‘ਵਪਾਰ’
ਕੈਗ ਦੀ ਰਿਪੋਰਟ ਦੇ ਆਧਾਰ ‘ਤੇ ਹੀ ਲਾਈਸੰਸ ਰੱਦ ਨਹੀਂ ਹੋ ਸਕਦੇ : ਸੁਪਰੀਮ ਕੋਰਟ
ਨਵੀਂ ਦਿੱਲੀ, 1 ਫਰਵਰੀ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ 2ਜੀ ਸਪੈਕਟਰਮ ਲਾਇਸੰਸਾਂ ਦੀ ਵੰਡ ਰੱਦ ਕਰਨ ਦਾ ਆਧਾਰ ਸਿਰਫ਼ ਕੈਗ ਦੀ ਰਿਪੋਰਟ ਨੂੰ ਨਹੀਂ ਬਣਾਇਆ ਜਾ ਸਕਦਾ ਤੇ ਇਸ ਵਿਸ਼ੇ ‘ਤੇ ਸਰਕਾਰ ਕੋਈ ਵੀ ਫੈਸਲਾ ਅਦਾਲਤ ‘ਚ ਵਿਚਾਰ ਅਧੀਨ ਪਈ ਅਰਜ਼ੀ ਦੇ ਨਤੀਜਿਆਂ ਦੇ ਆਧਾਰ ‘ਤੇ ਦੇਵੇ। ਸੁਪਰੀਮ ਕੋਰਟ ਦੇ ਜਸਟਿਸ ਜੀਐਸ ਸਿੰਘਵੀ ਤੇ ਜਸਟਿਸ ਏ ਕੇ ਗਾਂਗੁਲੀ ‘ਤੇ ਅਧਾਰਤ ਬੈਂਚ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਸਰਕਾਰ ਕੀ ਕਰ ਰਹੀ ਹੈ, ਪਰ ਜੇਕਰ ਉਹ ਕੁਝ ਕਰਦੀ ਹੈ ਤਾਂ ਇਹ ਸਾਡੇ ਹੁਕਮ ਦੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ। ਸੁਪਰੀਮ ਕੋਰਟ ਨੇ ਇਹ ਟਿੱਪਣੀ ਇੱਕ ਗੈਰ ਸਰਕਾਰੀ ਜਥੇਬੰਦੀ ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ (ਸੀਪੀਆਈਐਲ) ਵੱਲੋਂ ਦਾਇਰ ਅਰਜ਼ੀ ਦੀ ਸੁਣਵਾਈ ਕਰਦਿਆਂ ਕੀਤੀ। ਇਸ ਅਰਜ਼ੀ ਵਿਚ ਜਥੇਬੰਦੀ ਨੇ ਸਰਕਾਰ ਨੂੰ ਜ਼ਿੰਮੇਵਾਰੀਆਂ ਦੀ ਪਾਲਣਾ ਨਾ ਕਰਨ ਵਾਲੀਆਂ ਟੈਲੀਕਾਮ ਕੰਪਨੀਆਂ ਦੇ ਲਾਇਸੰਸ ਰੈਗੂਲਰ ਨਾ ਕਰਨ ਲਈ ਹਦਾਇਤਾਂ ਦੇਣ ਦੀ ਮੰਗ ਕੀਤੀ ਸੀ।
ਜਥੇਬੰਦੀ ਦੇ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਸੀ ਕਿ ਸਰਕਾਰ ਕੰਪਨੀਆਂ ਨੂੰ ਮਾਮੂਲੀ ਜੁਰਮਾਨਾ ਲਗਾ ਕੇ ਰੈਗੂਲਰ ਲਾਇਸੰਸ ਦੇ ਰਹੀ ਹੈ। ਬੈਂਚ ਨੇ ਕਿਹਾ ਕਿ ਜੇਕਰ ਲਾਇਸੰਸਾਂ ਨੂੰ ਰੱਦ ਕਰਨਾ ਹੈ ਤਾਂ ਸਾਡੀ ਸੁਣਵਾਈ ਨੂੰ ਧਿਆਨ ਵਿਚ ਰੱਖਿਆ ਜਾਵੇ। ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਇਸ ਵਿਸ਼ੇ ‘ਤੇ ਸੀਪੀਆਈਐਲ ਤੋਂ ਇਲਾਵਾ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਦੀ ਅਰਜ਼ੀ ‘ਤੇ ਵੀ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ 1 ਮਾਰਚ ਤੱਕ ਮੁਲਤਵੀ ਕਰ ਦਿੱਤੀ। ਅੱਜ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਸੀਪੀਆਈਐਲ ਵੱਲੋਂ ਲਾਇਸੰਸ ਰੱਦ ਕੀਤੇ ਜਾਣ ਦੇ 5 ਆਧਾਰ ਦੱਸੇ ਹਨ। ਉਨ੍ਹਾਂ ਕਿਹਾ ਕਿ ਦੋ ਤਿਹਾਈ ਅਰਜ਼ੀਆਂ ਸਿਰਫ਼ ਇਸ ਲਈ ਰੱਦ ਹੋ ਗਈਆਂ ਸਨ, ਕਿਉਂØਿਕ ਜਿੱਥੇ ਸਰਕਾਰ ਨੇ ਸਪੈਕਟਰਮ ਦੀ ਵੰਡ ਸਬੰਧੀ ਕੋਈ ਟੈਂਡਰ ਨਹੀਂ ਦਿੱਤਾ ਸੀ, ਉਥੇ ਉਹ ਅੰਤਮ ਮਿਤੀ ਸਬੰਧੀ ਭੰਬਲਭੂਸਾ ਵੀ ਦੂਰ ਨਹੀਂ ਕਰ ਸਕੀ।
ਭਾਰਤ-ਚੀਨ ਵਪਾਰ 60 ਅਰਬ ਡਾਲਰ ਨੂੰ ਟੱਪਿਆ
ਪੇਇਚਿੰਗ, 29 ਜਨਵਰੀ (ਏਜੰਸੀ) : ਭਾਰਤ-ਚੀਨ ਵਿਚਾਲੇ ਦੁਵੱਲਾ ਵਪਾਰ 2010 ‘ਚ 60 ਅਰਬ ਡਾਲਰ ਦੇ ਟੀਚੇ ਨੂੰ ਪਾਰ ਕਰਕੇ 61.7 ਅਰਬ ਡਾਲਰ ਰਿਹਾ। ਭਾਰਤ ਵੱਲੋਂ ਚੀਨ ਦੀ ਟੈਲੀਕਾਮ ਤੇ ਬਿਜਲੀ ਉਤਪਾਦਨ ਸਬੰਧੀ ਮਸ਼ੀਨਰੀ ਵੱਡੇ ਪੱਧਰ ‘ਤੇ ਮੰਗਵਾ ਕੇ ਦੇਸ਼ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਨਾਲ, ਇਸ ਵਪਾਰ ‘ਚ ਉਭਾਰ ਆਇਆ। ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮੁਲਕ 2015 ਤੱਕ 100 ਅਰਬ ਡਾਲਰ ਦੇ ਦੁਵੱਲੇ ਵਪਾਰ ਦਾ ਟੀਚਾ ਵੀ ਸਰ ਕਰਨਗੇ। ਇਹ ਟੀਚਾ ਚੀਨ ਦੇ ਪ੍ਰਧਾਨ ਮੰਤਰੀ ਵੈੱਨ ਜਿਆਬਾਓ ਦੇ ਹਾਲੀਆ ਭਾਰਤ ਦੌਰੇ ਦੌਰਾਨ ਤੈਅ ਕੀਤਾ ਗਿਆ ਸੀ। ਇੱਥੇ ਜਾਰੀ ਮੁੱਢਲੇ ਅੰਕੜਿਆਂ ਅਨੁਸਾਰ ਭਾਰਤ ਵੱਲੋਂ ਸਮੱਗਰੀ ਦਰਾਮਦ ਕਰਨ ਸਦਕਾ ਮਿੱਥੇ ਟੀਚੇ ਨਾਲੋਂ 1.7 ਅਰਬ ਡਾਲਰ ਵੱਧ ਦਾ ਵਪਾਰ ਦੋਵੇਂ ਮੁਲਕਾਂ ਵਿਚਾਲੇ ਹੋਇਆ।
ਭਾਰਤ ਨੇ ਮੁੱਖ ਰੂਪ ‘ਚ ਕਪਾਹ ਤੇ ਕੱਚਾ ਲੋਹਾ ਚੀਨ ਨੂੰ ਭੇਜਿਆ ਜੋ 20.8 ਅਰਬ ਬਣਦਾ ਹੈ ਜਦਕਿ ਚੀਨ ਨੇ ਭਾਰਤ ਨੂੰ ਜੋ ਸਾਮਾਨ ਭੇਜਿਆ ਉਹ 40.8 ਅਰਬ ਦਾ ਸੀ, ਜੋ ਭਾਰਤ ਵੱਲੋਂ ਭੇਜੇ ਸਾਮਾਨ ਨਾਲੋਂ ਲਗਪਗ ਦੁੱਗਣਾ ਹੈ। 20 ਅਰਬ ਡਾਲਰ ਦਾ ਵਿੱਚ ਵਿਚਾਲੇ ਦਾ ਇਹ ਪਾੜਾ ਭਾਰਤ ਲਈ ਫਿਕਰ ਵਾਲੀ ਗੱਲ ਹੈ ਕਿਉਂਕਿ ਇਸ ਨੇ ਬਾਹਰ ਘੱਟ ਸਾਮਾਨ ਭੇਜਿਆ ਤੇ ਵੱਧ ਮੰਗਵਾਇਆ। ਭਾਰਤੀ ਸਫਾਰਤਖਾਨੇ ‘ਚ ਆਰਥਿਕ ਤੇ ਵਣਜ ਬਾਰੇ ਪ੍ਰਥਮ ਸਕੱਤਰ ਕੇ. ਨਾਗਰਾਜ ਨਾਇਡੂ ਨੇ ਕਿਹਾ ਕਿ ਦੁਵੱਲੇ ਆਰਥਿਕ ਵਪਾਰਕ ਸਬੰਧ ਹਾਂਦਰੂ ਲੀਹ ‘ਤੇ ਹਨ ਤੇ ਵੱਡੀ ਮਹੱਤਵਪੂਰਨ ਗੱਲ ਇਹ ਹੈ ਕਿ ਦੋਵੇਂ ਮੁਲਕ ਵਧੇਰੇ ਤਾਲਮੇਲ ਬਾਰੇ ਤਿਆਰ ਹੋਣ। ਉਨ੍ਹਾਂ ਕਿਹਾ ਕਿ ਚੀਨ ਨੂੰ ਭਾਰਤ ਨੂੰ ਆਪਣੀਆਂ ਮੰਡੀਆਂ ਤਕ ਪਹੁੰਚ ਕਰਨ ਦੇਣੀ ਚਾਹੀਦੀ ਹੈ, ਖਾਸ ਕਰ ਆਈ.ਟੀ. ਨਾਲ ਸਬੰਧਤ ਵਸਤਾਂ ਤੇ ਫਾਰਮਾਸਿਊਟੀਕਲਜ਼ ਆਪਣੀਆਂ ਮੰਡੀਆਂ ‘ਚ ਉਨ੍ਹਾਂ ਨੂੰ ਪੁੱਜਣ ਦੇਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਨੂੰ ਉਡੀਕ ਹੈ ਕਿ ਚੀਨ ਭਾਰਤ ਦੇ ਆਈ.ਟੀ., ਦਵਾਈਆਂ, ਖੇਤੀ ਵਸਤਾਂ ਤੇ ਇੰਜਨੀਅਰਿੰਗ ਸੇਵਾਵਾਂ ਲਈ ਆਪਣੀਆਂ ਮੰਡੀਆਂ ਖੋਲੇਗਾ।
‘ਮੋਬਾਈਲ ਨੰਬਰ ਉਹੀ ਪਰ ਕੰਪਨੀ ਨਵੀਂ’ ਸੇਵਾ ਦਾ ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ

Prime Minister Manmohan Singh and Union Minister for Communication & IT Kapil Sibal make calls at the launch of pan India mobile number portability service in New Delhi on Thursday.
ਨਵੀਂ ਦਿੱਲੀ, 20 ਜਨਵਰੀ (ਏਜੰਸੀ) : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਮੋਬਾਈਲ ਨੰਬਰ ਪੋਰਟੇਬਿਲਟੀ ਸਹੂਲਤ ਦੀ ਸ਼ੁਰੂਆਤ ਕਰ ਦਿਤੀ। ਇਸ ਸੇਵਾ ਤਹਿਤ ਕੋਈ ਵੀ ਵਿਅਕਤੀ ਅਪਣਾ ਮੋਬਾਈਲ ਨੰਬਰ ਬਦਲੇ ਬਗ਼ੈਰ ਕਿਸੇ ਵੀ ਟੈਲੀਕਾਮ ਕੰਪਨੀ ਨਾਲ ਜੁੜ ਸਕਦਾ ਹੈ ਅਤੇ ਉਸ ਵਿਅਕਤੀ ਨੂੰ ਇਹ ਸੇਵਾ ਹਾਸਲ ਕਰਨ ਲਈ ਸਿਰਫ਼ 19 ਰੁਪਏ ਅਦਾ ਕਰਨੇ ਹੋਣਗੇ। ਦਸਣਯੋਗ ਹੈ ਕਿ ਪ੍ਰਯੋਗ ਵਜੋਂ ਇਹ ਸਹੂਲਤ 25 ਨਵੰਬਰ ਨੂੰ ਹਰਿਆਣਾ ਦੇ ਕੁੱਝ ਇਲਾਕਿਆਂ ਵਿਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਦਾ ਫ਼ਾਇਦਾ ਉਠਾਉਣ ਲਈ ਟੈਲੀਕਾਮ ਕੰਪਨੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਵਿਰੋਧੀ ਕੰਪਨੀਆਂ ਦੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਦੇ ਰਹੀਆਂ ਹਨ।
ਨੰਬਰ ਪੋਰਟੇਬਿਲਟੀ ਭਾਵ ਮੋਬਾਈਲ ਨੰਬਰ ਉਹੀ ਪਰ ਕੰਪਨੀ ਨਵੀਂ ਦੀ ਸਹੂਲਤ ਲਈ ਗਾਹਕਾਂ ਨੂੰ ਅਪਣੇ ਮੋਬਾਈਲ ਫ਼ੋਨ ਦੇ ਮੈਸੇਜ ਬਾਕਸ ਵਿਚ ਜਾ ਕੇ ਫ੍ਰੌਠ ਲਿਖਣਾ ਹੋਵੇਗਾ ਅਤੇ ਇਕ ਸਪੇਸ ਦੇ ਕੇ ਅਪਣਾ ਮੋਬਾਈਲ ਨੰਬਰ ਲਿਖ ਕੇ 1900 ’ਤੇ ਐਸ.ਐਮ.ਐਸ. ਕਰਨਾ ਹੋਵੇਗਾ ਜਿਸ ਪਿੱਛੋਂ ਐਸ.ਐਮ.ਐਸ. ਕਰਨ ਵਾਲੇ ਨੂੰ 8 ਨੰਬਰਾਂ ਦਾ ਕੋਡ ਅਤੇ ਉਸ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਮਿਲ ਜਾਵੇਗੀ। ਪ੍ਰੀਪੇਡ ਜਾਂ ਪੋਸਟਪੇਡ ਦੋਹਾਂ ਤਰ੍ਹਾਂ ਦੇ ਗਾਹਕ ਇਹ ਸਹੂਲਤ ਲੈ ਸਕਦੇ ਹਨ। ਪੋਸਟਪੇਡ ਦੇ ਮਾਮਲੇ ਵਿਚ ਸ਼ਰਤ ਇਹ ਹੋਵੇਗੀ ਕਿ ਵਿਅਕਤੀ ਦੇ ਸਿਰ ਕੰਪਨੀ ਦਾ ਕੋਈ ਬਿਲ ਬਕਾਇਆ ਨਾ ਹੋਵੇ। ਇਸ ਤੋਂ ਇਲਾਵਾ ਗਾਹਕਾਂ ਨੂੰ ਕੰਪਨੀ ਬਦਲਣ ਦਾ ਇਕ ਨੁਕਸਾਨ ਵੀ ਹੋਵੇਗਾ ਕਿ ਉਨ੍ਹਾਂ ਨੂੰ ਪਿਛਲੀ ਕੰਪਨੀ ਦਾ ਬਕਾਇਆ ਟਾਕਟਾਈਮ ਨਹੀਂ ਮਿਲ ਸਕੇਗਾ।
ਚੀਨੀ ਫਾਈਬਰ ‘ਤੇ ਕਰ ਲਾਉਣ ਦੀ ਤਿਆਰੀ
ਨਵੀਂ ਦਿੱਲੀ, 19 ਜਨਵਰੀ (ਏਜੰਸੀ) : ਚੀਨ ਤੋਂ ਭਾਰਤੀ ਮੰਡੀ ‘ਚ ਆ ਰਹੇ ਧੜਾਧੜ ਮਾਲ ‘ਤੇ ਸ਼ਿਕੰਜਾ ਕੱਸਣ ਲਈ ਭਾਰਤ ਵੱਲੋਂ ‘ਡੰਪਿੰਗ’ ਵਿਰੋਧੀ ਕਰ ਥੋਪਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਘਰੇਲੂ ਉਦਯੋਗ ਦੀ ਰਾਖੀ ਲਈ ਚੀਨ ਤੋਂ ਆਉਂਦੇ, ਫਾਈਬਰ ‘ਤੇ 40.9 ਫੀਸਦੀ ਕਰ ਲਾਇਆ ਜਾ ਸਕਦਾ ਹੈ। ‘ਐਂਟੀ ਡੰਪਿੰਗ ਐਂਡ ਅਲਾਈਡ ਡਿਊਟੀਜ਼’ ਦੇ ਡਾਇਰੈਕਟੋਰੇਟ ਜਨਰਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਘਰੇਲੂ ਉਦਯੋਗ ਦੀ ਰਾਖੀ ਕਰਨ ਲਈ ਚੀਨ ਤੋਂ ਆਉਂਦੇ ਗਲਾਸ (ਕੱਚ) ਫਾਈਬਰ ਤੇ ਤਾਪ ਵਿਰੋਧੀ ਫੈਬਰਿਕ ‘ਤੇ 40.9 ਫੀਸਦੀ ਕਰ ਲਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਘਰੇਲੂ ਉਦਯੋਗਪਤੀਆਂ ਨੇ ‘ਡਗਾਡ’ ਕੋਲ ਬੇਨਤੀ ਕੀਤੀ ਸੀ ਕਿ ਚੀਨ ਤੋਂ ਫਾਈਬਰ ਦੀ ਹੋ ਰਹੀ ਡੰਪਿੰਗ ਨੂੰ ਰੋਕਿਆ ਜਾਵੇ।
ਆਰਥਿਕ ਸਹਿਯੋਗ ਵਧਾਉਣ ਲਈ ਭਾਰਤ-ਪੇਰੂ ਬੈਠਕ
ਨਵੀ ਦਿੱਲੀ, 17 ਜਨਵਰੀ (ਏਜੰਸੀ) : ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ ਅਤੇ ਪੇਰੂ ਦੇ ਵਪਾਰ ਅਤੇ ਸੈਰ ਸਪਾਟਾ ਮੰਤਰੀ ਵਿਚਾਲੇ ਅੱਜ ਨਵੀਂ ਦਿੱਲੀ ਵਿਚਾਲੇ ਆਰਥਿਕ ਸਹਿਯੋਗ ਵਧਾਉਣ ‘ਤੇ ਬੈਠਕ ਕੀਤੀ ਗਈ। ਬੈਠਕ ਦੌਰਾਨ ਖਣਿਜ, ਹਾਈਡਰੋ ਕਾਰਬਨ, ਇੰਜੀਨੀਅਰਿੰਗ, ਸੂਚਨਾ ਤਕਨਾਲੌਜੀ, ਵਿਗਿਆਨ ਅਤੇ ਤਕਨਾਲੌਜੀ ਖੇਤਰਾਂ ਵਿੱਚ ਇਕੱਠਿਆਂ ਕੰਮ ਕਰਨ ਲਈ ਜ਼ੋਰ ਦਿੱਤਾ ਗਿਆ। ਭਾਰਤ ਸਰਕਾਰ ਨੇ ਫੌਕਸ ਲੈਕ ਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿੱਚ ਲੇਟਿਨ ਅਮਰੀਕੀ ਦੇਸ਼ਾਂ ਵਿੱਚ ਭਾਰਤੀ ਕੰਪਨੀਆ ਤੇ ਭਾਰਤੀ ਨਿਰਯਾਤਕਾਰਾਂ ਨੂੰ ਉਤਸ਼ਾਹਿਤ ਅਤੇ ਸਹੂਲਤਾਂ ਦੇਣ ਲਈ ਵਿੱਤੀ ਸਹਾ†ਿੲਤਾ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀ ਆਨੰਦ ਸ਼ਰਮਾ ਨੇ ਕਿਹਾ ਕਿ ਲੇਟਿਨ ਅਮਰੀਕਾ ਵਿੱਚ ਭਾਰਤ ਦੇ ਵੱਡੇ ਅੱਠ ਵਪਾਰਕ ਭਾਗੀਦਾਰਾਂ ਵਿਚੋਂ ਪੇਰੂ ਇੱਕ ਹੈ। ਭਾਰਤ ਪੇਰੂ ਨੂੰ ਦਵਾਈਆਂ, ਕਾਸਮੈਟਿਮਕ, ਸਾਈਕਲ, ਮੋਟਰਸਾਈਕਲ, ਮਸ਼ੀਨਰੀ ਅਤੇ ਔਜ਼ਾਰ, ਆਵਾਜਾਈ ਅਤੇ ਔਜ਼ਾਰ ਅਤੇ ਸਿਤੇ -ਸਿਲਾਏ ਵਸਤਰ ਸਮੇਤ ਕੱਪੜੇ ਨਿਰਯਾਤ ਕਰਦਾ ਹੈ ਅਤੇ ਪੇਰੂ ਤੋਂ ਤਾਂਬੇ ਦੀਆਂ ਤਾਰਾਂ, ਖਣਿਜ, ਜਿੰਕ ਅਤੇ ਮੱਛੀ ਖਾਣੇ, ਲੱਕੜ ਅਤੇ ਲਕੜ ਤੋਂ ਬਣੀਆਂ ਵਸਤਾਂ ਮੰਗਵਾਈਆਂ ਜਾਂਦੀਆਂ ਹਨ।
ਟਾਟਾ ਮੋਟਰਸ ਦੀ ਵਿਕਰੀ ’ਚ 21 ਫੀਸਦੀ ਵਾਧਾ
ਨਵੀਂ ਦਿੱਲੀ, 14 ਜਨਵਰੀ (ਏਜੰਸੀ) : ਟਾਟਾ ਮੋਟਰਸ ਦੀ ਵਿਕਰੀ ਵਿਚ 21 ਫੀਸਦੀ ਵਾਧਾ ਹੋਇਆ ਹੈ। ਕੰਪਨੀ ਵੱਲੋਂ ਅੱਜ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਸੰਬਰ, 2010 ਵਿਚ ਉਸ ਨੇ ਕੁੱਲ 90,294 ਕਾਰਾਂ ਵੇਚੀਆਂ ਹਨ, ਜੋ ਕਿ ਦਸੰਬਰ, 2009 ਨਾਲੋਂ 21 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ ਕਾਫੀ ਵਧੀ ਹੈ। ਟਾਟਾ ਮੋਟਰਸ ਨੇ ਕਿਹਾ ਕਿ ਜਗੁਆਰ ਲੈਂਡ ਰੋਵਰ ਦੀ ਬਿਕਰੀ ਦਸੰਬਰ ਵਿਚ 21,353 ਕਾਰਾਂ ਦੀਰਹੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕੇਵਲ ਇਕ ਫੀਸਦੀ ਜ਼ਿਆਦਾ ਹੈ। ਕੰਪਨੀ ਦੇ ਵਪਾਰਕ ਵਾਹਨਾਂ ਵਿਚ 29 ਫੀਸਦੀ ਦਾ ਵਾਧਾ ਹੋਇਆ ਹੈ।
ਭਾਰਤ ਤੇ ਸਿੰਗਾਪੁਰ ਦੇ ਦੁਵੱਲੇ ਵਪਾਰ ਵਿੱਚ ਵਾਧਾ
ਨਵੀਂ ਦਿੱਲੀ, 13 ਜਨਵਰੀ (ਏਜੰਸੀ) : ਸਿੰਗਾਪੁਰ ਤੇ ਭਾਰਤ ਵਿਚਾਲੇ ਦੁਵੱਲੇ ਵਪਾਰ ਵਿੱਚ ਸਾਲਾਨਾ 20 ਫੀਸਦੀ ਦਾ ਵਾਧਾ ਹੋ ਰਿਹਾ ਹੈ,। ਸਿੰਗਾਪੁਰ ਤੋਂ ਭਾਰਤ ਵਿੱਚ ਵਿਦੇਸ਼ੀ ਸਿੱਧਾ ਨਿਵੇਸ਼ ਵਿੱਚ ਵੀ ਕਾਫ਼ੀ ਵਧਿਆ ਹੈ ਤੇ ਇਹ 11.47 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਪਹੁੰਚ ਗਿਆ ਹੈ। ਦੋਵਾਂ ਦੇਸ਼ਾਂ ਦਾ ਦੁਵੱਲਾ ਵਪਾਰ ਜੋ 2005 ਵਿੱਚ 8.65 ਬਿਲੀਅਨ ਡਾਲਰ ਸੀ 2010 ਵਿੱਚ ਵਧ ਕੇ 13.89 ਬਿਲੀਅਨ ਡਾਲਰ ਤੱਕ ਆ ਗਿਆ ਹੈ। ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਿੰਗਾਪੁਰ ਵਿੱਚ ਇੱਕ ਭਾਰਤੀ ਮੇਲੇ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਉਦਘਾਟਨ ਕੇਂਦਰੀ ਵਪਾਰ ਮੰਤਰੀ ਸ਼੍ਰੀ ਆਨੰਦ ਸ਼ਰਮਾ ਤੇ ਸਿੰਗਾਪੁਰ ਦੇ ਵਪਾਰ ਤੇ ਸਨਅਤ ਮੰਤਰੀ ਸ਼੍ਰੀ ਲਿਮ ਕਿਆਂਗ ਵੱਲੋ ਭਲਕੇ ਕੀਤਾ ਜਾਵੇਗਾ।ਸ਼੍ਰੀ ਆਨੰਦ ਸ਼ਰਮਾ ਨਾਲ ਉਚ ਪ੍ਰਤੀਨਿੱਧ ਮੰਡਲ ਵੀ ਸਿੰਗਾਪੁਰ ਜਾ ਰਿਹਾ ਹੈ। ਇਸ ਤਿੰਨ ਦਿਨਾ ਪ੍ਰਦਰਸ਼ਨਾਂ ਵਿੱਚ ਸਨਅਤਕਾਰਾਂ ਤੇ ਵਪਾਰੀਆਂ ਦੀ ਆਹਮਣੇ ਸਾਹਮਣੇ ਬੈਠਕ ਹੋਵੇਗੀ। ਸੇਵਾ ਤੇ ਢਾਂਚਾਗਤ ਖੇਤਰ ਸਮੇਤ ਹੋਰਨਾਂ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਖੁਰਾਕੀ ਮਹਿੰਗਾਈ ਦਰ ਘਟੀ ਪਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਬਰਕਰਾਰ
ਨਵੀਂ ਦਿੱਲੀ, 13 ਜਨਵਰੀ (ਏਜੰਸੀ) : ਪੰਜ ਹਫਤਿਆਂ ਤੋਂ ਲਗਾਤਾਰ ਵਧ ਰਹੀ ਖੁਰਾਕੀ ਮਹਿੰਗਾਈ ਦਰ ਵਿੱਚ ਥੋੜੀ ਕਮੀ ਆਈ ਹੈ। ਪਹਿਲੀ ਜਨਵਰੀ ਨੂੰ ਖਤਮ ਹੋਏ ਹਫ਼ਤੇ ਵਿੱਚ ਖੁਰਾਕੀ ਮਹਿੰਗਾਈ ਦਰ 16.91 ਫੀਸਦੀ ਰਹੀ ਜੋ ਕਿ ਇਸ ਤੋਂ ਪਿਛਲੇ ਹਫਤੇ ਵਿੱਚ 18.32 ਫੀਸਦੀ ਸੀ। ਖੁਰਾਕੀ ਮਹਿੰਗਾਈ ਦਰ ਵਿੱਚ ਭਾਵੇਂ ਥੋੜੀ ਕਮੀ ਆਈ ਪਰ ਸਬਜ਼ੀਆਂ,ਪਿਆਜ ਤੇ ਪ੍ਰੋਟੀਨ ਵਾਲੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਬਣਿਆ ਹੋਇਆ ਹੈ। ਸਾਲਾਨਾ ਆਧਾਰ ਉਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 70.73 ਫੀਸਦੀ ਦਾ ਵਾਧਾ ਹੋਇਆ ਹੈ। ਪਿਆਜ਼ ਦੀਆਂ ਕੀਮਤਾਂ ਅਜੇ ਵੀ ਲੋਕਾਂ ਦੀਆਂ ਜੇਬਾਂ ਨੂੰ ਖਾਲੀ ਕਰ ਰਹੀਆਂ ਹਨ । ਸਰਕਾਰੀ ਅੰਕੜੇ ਮੁਤਾਬਿਕ ਪਿਆਜ਼ ਦੀਆਂ ਕੀਮਤਾਂ ਸਾਲਾਨਾ ਆਧਾਰ ਤੇ 70.70 ਫੀਸਦੀ ਤੱਕ ਵਧ ਰਹੀਆਂ ਹਨ। ਅੰਡੇ ਮੀਟ, ਮੱਛੀ ਤੇ ਦੁੱਧ ਦੀਆਂ ਕੀਮਤਾਂ ਵੀ ਅਜੇ ਵਧੀਆ ਹੋਈਆਂ ਹਨ। ਦਾਲਾਂ ਦੀਆਂ ਕੀਮਤਾਂ ਵਿੱਚ 14.84 ਫੀਸਦੀ ਕਮੀ ਆਈ ਹੈ। ਕਣਕ ਪਹਿਲਾਂ ਨਾਲੋਂ 4.87 ਫੀਸਦੀ ਤੇ ਆਲੂ ਪਿਛਲੇ ਸਾਲ ਨਾਲੋਂ 1.67 ਫੀਸਦੀ ਸਸਤੇ ਹੋਏ ਹਨ।
ਰੇਲਵੇ ਅਤੇ ਸਟੀਲ ਮੰਤਰਾਲੇ ਵੱਲੋਂ ਐਕਸਲ ਫੈਕਟਰੀ ਲਗਾਉਣ ਲਈ ਸਮਝੌਤਾ
ਨਵੀਂ ਦਿੱਲੀ, 10 ਜਨਵਰੀ (ਏਜੰਸੀ) : ਰੇਲਵੇ ਅਤੇ ਸਟੀਲ ਮੰਤਰਾਲੇ ਨੇ ਐਕਸਲ ਬਣਾਉਣ ਲਈ ਪ੍ਰਾਜੈਕਟ ਲਈ ਉਤੇ ਸਮਝੌਤੇ ਉਤੇ ਦਸਤਖਤ ਕੀਤੇ ਹਨ। ਐਕਸਲ ਬਣਾਉਣ ਲਈ ਫੈੇਕਟਰੀ ਪੱਛਮੀ ਬੰਗਾਲ ਵਿੱਚ ਨਿਊ ਜਲਪਾਏਗੁਰੀ ਵਿੱਚ 300 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ। ਸਟੀਲ ਮੰਤਰਾਲੇ ਹੇਠ ਜਨਤਕ ਖੇਤਰ ਦੀ ਕੰਪਨੀ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਵੱਲੋਂ ਇਹ ਫੈਕਟਰੀ ਸਥਾਪਤ ਕੀਤੀ ਜਾਵੇਗੀ। ਰੇਲਵੇ ਵੱਲੋਂ ਫੈਕਟਰੀ ਸਥਾਪਤ ਕਰਨ ਲਈ ਜ਼ਮੀਨ 30 ਸਾਲਾਂ ਲਈ ਲੀਜ਼ ਉਤੇ ਦਿੱਤੀ ਜਾਵੇਗੀ। ਇਸ ਫੈਕਟਰੀ ਵਿੱਚ ਸਾਲਾਨਾ 20 ਹਜ਼ਾਰ ਐਕਸਲ ਤਿਆਰ ਕੀਤੇ ਜਾਣ ਦੀ ਤਜਵੀਜ਼ ਹੈ । ਰੇਲ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਆਪਣੇ ਰੇਲ ਬਜਟ ਵਿੱਚ ਅਜਿਹੀ ਫੈਕਟਰੀ ਲਗਾਉਣ ਦਾ ਐਲਾਨ ਕੀਤਾ ਸੀ।
ਅਸਿੱਧੇ ਟੈਕਸਾਂ ਦੀ ਉਗਰਾਹੀਂ ਵਿੱਚ 42.3 ਫੀਸਦੀ ਦਾ ਵਾਧਾ
ਨਵੀਂ ਦਿੱਲੀ, 15 ਦਸੰਬਰ (ਏਜੰਸੀ) : ਇਸ ਮਾਲੀ ਵਰ੍ਹੇ ਦੇ ਪਹਿਲੇ 8 ਮਹੀਨਿਆਂ ਦੌਰਾਨ ਅਸਿੱਧੇ ਟੇਕਸਾਂ ਦੀ ਵਸੂਲੀ ਵਿੱਚ 42.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਸਟਮ, ਕੇਂਦਰੀ ਆਕਸਾਈ²ਜ ਅਤੇ ਸੇਵਾ ਟੈਕਸ ਦਾ ਮਾਲੀਆ ਸ਼ਾਮਿਲ ਹੁੰਦਾ ਹੈ। ਅਪ੍ਰੈਲ ਤੋਂ ਨਵੰਬਰ ਮਹੀਨੇ ਦੌਰਾਨ ਇਨ੍ਹਾਂ ਟੈਕਸਾਂ ਰਾਹੀਂ 2 ਲੱਖ 7 ਹਜ਼ਾਰ 756 ਕਰੋੜ ਰੁਪਏ ਇੱਕਠੇ ੇਕੀਤੇ ਗਏ ਹਨ। ਜਦਕਿ ਪਿਛਲੇ ਵਰ੍ਹੇ ਇਸ ਸਮੇਂ ਦੌਰਾਨ 1 ਲੱਖ 45 ਹਜ਼ਾਰ,958 ਕਰੋੜ ਰੁਪਏ ਦੀ ਟੈਕਸਾਂ ਦੀ ਵਸੂਲੀ ਹੋਈ ਸੀ। ਕਸਟਮ ਤੋਂ ਮਾਲੀਏ ਦੀ ਵਸੂਲੀ ਵਿੱਚ 67 ਫੀਸਦੀ ਦਾ ਵਾਧਾ ਹੋਇਆ ਹੈ। ਕਸਟਮ ਟੈਕਸਾਂ ਰਾਹੀਂ 86 ਹਜ਼ਾਰ 844 ਕਰੋੜ ਰੁਪਏ ਵਸੂਲੇ ਗਏ ਜਦਕਿ ਪਿਛਲੇ ਵਰ੍ਹੇ 52 ਹਜ਼ਾਰ 11 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਕੇਂਦਰੀ ਐਕਸਾਈਜ਼ ਤੇ ਟੈਕਸਾਂ ਦੀ ਵਸੂਲੀ ਵਿੱਚ 34.4 ਫੀਸਦੀ ਤੇ ਸੇਵਾ ਟੈਕਸ ਵਿੱਚ 18.2 ਫੀਸਦੀ ਦਾ ਵਾਧਾ ਹੋਇਆ ਹੈ। ਚਲ ਰਹੇ ਮਾਲੀ ਵਰ੍ਹੇ ਲਈ ਮਿੱਥੇ ਗਏ 3 ਲੱਖ 13 ਹਜ਼ਾਰ 471 ਕਰੋੜ ਰੁਪਏ ਦੀ ਕੁੱਲ ਟੀਚੇ ਦਾ 66.3 ਫੀਸਦੀ ਨਵੰਬਰ ਮਹੀਨੇ ਤੱਕ ਹਾਸਿਲ ਕਰ ਲਿਆ ਗਿਆ ਹੈ।




ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਵਿਆਹ ਬੰਧਨ ”ਚ ਬੱਝਾ ਹਾਕੀ ਕਪਤਾਨ ਰਾਜਪਾਲ ਸਿੰਘ
ਪੰਜਾਬ ਵਿਚ ਨਿਗਮ ਚੋਣਾਂ ਨੂੰ ਦੇਖਦੇ ਹੋਏ ਬਿਜਲੀ ਦੀਆਂ ਕੀਮਤਾਂ ਫਿਲਹਾਲ ਜੂਨ ਮਹੀਨੇ ਤੱਕ ਟਲੀਆਂ
ਓਬਾਮਾ ਦੀ ‘ਓਲਡ ਗਰਲਫ੍ਰੈਂਡ’ ਨੇ ਖੋਲ੍ਹੇ ਰਾਜ