ ਤੋਂ ਸੈਕਸੀ ਕੁਆਰੇ’ ਦੀ ਭਾਲ ਕਰੇਗੀ ਰਿਲਾਇੰਸ ਬ੍ਰਾਡਕਾਸਟ
ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ) : ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਮਲਟੀਮੀਡੀਆ ਕੰਪਨੀ ਰਿਲਾਇੰਸ ਬ੍ਰਾਡਕਾਸਟ ਹਾਲ ਹੀ ਵਿਚ ਸ਼ੁਰੂ ਆਪਣੇ ਚੈਨਲਾਂ ਦੀ ਟੀ. ਆਰ. ਪੀ. ਵਧਾਉਣ ਦੇ ਮਕਸਦ ਨਾਲ ਭਾਰਤ ਦੇ ਸਭ ਤੋਂ ਸੈਕਸੀ ਕੁਆਰੇ ਵਿਅਕਤੀ ਦੀ ਭਾਲ ਕਰੇਗੀ। ਕੰਪਨੀ ਭਾਰਤ ਵਿਚ ਸਭ ਤੋਂ ਸੈਕਸੀ ਕੁਆਰੇ ਦੀ ਭਾਲ ਕਰਨ ਲਈ ਇਕ ਸ਼ੋਅ ਸ਼ੁਰੂ ਕਰੇਗੀ। 14 ਮਈ ਤੋਂ ਸ਼ੁਰੂ ਹੋ ਰਹੇ ਇਸ ਸ਼ੋਅ ਵਿਚ ਜਾਨ ਅਬਰਾਹਮ, ਯੁਵਰਾਜ ਸਿੰਘ, ਰਣਬੀਰ ਕਪੂਰ ਅਤੇ ਸਲਮਾਨ ਖਾਨ ਵਰਗੀਆਂ ਹਸਤੀਆਂ ਸ਼ਾਮਲ ਹੋਣਗੀਆਂ। ਕੰਪਨੀ ਮੁਤਾਬਕ ਉਹ ਇਸ ਸ਼ੋਅ ਨੂੰ ਬਿੱਗ ਸੀ. ਬੀ. ਐੱਸ. ਚੈਨਲਾਂ, ਬਿੱਗ ਸੀ. ਬੀ. ਐੱਸ. ਲਵ, ਬਿੱਗ ਸੀ. ਬੀ. ਐੱਸ. ਪ੍ਰਾਈਮ ਅਤੇ ਬਿੱਗ ਸੀ. ਬੀ. ਐੱਸ. ਸਪਾਰਕ ‘ਤੇ ਪ੍ਰਸਾਰਤ ਕਰੇਗੀ। ਇਸ ਨੂੰ ਬਿੱਗ ਮੈਜਿਕ ‘ਤੇ ਵੀ ਦਿਖਾਇਆ ਜਾਵੇਗਾ।
ਜਦੋਂ ਕੀਤਾ ਸਲਮਾਨ ਨੂੰ ਸਭ ਨੇ ਹੈਰਾਨ…..
ਮੁੰਬਈ, 24 ਅਪ੍ਰੈਲ (ਏਜੰਸੀ) : ਸਲਮਾਨ ਖਾਨ ਨੇ ਪਿਛਲੇ ਹਫਤੇ ਆਪਣੀ ਫ਼ਿਲਮ ‘ਬਾੱਡੀਗਾਰੱਡ’ ਦੇ ਇਕ ਸੀਨ ਦੀ ਸ਼ੂਟਿਗ ਮੁੰਬਈ ਦੇ ਭੀੜ ਵਾਲੇ ਇਲਾਕੇ ‘ਚ ਕੀਤੀ। ਪਰ ਹੈਰਾਨੀ ਵਾਲੀ ਤਾਂ ਇਹ ਗੱਲ ਹੈ ਕਿ ਉੱਥੋ ਦੇ ਗੁਜ਼ਰਨ ਵਾਲੇ ਲੋਕਾਂ ਨੇ ਉਨ੍ਹਾਂ ਵੱਲ ਇਕ ਵਾਰ ਵੀ ਵੇਖਿਆ ਨਹੀਂ। ਭੀੜ ‘ਚ ਸ਼ੂਟਿਗ ਦੇ ਬਾਵਜੂਦ ਸਲਮਾਨ ਨੂੰ ਕਿਸੀ ਦਾ ਨਾ ਪਹਿਚਾਣਨਾ ਕਾਫੀ ਅਜ਼ੀਬ ਸੀ। ਮੁੰਬਈ ਦੀ ਸੜਕ ਤੇ ਤਾਂ ਸੜਕ ਵੀ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ‘ਚ ਸਲਮਾਨ ਦਾ ਆਰਾਮ ਤੋਂ ਸ਼ੂਟਿਗ ਕਰਨਾ ਥੋੜਾ ਮੁਸ਼ਕਿਲ ਲਗਦਾ ਸੀ। ਪਿਛਲੇ ਦਿਨਾਂ ‘ਚ ਸਲਮਾਨ ਨੇ ਦੱਖਣ ‘ਚ ਫਲੋਰਾ ਫਾਉਂਟੇਨ ਦੇ ਨਾਮ ਤੋਂ ਮਸ਼ਹੂਰ ਹੂਟਾਮਾ ਚੌਂਕ ਜਾ ਕੇ ਸ਼ੂਟਿਗ ਕੀਤੀ। ਇਸ ਚੌਂਕ ਦੇ ਕੋਲ ਨਿਰਮਾਤਾਵਾਂ ਨੇ ਕੈਮਰੇ ਲਗਾਏ ਹੋਏ ਸੀ ਤੇ ਸਲਮਾਨ ਨੇ ਸਿਰਫ 30 ਸੈਂਕਡ ਦੀ ਹੀ ਸ਼ੂਟਿਗ ਕੀਤੀ। ਇਸ ਲਈ ਉਨ੍ਹਾਂ ਨੂੰ ਕੋਈ ਪਹਿਚਾਨ ਨਹੀਂ ਪਾਇਆ।
ਕੌਣ ਬਣੇਗਾ ਕਰੋੜਪਤੀ ਦੇ ਬੰਗਾਲੀ ਐਡੀਸ਼ਨ ਦੀ ਮੇਜ਼ਬਾਨੀ ਕਰਨਗੇ ਗਾਂਗੁਲੀ
ਵਾਰਾਨਸੀ, 23 ਅਪ੍ਰੈਲ (ਏਜੰਸੀਆਂ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਛੇਤੀ ਹੀ ਇਕ ਚੈਨਲ ‘ਤੇ ‘ਕੌਣ ਬਣੇਗਾ ਕਰੋੜਪਤੀ‘ ਦੇ ਬੰਗਾਲੀ ਐਡੀਸ਼ਨ ਦੀ ਮੇਜ਼ਬਾਨੀ ਕਰਨਗੇ। ਮਸ਼ਹੂਰ ਓਡੀਸੀ ਡਾਂਸਰ ਅਤੇ ਸੌਰਵ ਦੀ ਪਤਨੀ ਡੋਨਾ ਗਾਂਗੁਲੀ ਨੇ ਇਹ ਜਾਣਕਾਰੀ ਦਿੱਤੀ। ਸੰਕਟ ਮੋਚਨ ਸੰਗੀਤ ਸਮਾਰੋਹ ‘ਚ ਇੱਥੇ ਹਿੱਸਾ ਲੈਣ ਆਈ ਡੋਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੌਰਵ ਟੀਵੀ ਚੈਨਲ ਜ਼ੀ ਬੰਗਲਾ ‘ਤੇ ਪ੍ਰਸਾਰਿਤ ਹੋ ਰਹੇ ਗੇਮ ਸ਼ੋਅ ‘ਦਾਦਾਗਿਰੀ‘ ਤੋਂ ਬਾਅਦ ਕਿਸੇ ਦੂਸਰੇ ਚੈਨਲ ‘ਤੇ ਕੌਣ ਬਣੇਗਾ ਕਰੋੜਪਤੀ ਦੇ ਬੰਗਾਲੀ ਐਡੀਸ਼ਨ ਦੇ ਮੇਜ਼ਬਾਨ ਹੋਣਗੇ। ਇਸ ਦੀ ਸ਼ੂਟਿੰਗ ਕੋਲਕਾਤਾ ਵਿਚ ਹੀ ਮਈ ਮਹੀਨੇ ਦੌਰਾਨ ਸ਼ੁਰੂ ਹੋਵੇਗੀ। ਡੋਨਾ ਨੇ ਆਈਪੀਐਲ ਦੇ ਚੌਥੇ ਸੀਜ਼ਨ ਵਿਚ ਸੌਰਵ ਨੂੰ ਕਿਸੇ ਵੀ ਟੀਮ ਵੱਲੋਂ ਨਾ ਖਰੀਦੇ ਜਾਣ ਕਾਰਨ ਪ੍ਰੇਸ਼ਾਨੀ ਵੀ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਚਿਨ ਨੂੰ ‘ਭਾਰਤ ਰਤਨ‘ ਨਾਲ ਨਵਾਜ਼ੇ ਜਾਣ ਦੀ ਮੰਗ ਦਾ ਸਮਰਥਨ ਵੀ ਕੀਤਾ।
ਹਿੱਟ ਹੈ ਥ੍ਰੀ ਡੀ ਸੈਕਸ ਫਿਲਮ

A woman walks past a poster of the $3.5 million Cantonese-language production "3D Sex and Zen: Extreme Ecstasy" in Hong Kong
ਬੀਜਿੰਗ, 23 ਅਪ੍ਰੈਲ (ਏਜੰਸੀ) : ਚੀਨ ਅਤੇ ਹਾਂਗਕਾਂਗ ‘ਚ ਇਸ ਫਿਲਮ ਨੂੰ ਲੈ ਕੇ ਜ਼ਬਰਦਸਤ ਰੁਚੀ ਹੈ ਅਤੇ ਪਹਿਲੇ ਹੀ ਦਿਨ ਟਿਕਟਘਰਾਂ ‘ਚ ਭਾਰੀ ਭੀੜ ਪਈ ਹੈ। ਕਿਹਾ ਜਾ ਰਿਹਾ ਹੈ ਕਿ ਆਸਕਰ ਲਈ ਨਾਮਜ਼ਦ ਥ੍ਰੀ ਡੀ ‘ਚ ਬਣੀ ਅਵਤਾਰ ਨੂੰ ਵੀ ਅਜਿਹੀ ਓਪਨਿੰਗ ਨਹੀਂ ਮਿਲੀ ਸੀ। ਹਾਲਾਂਕਿ ਇਸ ਫਿਲਮ ਨੂੰ ਕੋਈ ਐਵਾਰਡ ਸ਼ਾਇਦ ਹੀ ਮਿਲੇ ਪਰ ਪੈਸੇ ਕਮਾਉਣ ਦੇ ਮਾਮਲੇ ‘ਚ ਇਹ ਕਈ ਹਾਲੀਵੁੱਡ ਫਿਲਮਾਂ ਨੂੰ ਪਿੱਛੇ ਛੱਡ ਦੇਵੇਗੀ। 17ਵੀਂ ਸਦੀ ਦੇ ਇਕ ਚੀਨੀ ਨਾਵਲ ‘ਤੇ ਬਣੀ ਇਸ ਫਿਲਮ ਨੇ ਚੀਨ ਅਤੇ ਚੀਨ ਨਾਲ ਲਗਦੇ ਸੂਬਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰ ਲਿਆ ਹੈ। ਚੀਨ ਦੀਆਂ ਟਰੈਵਲ ਏਜੰਸੀਆਂ ਕਈ ਸੈਲਾਨੀਆਂ ਨੂੰ ਸਿਰਫ ਇਹ ਫਿਲਮ ਦਿਖਾਉਣ ਲਈ ਚੀਨ ਲਿਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਅੱਧੇ ਤੋਂ ਵੱਧ ਦਰਸ਼ਕ ਅਜਿਹੇ ਹੀ ਹਨ ਜੋ ਚੀਨ ਦੇ ਬਾਹਰੋਂ ਸੈਰ-ਸਪਾਟੇ ਲਈ ਆਏ ਹਨ ਪਰ ਉਨ੍ਹਾਂ ਦੀ ਸਭ ਤੋਂ ਵੱਧ ਰੁਚੀ ਇਸ ਫਿਲਮ ਨੂੰ ਦੇਖਣ ‘ਚ ਹੀ ਰਹੀ ਹੈ। ਇਸ ਕਾਰਨ ਸਥਾਨਕ ਅਰਥਚਾਰੇ ਨੂੰ ਬਹੁਤ ਲਾਭ ਹੋ ਰਿਹਾ ਹੈ।
ਯਸ਼ ਚੋਪੜਾ ਨੂੰ ਅੰਡਰ ਵਰਲਡ ਤੋਂ ਮਿਲੀ ਧਮਕੀ
ਮੁੰਬਈ, 22 ਅਪ੍ਰੈਲ (ਏਜੰਸੀ) : ਫਿਲਮ ਨਿਰਮਾਤਾ ਨਿਰਦੇਸ਼ਕ ਯਸ਼ ਚੋਪੜਾ ਨੂੰ ਅੰਡਰ ਵਰਲਡ ਦੇ ਰਵੀ ਪੁਜਾਰੀ ਗਿਰੋਹ ਦੇ ਮੈਂਬਰ ਨੇ 50 ਲੱਖ ਸੁਰੱਖਿਆ ਰਕਮ ਦੇਣ ਲਈ ਧਮਕੀ ਭਰਿਆ ਫੋਨ ਕੀਤਾ ਹੈ। ਇਸ ਵਿਅਕਤੀ ਨੇ ਆਪਣੇ ਆਪ ਨੂੰ ਰਵੀ ਪੁਜਾਰੀ ਗਿਰੋਹ ਦਾ ਮੈਂਬਰ ਦੱਸ ਕੇ 50 ਲੱਖ ਰੁਪਏ ਦੀ ਸੁਰੱਖਿਆ ਰਕਮ ਮੰਗੀ ਸੀ। ਪੁਜਾਰੀ ਆਪਣਾ ਗੋਰਖਧੰਦਾ ਬੈਂਕਾਕ ਅਤੇ ਇੰਡੋਨੇਸ਼ੀਆ ਤੋਂ ਚਲਾਉਂਦਾ ਹੈ। ਧਮਕੀ ਭਰੇ ਫੋਨ ਤੋਂ ਪਰੇਸ਼ਾਨ ਚੋਪੜਾ ਨੇ ਪੁਲਸ ਕੋਲੋਂ ਸੁਰੱਖਿਆ ਮੰਗੀ ਜੋ ਉਨ੍ਹਾਂ ਨੂੰ ਪ੍ਰਦਾਨ ਕਰ ਦਿਤੀ ਗਈ।







