ਮੋਦੀ ਦਾ ਕਾਰਜਕਾਲ ਕਾਲੇ ਧੱਬੇ ਵਰਗਾ ਰਿਹਾ : ਮਾਇਆਵਤੀ

ਲਖਨਊ, 15 ਮਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਦੀ ਵਿਰਾਸਤ ਗੁਜਰਾਤ ਲਈ ‘ਕਾਲਾ ਧੱਬਾ’ ਅਤੇ ਭਾਜਪਾ ਦੇ ਨਾਲ ਨਾਲ ਮੁਲਕ ਦੇ ਫਿਰਕੂ ਇਤਿਹਾਸ ਲਈ ‘ਬੋਝ’ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ‘ਅਣਫਿਟ’ ਸਨ ਅਤੇ ਉਨ੍ਹਾਂ ਦੇ ਕਾਰਜਕਾਲ ’ਚ ਅਰਾਜਕਤਾ ਅਤੇ ਨਫ਼ਰਤ ਭਾਰੂ ਰਹੀ। ਮਾਇਆਵਤੀ ਨੇ ਕਿਹਾ,‘‘ਮੇਰਾ ਯੂਪੀ ਦੇ ਮੁੱਖ ਮੰਤਰੀ ਵਜੋਂ ਚਾਰ ਵਾਰ ਦਾ ਕਾਰਜਕਾਲ ਸਾਫ਼ ਸੁਥਰਾ ਰਿਹਾ ਅਤੇ ਪੁਰਅਮਨ, ਵਿਕਾਸ, ਲੋਕਾਂ ਦੀ ਭਲਾਈ ਜਿਹੇ ਕੰਮਾਂ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦਾ ਲੰਬੇ ਸਮੇਂ ਤਕ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਦੀ ਵਿਰਾਸਤ ਖੁਦ ਅਤੇ ਭਾਜਪਾ ਲਈ ਕਾਲੇ ਧੱਬੇ ਸਮਾਨ ਹੈ ਅਤੇ ਮੁਲਕ ਦੇ ਫਿਰਕੂ ਇਤਿਹਾਸ ’ਤੇ ਬੋਝ ਹੈ।’’

ਬਸਪਾ ਸੁਪਰੀਮੋ ਨੇ ਦਾਅਵਾ ਕੀਤਾ ਕਿ ਯੂਪੀ ’ਚ ਉਨ੍ਹਾਂ ਦੀ ਸਰਕਾਰ ਸਮੇਂ ਅਰਾਜਕਤਾ ਅਤੇ ਦੰਗੇ ਨਹੀਂ ਹੋਏ ਪਰ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿੰਦਿਆਂ ਅਰਾਜਕਤਾ, ਹਿੰਸਾ, ਤਣਾਅ ਅਤੇ ਨਫ਼ਰਤ ਦਾ ਮਾਹੌਲ ਬਣਿਆ ਰਿਹਾ। ‘ਇਸ ਤੋਂ ਕਿਹਾ ਜਾ ਸਕਦਾ ਹੈ ਕਿ ਉਹ ਅਹੁਦਾ ਸੰਭਾਲਣ ਦੇ ਲਾਇਕ ਨਹੀਂ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਜੀਐਸਟੀ ਅਤੇ ਨੋਟਬੰਦੀ ਨੂੰ ਮੁਲਕ ’ਤੇ ਥੋਪਿਆ ਅਤੇ ਸਿਰਫ਼ ਆਪਣੇ ਆਪ ਨੂੰ ‘ਦੁੱਧ ਦਾ ਧੋਤਾ’ ਸਾਬਿਤ ਕਰਨ ਅਤੇ ਦੂਜਿਆਂ ਨੂੰ ਗਲਤ ਸਾਬਿਤ ਕਰਨ ਲਈ ਇਹ ਕਦਮ ਉਠਾਏ। ਬਸਪਾ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਚਹੇਤੇ ਅਤੇ ਭ੍ਰਿਸ਼ਟ ਪੂੰਜੀਪਤੀ ਆਮ ਲੋਕਾਂ ਦਾ ਬੈਂਕਾਂ ’ਚ ਜਮਾਂ ਪੈਸਾ ਲੈ ਕੇ ਮੁਲਕ ’ਚੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿਵੇਂ ਕਾਗਜ਼ਾਂ ’ਚ ਪ੍ਰਧਾਨ ਮੰਤਰੀ ਓਬੀਸੀ ਹਨ, ਉਸੇ ਤਰ੍ਹਾਂ ਉਹ ਕਾਗਜ਼ਾਂ ’ਚ ਹੀ ਸਿਰਫ਼ ਇਮਾਨਦਾਰ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)