ਬਿੱਟੂ ਦਾ ਅੰਤਿਮ ਸਸਕਾਰ ਨਹੀਂ, ਸਗੋਂ ਨਿਆਂ ਲਈ ਸੰਘਰਸ਼ ਕਰਾਂਗੇ : ਡੇਰਾ ਸਿਰਸਾ

ਕੋਟਕਪੂਰਾ, 23 ਜੂਨ (ਏਜੰਸੀ) : ਕੋਟਕਪੂਰਾ ਸ਼ਹਿਰ ਸਮੇਤ ਡੇਰਾ ਸਿਰਸਾ ਦੇ ਸ਼ਰਧਾਲੂਆਂ ’ਚ ਇਸ ਵੇਲੇ ਹਾਲਾਤ ਕੁਝ ਤਣਾਅਪੂਰਨ ਚੱਲ ਰਹੇ ਹਨ ਕਿਉਂਕਿ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਅੱਜ ਬਾਅਦ ਦੁਪਹਿਰ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਡੇਰਾ ਸ਼ਰਧਾਲੂਆਂ ਨੂੰ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਉਹ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਨਹੀਂ ਕਰਨਗੇ, ਸਗੋਂ ਇਸ ਦੀ ਥਾਂ ਇਨਸਾਫ਼ ਲਈ ਸੰਘਰਸ਼ ਕੀਤਾ ਜਾਵੇਗਾ।

ਕਮੇਟੀ ਦੇ ਸੀਨੀਅਰ ਮੈਂਬਰ ਸ੍ਰੀ ਹਰਚਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਇੱਕ ਕਥਿਤ ਸਾਜ਼ਿਸ਼ ਅਧੀਨ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਤੇ ਕੱਲ੍ਹ ਨੂੰ ਅਜਿਹਾ ਹਮਲਾ ਕਿਸੇ ਹੋਰ ਡੇਰਾ–ਪ੍ਰੇਮੀ ਉੱਤੇ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਡੇਰਾ ਪ੍ਰੇਮੀਆਂ ਖਿ਼ਲਾਫ਼ ਇੱਕ ਸਿਸਟਮ ਅਧੀਨ ਬੇਅਦਬੀ ਦੇ ਮਾਮਲੇ ਦਰਜ ਹੋਏ ਹਨ, ਉਨ੍ਹਾਂ ਵਿਰੁੱਧ ਇਹ ਮਾਮਲੇ ਰੱਦ ਕੀਤੇ ਜਾਣ।

ਸ੍ਰੀ ਹਰਚਰਨ ਸਿੰਘ ਨੇ ਕਿਹਾ ਕਿ 49 ਸਾਲਾ ਮਹਿੰਦਰਪਾਲ ਬਿੱਟੂ ਜਿਹੜੀ ਬੈਰਕ ਵਿੱਚ ਸੀ, ਉੱਥੇ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਸੀ ਪਰ ਦੋ ਜਣੇ ਕਿਵੇਂ ਅੰਦਰ ਚਲੇ ਗਏ ਤੇ ਰਾੱਡ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਤਲ–ਕਾਂਡ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।

ਚੇਤੇ ਰਹੇ ਕਿ ਕੱਲ੍ਹ ਸ਼ਾਮੀਂ 5:15 ਵਜੇ ਮਹਿੰਦਰਪਾਲ ਬਿੱਟੂ ਉੱਤੇ ਹਮਲਾ ਹੋਇਆ ਸੀ। ਹੁਣ ਇਹ ਵੀ ਆਖਿਆ ਜਾ ਰਿਹਾ ਹੈ ਕਿ ਸੀਬੀਆਈ ਪਹਿਲਾਂ ਬਿੱਟੂ ਦਾ ‘ਲਾਈ–ਡਿਟੈਕਸ਼ਨ ਟੈਸਟ’ ਵੀ ਕਰਵਾ ਚੁੱਕੀ ਹੈ ਤੇ ਉਸ ਵਿੱਚ ਵੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)