ਸੰਸਦ ਦਾ ਸੈਸ਼ਨ 17 ਜੂਨ ਤੋਂ, ਬਾਦਲ ਜੋੜੀ ਪਹਿਲੀ ਵਾਰ ਪੁੱਜੇਗੀ ਇੱਕੋ ਸਦਨ ’ਚ


ਨਵੀਂ ਦਿੱਲੀ, 16 ਜੂਨ (ਏਜੰਸੀ) : ਸੰਸਦ ਦਾ ਸੈਸ਼ਨ ਭਲਕੇ 17 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਸੈਸ਼ਨ ਦੌਰਾਨ 4 ਜੁਲਾਈ ਨੂੰ ਪਹਿਲਾਂ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਹੋਵੇਗਾ ਤੇ ਫਿਰ ਅਗਲੇ ਦਿਨ 5 ਜੁਲਾਈ ਨੂੰ ਦੇਸ਼ ਦਾ ਸਾਲ 2019–2020 ਦਾ ਬਜਟ ਪੇਸ਼ ਹੋਵੇਗਾ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪਹਿਲਾਂ ਕਦੇ ਵੀ ਇਕੱਠੇ ਵਿਧਾਨ ਸਭਾ ਜਾਂ ਸੰਸਦ ਵਿੱਚ ਨਹੀਂ ਜਾ ਸਕੇ। ਪਰ ਇਸ ਵਾਰ ਇਹ ਜੋੜੀ 17ਵੀਂ ਲੋਕ ਸਭਾ ’ਚ ਕਈ ਵਾਰ ਇਕੱਠੀ ਸੰਸਦ ਵਿੱਚ ਵੇਖਣ ਨੂੰ ਮਿਲੇਗੀ। ਭਲਕੇ 17 ਜੂਨ ਨੂੰ ਹੀ ਇਹ ਸੰਭਵ ਹੋਵੇਗਾ।

ਦੂਜੀ ਵਾਰ ਫ਼ੂਡ ਪ੍ਰੋਸੈਸਿੰਗ ਮੰਤਰੀ ਵਜੋਂ ਅਹੁਦੇ ਸੰਭਾਲਦੇ ਸਮੇਂ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਉਹ ਇਸ ਵਾਰ ਚਾਹੁੰਦੇ ਸਨ ਕਿ ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਬਣਨ ਪਰ ਉਨ੍ਹਾਂ ਦਾ ਧਿਆਨ ਇਸ ਵੇਲੇ ਪੂਰੀ ਤਰ੍ਹਾਂ ਪਾਰਟੀ ’ਤੇ ਹੀ ਕੇਂਦ੍ਰਿਤ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਸਮਝਾਇਆ ਤੇ ਕੇਂਦਰੀ ਕੈਬਿਨੇਟ ਦਾ ਐਲਾਨ ਹੋਣ ਥੋੜ੍ਹਾ ਸਮਾਂ ਪਹਿਲਾਂ ਤੱਕ ਵੀ ‘ਮੈਂ ਸੁਖਬੀਰ ਬਾਦਲ ਹੁਰਾਂ ਨੂੰ ਰਾਜ਼ੀ ਕਰਨ ਦੇ ਜਤਨ ਕੀਤੇ। ਪਰ ਅਖ਼ੀਰ ਪਾਰਟੀ ਨੇ ਫ਼ੈਸਲਾ ਲਿਆ ਤੇ ਮੈਂ ਉਸ ਫ਼ੈਸਲੇ ਦੀ ਕਦਰ ਕਰਦੀ ਹਾਂ।’ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਵੇਂ ਕਾਂਗਰਸ ਅੱਠ ਸੀਟਾਂ ਜਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਜਿੱਤਿਆ ਹੈ ਪਰ ਅਕਾਲੀ ਦਲ ਦਾ ਵੋਟ–ਹਿੱਸਾ 7 ਫ਼ੀ ਸਦੀ ਵਧਿਆ ਹੈ, ਜਦ ਕਿ ਕਾਂਗਰਸ ਦਾ ਵੋਟ–ਹਿੱਸਾ ਸਿਰਫ਼ 1.5 ਫ਼ੀ ਸਦੀ ਵਧਿਆ ਹੈ।

ਉੱਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਐਤਵਾਰ ਨੂੰ ਸਰਬ–ਪਾਰਟੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸੰਸਦੀ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸੱਦੀ ਗਈ ਹੈ। ਅੱਜ ਸ਼ਾਮੀਂ ਸੰਸਦ ਭਵਨ ’ਚ ਹੀ ਐੱਨਡੀਏ ਦੀ ਮੀਟਿੰਗ ਹੋਵੇਗੀ, ਜਿਸ ਵਿੰਚ ਸੈਸ਼ਨ ਲਈ ਰਣਨੀਤੀ ਉਲੀਕਣ ਬਾਰੇ ਚਰਚਾ ਹੋਵੇਗੀ।

ਸੰਸਦੀ ਸੈਸ਼ਨ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਕਾਂਗਰਸ ਦਾ ਸਹਿਯੋਗ ਮੰਗਣ ਲਈ ਸ਼ੁੱਕਰਵਾਰ ਨੂੰ ਕਾਂਗਰਸੀ ਸੰਸਦੀ ਪਾਰਟੀ ਦੇ ਮੁਖੀ ਸੋਨੀਆ ਗਾਂਧੀ ਨਾਲ ਵੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਅਰਜੁਨ ਰਾਮ ਮੇਘਵਾਲ ਵੀ ਸਨ। 17ਵੀਂ ਲੋਕ ਸਭਾ ਦਾ ਇਹ ਪਹਿਲਾ ਸੈਸ਼ਨ 26 ਜੁਲਾਈ ਤੱਕ ਚੱਲੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੰਸਦ ਦਾ ਸੈਸ਼ਨ 17 ਜੂਨ ਤੋਂ, ਬਾਦਲ ਜੋੜੀ ਪਹਿਲੀ ਵਾਰ ਪੁੱਜੇਗੀ ਇੱਕੋ ਸਦਨ ’ਚ