WC 2019 : ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 22 ਜੂਨ (ਏਜੰਸੀ) : ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ 28ਵੇਂ ਮੁਕਾਬਲੇ ਵਿੱਚ ਭਾਰਤ ਤੇ ਅਫ਼ਗ਼ਾਨਿਸਤਾਨ ਦੀਆਂ ਟੀਮਾਂ ਸਾਊਥਐਂਪਟਨ ਦੇ ‘ਦਿ ਰੋਜ਼ ਬਾਓਲ ਸਟੇਡੀਅਮ’ ਵਿੱਚ ਇੱਕ–ਦੂਜੇ ਨਾਲ ਭਿੜੀਆਂ। ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਇਹ ਮੈਚ 11 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੂੰ ਇਹ ਮੈਚ ਜਿੱਤਣ ਲਈ ਕਾਫ਼ੀ ਟਿੱਲ ਲਾਉਣਾ ਪਿਆ। ਅਫ਼ਗ਼ਾਨਿਸਤਾਨ ਦੇ ਖਿਡਾਰੀਆਂ ਨੇ ਭਾਰਤੀ ਟੀਮ ਦਾ ਡਟ ਕੇ ਮੁਕਾਬਲਾ ਕੀਤਾ।

ਭਾਰਤ ਨੂੰ ਅੱਜ ਦਾ ਮੈਚ ਜਿਤਾਉਣ ਦਾ ਸਿਹਰਾ ਮੁਹੰਮਦ ਸ਼ਾਮੀ ਸਿਰ ਬੱਝਦਾ ਹੈ, ਜਿਸ ਨੇ ਵਾਰੀ–ਵਾਰੀ 3 ਵਿਕੇਟ ਲੈ ਕੇ ਹੈਟ੍ਰਿਕ ਬਣਾਇਆ ਤੇ ਅਫ਼ਗ਼ਾਨਿਸਤਾਨ ਦੀ ਟੀਮ ਨੂੰ 213 ਦੌੜਾਂ ਦੇ ਸਕੋਰ ਉੱਤੇ ਹੀ ਰੋਕ ਲਿਆ, ਜਦ ਕਿ ਉਸ ਨੇ ਜਿੱਤ ਲਈ 224 ਦੌੜਾਂ ਬਣਾਉਣੀਆਂ ਸਨ। ਹਾਲੇ 50 ਓਵਰਾਂ ਦੀ ਆਖ਼ਰੀ ਗੇਂਦ ਸੁੱਟੀ ਜਾਣੀ ਬਾਕੀ ਸੀ।

ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੀ ਟੀਮ ਨੇ 10:40 ਵਜੇ 200 ਦੌੜਾਂ ਮੁਕੰਮਲ ਕਰ ਲਈਆਂ ਸਨ। ਮੁਹੰਮਦ ਨਬੀ 44 ਦੌੜਾਂ ਉੱਤੇ ਖੇਡ ਰਿਹਾ ਸੀ ਤੇ ਉਸ ਵੇਲੇ ਤੱਕ ਉਹੀ ਆਪਣੀ ਟੀਮ ਲਈ ਆਖ਼ਰੀ ਆਸ ਸੀ। ਉਸ ਤੋਂ ਪਹਿਲਾਂ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਨੇ ਰਾਸ਼ਿਦ ਖ਼ਾਨ ਨੂੰ ਐੱਮਐੱਸ ਧੋਨੀ ਦੇ ਹੱਥੋਂ ਸਟੰਪ ਕਰਵਾ ਕੇ ਅਫ਼ਗ਼ਾਨਿਸਤਾਨ ਨੂੰ 7ਵਾਂ ਝਟਕਾ ਦਿੱਤਾ। ਰਾਸ਼ਿਦ ਖ਼ਾਨ ਦੇ ਬੱਲੇ ’ਚੋਂ 14 ਦੌੜਾਂ ਨਿੱਕਲੀਆਂ।

ਉਸ ਤੋਂ ਪਹਿਲਾਂ ਆਲ–ਰਾਊਂਡਰ ਹਾਰਦਿਕ ਪਾਂਡਿਆ ਨੇ ਖ਼ਤਰਨਾਕ ਸਿੱਧ ਹੋ ਰਹੇ ਮੁਹੰਮਦ ਨਬੀ ਤੇ ਜਾਦਰਾਨ ਦੀ ਜੋੜੀ ਨੂੰ ਤੋੜ ਦਿੱਤਾ। ਭਾਰਤ ਨੇ ਤਦ ਅਫ਼ਗ਼ਾਨਿਸਤਾਨ ਦਾ ਛੇਵਾਂ ਵਿਕੇਟ ਹਾਸਲ ਕੀਤਾ। ਉਸ ਤੋਂ ਪਹਿਲਾਂ 10 ਵਜੇ ਅਫ਼ਗ਼ਾਨਿਸਤਾਨ ਦੀ ਟੀਮ ਨੇ 150 ਦੌੜਾਂ ਮੁਕੰਮਲ ਕੀਤੀਆਂ ਸਨ। ਤਦ ਕ੍ਰੀਜ਼ ਉੱਤੇ ਜਾਦਰਾਨ ਤੇ ਮੁਹੰਮਦ ਨਬੀ ਖੇਡ ਰਹੇ ਸਨ ਤੇ ਦੋਵਾਂ ਵਿਚਾਲੇ 31 ਦੌੜਾਂ ਦੀ ਭਾਈਵਾਲੀ ਹੋ ਚੁੱਕੀ ਸੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ 8 ਵਿਕੇਟਾਂ ਉੱਤੇ 224 ਦੌੜਾਂ ਬਣਾਈਆਂ ਸਨ। ਵਿਜੇ ਸ਼ੰਕਰ ਨੇ 29 ਤੇ ਐੱਮਐੱਸ ਧੋਨੀ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਵਿਰਾਟ ਨੇ ਸਭ ਤੋਂ ਵੱਧ 67 ਤੇ ਕੇਦਾਰ ਨੇ 52 ਦੌੜਾਂ ਬਣਾਈਆਂ। ਅਫ਼ਗ਼ਾਨਿਸਤਾਨ ਲਈ ਮੁਹੰਮਦ ਨਬੀ ਤੇ ਗੁਲਬਦੀਨ ਨਈਬ ਨੇ 2–2 ਵਿਕੇਟਾਂ ਲਈਆਂ। ਮੁਜੀਬ, ਆਫ਼ਤਾਬ, ਰਾਸ਼ਿਦ ਤੇ ਰਹਿਮਤ ਨੂੰ 1–1 ਵਿਕੇਟ ਮਿਲੀ।

ਭਾਰਤ ਨੇ 45ਵੇਂ ਓਵਰ ਦੀ ਸਮਾਪਤੀ ਮੌਕੇ ਆਪਣੇ 5 ਵਿਕੇਟ ਸਿਰਫ਼ 194 ਦੌੜਾਂ ਉੱਤੇ ਗੁਆ ਦਿੱਤੇ ਸਨ। ਕੇਦਾਰ ਜਾਧਵ 32 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨਾਲ ਦੂਜੇ ਪਾਸੇ ਹਾਰਦਿਕ ਪਾਂਡਿਆ ਮੌਜੂਦ ਸਨ। ਮਹੇਂਦਰ ਸਿੰਘ ਧੋਨੀ ਨੂੰ ਰਾਸ਼ਿਦ ਖ਼ਾਨ ਨੇ ਇਸ ਓਵਰ ਵਿੱਚ ਸੰਟਪ–ਆਊਟ ਕਰਵਾਇਆ। ਉਹ 51 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ 3 ਚੌਕਿਆਂ ਦੀ ਮਦਦ ਨਾਲ ਸਿਰਫ਼ 28 ਦੌੜਾਂ ਬਣਾ ਸਕੇ। ਉਸ ਤੋਂ ਪਹਿਲਾਂ 41ਵੇਂ ਓਵਰ ਦੀ ਸਮਾਪਤੀ ਮੌਕੇ 4 ਵਿਕੇਟਾਂ ਗੁਆ ਕੇ ਭਾਰਤ ਨੇ 178 ਦੌੜਾਂ ਬਣਾਈਆਂ ਸਨ। ਕੇਦਾਰ ਜਾਧਵ 22 ਤੇ ਐੱਮਐੱਸ ਧੋਨੀ 23 ਦੌੜਾਂ ਬਣਾ ਕੇ ਖੇਡ ਰਹੇ ਸਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)