ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਦੀ 42 ਦਿਨਾ ਰਿਹਾਈ ਲਈ ਤਿਆਰ

ਚੰਡੀਗੜ੍ਹ, 24 ਜੂਨ (ਏਜੰਸੀ) : ਹੁਣ ਜਦੋਂ ਅਗਲੇ ਵਰ੍ਹੇ 2020 ਦੇ ਅਰੰਭ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵੇਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾਅ ਕਰਨ ਲਈ ਆਪਣੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਉਂਝ ਹਾਲੇ ਆਖ਼ਰੀ ਫ਼ੈਸਲਾ ਕਮਿਸ਼ਨਰ ਨੇ ਲੈਣਾ ਹੈ।

ਡੇਰਾ ਮੁਖੀ ਨੂੰ ਪੈਰੋਲ ਲਈ ਪਹਿਲੀ ਮਨਜ਼ੂਰੀ ਰੋਹਤਕ ਦੇ ਐੱਸਪੀ ਨੇ ਦਿੱਤੀ ਹੈ। ਇਸ ਮਨਜ਼ੂਰੀ ਦਾ ਕਾਰਨ ਡੇਰਾ ਮੁਖੀ ਦਾ ‘ਚੰਗਾ ਵਿਵਹਾਰ’ ਦੱਸਿਆ ਜਾ ਰਿਹਾ ਹੈ। ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਅਧੀਨ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਦਿਨੀਂ ਫਿਰ 42 ਦਿਨਾਂ ਦੀ ਪੈਰੋਲ (ਜ਼ਮਾਨਤ) ਲਈ ਆਪਣੀ ਅਰਜ਼ੀ ਦਾਖ਼ਲ ਕੀਤੀ ਸੀ। ਇਸ ਵਾਰ ਇਹ ਪੈਰੋਲ ਸਿਰਸਾ ਸਥਿਤ ਬੰਜਰ ਪਈ ਆਪਣੀ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਮੰਗੀ ਗਈ ਸੀ।

ਇੱਥੇ ਵਰਨਣਯੋਗ ਹੈ ਕਿ ਡੇਰਾ ਮੁਖੀ ਰੋਹਤਕ ਜੇਲ੍ਹ ਵਿੱਚ ਵੀ ਸਬਜ਼ੀਆਂ ਤੇ ਫਲ਼ ਹੀ ਉਗਾਉਂਦਾ ਹੈ ਤੇ ਇਸ ਲਈ ਉਸ ਨੂੰ 20 ਰੁਪਏ ਰੋਜ਼ਾਨਾ ਦਿਹਾੜੀ ਮਿਲਦੀ ਹੈ ਤੇ ਇਸ ਲਈ ਇੱਕ ਦਿਨ ਵਿੱਚ ਲਾਜ਼ਮੀ ਤੌਰ ’ਤੇ 8 ਘੰਟੇ ਕੰਮ ਕਰਨਾ ਪੈਂਦਾ ਹੈ। ਅਦਾਲਤ ਵੱਲੋਂ ਸੁਣਾਈ ਗਈ ‘ਕੈਦ ਬਾਮੁਸ਼ੱਕਤ’ ਵਿੱਚ ਕੈਦੀ ਲਈ ਇੰਨੀ ਮਿਹਨਤ ਕਰਨੀ ਲਾਜ਼ਮੀ ਹੈ। 51 ਸਾਲਾ ਡੇਰਾ ਮੁਖੀ ਦਰਅਸਲ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਵੀ 20 ਸਾਲਾਂ ਦੀ ਵੱਖਰੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਵਿੱਚ ਉਹ ਇੱਕ ਮਾਲੀ ਦਾ ਕੰਮ ਕਰ ਰਿਹਾ ਹੈ।

ਜੇਲ੍ਹ ਅਧਿਕਾਰੀਆਂ ਨੇ ਡੇਰਾ ਮੁਖੀ ਦੀ ਬੇਨਤੀ ਨੂੰ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਾਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਬੇਨਤੀ ਅੱਗੇ ਹਰਿਆਣਾ ਸਰਕਾਰ ਤੱਕ ਪੁੱਜਦੀ ਕੀਤੀ ਸੀ। ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਇਸੇ ਵਰ੍ਹੇ 17 ਜਨਵਰੀ ਨੂੰ ਡੇਰਾ ਮੁਖੀ ਤੇ ਤਿੰਨ ਹੋਰਨਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਪੱਤਰਕਾਰ ਦਾ ਕਤਲ ਅਕਤੂਬਰ 2002 ’ਚ ਹੋਇਆ ਸੀ।

ਪੱਤਰਕਾਰ ਰਾਮਚੰਦਰ ਛਤਰਪਤੀ ਨੇ ਦਰਅਸਲ ਆਪਣੇ ਇਕ ਹਫ਼ਤਾਵਾਰੀ ਅਖ਼ਬਾਰ ਵਿਚ ਡੇਰਾ ਮੁਖੀ ਵੱਲੋਂ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਬਾਰੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਿਖੀ ਚਿੱਠੀ ਪ੍ਰਕਾਸ਼ਿਤ ਕੀਤੀ ਸੀ। ਦੋ ਔਰਤਾਂ ਦੇ ਬਲਾਤਕਾਰ ਵਾਲੇ ਮਾਮਲੇ ਵਿੱਚ 25 ਅਗਸਤ, 2017 ਨੂੰ ਡੇਰਾ ਮੁਖੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)