ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦਾ ਨਾਭਾ ਜੇਲ੍ਹ ’ਚ ਕਤਲ

ਨਾਭਾ, 22 ਜੂਨ (ਏਜੰਸੀ) : ਫ਼ਰੀਦਕੋਟ ਜ਼ਿਲ੍ਹੇ ’ਚ ਬਰਗਾੜੀ ਵਿਖੇ ਸਾਲ 2015 ਦੌਰਾਨ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਹੁ–ਚਰਚਿਤ ਕਾਂਡ ਦੇ ਮੁਲਜ਼ਮ ਮਹਿੰਦਰ ਪਾਲ ਬਿੱਟੂ ਦਾ ਅੱਜ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਕੋਟਕਪੂਰ ਸ਼ਹਿਰ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਨਾਲ–ਨਾਲ ਡੇਰਾ ਪ੍ਰੇਮੀਆਂ ਦੀ ਬਹੁਲਤਾ ਵਾਲੇ ਇਲਾਕਿਆਂ ’ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਅੰਦਰ ਹੀ ਦੋ ਕੈਦੀਆਂ ਨੇ ਰਾੱਡ ਮਾਰ ਕੇ ਕਤਲ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਮਹਿੰਦਰ ਪਾਲ ਦਾ ਕਤਲ ਕਰਨ ਲਈ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨਾਂਅ ਦੇ ਦੋ ਕੈਦੀਆਂ ਨੇ ਲੋਹੇ ਦੀ ਰਾੱਡ ਨੂੰ ਵਰਤਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੋਵਾਂ ਨੇ ਪਹਿਲਾਂ ਉਸ ਰਾੱਡ ਨੂੰ ਤਿੱਖਾ ਕੀਤਾ ਤੇ ਉਹ ਮਹਿੰਦਰਪਾਲ ਦੇ ਖੋਭ ਦਿੱਤਾ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਮਹਿੰਦਰਪਾਲ ਬਿੱਟੂ ਉੱਤੇ ਅੱਜ ਨਾਭਾ ਜੇਲ੍ਹ ’ਚ ਸ਼ਾਮੀਂ 5:15 ਵਜੇ ਹਮਲਾ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉਹ ਰਾਹ ਵਿੱਚ ਹੀ ਦਮ ਤੋੜ ਗਿਆ। 49 ਸਾਲਾ ਮਹਿੰਦਰਪਾਲ ਫ਼ਰੀਦਕੋਟ ਦਾ ਵਸਨੀਕ ਸੀ।

ਨਾਭਾ ਜੇਲ੍ਹ ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਉੱਥੇ ਅਜਿਹੀ ਵਾਰਦਾਤ ਦਾ ਵਾਪਰਨਾ ਜੇਲ੍ਹ ਦੇ ਸੁਰੱਖਿਆ ਇੰਤਜ਼ਾਮ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਹੈ। ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬਹੁਤ ਨੇੜੇ ਰਿਹਾ ਦੱਸਿਆ ਜਾਂਦਾ ਸੀ।

ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਮਹਿੰਦਰ ਪਾਲ ਬਿੱਟੂ, ਸੁਖਜਿੰਦਰ ਸਿੰਘ ਉਰਫ਼ ਸੰਨੀ ਕੰਡਾ ਤੇ ਸ਼ਕਤੀ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੇ ਡੇਰਾ ਸਿਰਸਾ ਦੇ ਪੈਰੋਕਾਰ ਸਨ।

ਇੱਥੇ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਪਿਛਲੇ ਚਾਰ ਸਾਲਾਂ ਤੋਂ ਹੀ ਬੇਹੱਦ ਚਰਚਾ ਦਾ ਕੇਂਦਰ ਰਿਹਾ ਹੈ। ਪਿਛਲੇ ਸਾਲ ਇਸੇ ਘਟਨਾ ਤੇ ਪੰਜਾਬ ਵਿੱਚ ਵਾਪਰੀਆਂ ਹੋਰ ਅਜਿਹੀਆਂ ਘਟਨਾਵਾਂ ਬਾਰੇ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਵੀ ਪੇਸ਼ ਕੀਤੀ ਗਈ ਸੀ।

ਇਸ ਘਟਨਾ ਨੂੰ ਲੈ ਕੇ ਫ਼ਰੀਦਕੋਟ ਤੇ ਪਟਿਆਲਾ ਦੇ ਸਮੁੱਚੇ ਇਲਾਕਿਆਂ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਬੇਹੱਦ ਚੌਕਸ ਹੋ ਗਏ ਹਨ। ਖ਼ਾਸ ਕਰ ਕੇ ਡੇਰਾ ਸਿਰਸਾ ਦੇ ਸ਼ਰਧਾਲੂਆਂ (ਪ੍ਰੇਮੀਆਂ) ਦੀ ਬਹੁ–ਗਿਣਤੀ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

ਹੋਰ ਤਾਂ ਹੋਰ ਇਸ ਵਾਰ ਦੀਆਂ ਸੰਸਦੀ ਚੋਣਾਂ ਤੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਬਰਗਾੜੀ ਬੇਅਦਬੀ ਕਾਂਡ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)