ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਭਲਕੇ ਹੋ ਜਾਵੇਗਾ ਚੋਣ ਪ੍ਰਚਾਰ ਬੰਦ

ਚੰਡੀਗੜ੍ਹ 15 ਮਈ (ਏਜੰਸੀ) : ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਲਈ 17 ਮਈ ਬਾਅਦ ਦੁਪਹਿਰ ਪੰਜ ਵਜੇ ਤੋਂ ਚੋਣ ਬੰਦ ਹੋ ਜਾਵੇਗਾ। ਪਰ ਉਮੀਦਵਾਰਾਂ ਨੂੰ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕ ਕਰਨ ਦੀ ਖੁੱਲ੍ਹ ਰਹੇਗੀ। ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਲਈ ਵੋਟਾਂ ਉੱਨੀ ਮਈ ਨੂੰ ਪੈਣਗੀਆਂ ਇਨ੍ਹਾਂ ਹਲਕਿਆਂ ਲਈ ਨਾਮਜ਼ਦਗੀਆਂ 22 ਅਪਰੈਲ ਤੋਂ ਸ਼ੁਰੂ ਹੋਈਆਂ ਸਨ ਅਤੇ ਪੇਪਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 29 ਅਪਰੈਲ ਸੀ। ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਦਸ ਅਪਰੈਲ ਨੂੰ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ। ਸਰਕਾਰੀ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਦੇ ਤੇਰਾਂ ਹਲਕਿਆਂ ਲਈ ਕੁੱਲ 278 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਸੁਣਾਇਆ ਜਾਵੇਗਾ। ਦੇਸ਼ ਦੇ ਦੂਜੇ ਭਾਗਾਂ ਵਿੱਚ ਚਾਹੇ ਪੋਲਿੰਗ ਪਹਿਲਾਂ ਹੋ ਗਈ ਸੀ ਪਰ ਨਤੀਜੇ ਦਾ ਐਲਾਨ ਉਸ ਦਿਨ ਕੀਤਾ ਜਾਵੇਗਾ। ਚੋਣ ਕਮਿਸ਼ਨ ਦੇ ਫ਼ੈਸਲੇ ਮੁਤਾਬਕ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਅਤੇ ਆਖਰੀ ਗੇੜ ਦੀ ਪੋਲਿੰਗ ਉੱਨੀ ਮਈ ਨੂੰ ਹੋ ਰਹੀ ਹੈ।

ਪੰਜਾਬ ਵਿੱਚ ਵੋਟਰਾਂ ਦੀ ਕੁੱਲ ਗਿਣਤੀ ਹੈ 20374375 ਹੈ ਇਨ੍ਹਾਂ ਵਿਚੋਂ 10754157ਪੁਰਸ਼ ਅਤੇ 9619722 ਮਹਿਲਾ ਵੋਟਰ ਹਨ। ਇਨ੍ਹਾਂ ਤੋਂ ਇਲਾਵਾ 507 ਕਿੰਨਰ ਅਤੇ 393 ਐੱਨ ਆਰ ਆਈ ਵੋਟਰ ਦੱਸੇ ਗਏ ਹਨ। ਵਿਸ਼ੇਸ਼ ਵਰਗ ਦੇ ਵੋਟਰਾਂ ਦੀ ਗਿਣਤੀ 68551 ਹੈ। ਚੋਣ ਅਮਲ ਸਹੀ ਢੰਗ ਨਾਲ ਚਲਾਉਣ ਲਈ ਰਾਜ ਭਰ ਵਿਚ 232136 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਪੇਂਡੂ ਖੇਤਰ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16394ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤਰ 70.89 ਫ਼ੀਸਦੀ ਪੋਲਿੰਗ ਹੋਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ 78.57 ਫੀਸਦੀ ਵੋਟਾਂ ਪਈਆਂ ਸਨ । ਪੰਜਾਬ ਦੇ ਮੁੱਖ ਚੋਣ ਅਫ਼ਸਰ ਕਰੁਣਾ ਐਸ ਰਾਜੂ ਨੇ ਦੱਸਿਆ ਕਿ 17 ਮਈ ਸ਼ਾਮ ਪੰਜ ਵਜੇ ਤੋਂ ਖੁੱਲ੍ਹਮ ਖੁੱਲ੍ਹਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਨਾਲ ਹੀ ਉਸੇ ਦਿਨ ਤੋਂ 48 ਘੰਟਿਆਂ ਲਈ ਸ਼ਰਾਬ ਦੇ ਠੇਕੇ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਣ ਡਿਊਟੀ ਤੇ ਤਾਇਨਾਤ ਸਟਾਫ ਨੂੰ 19 ਦੀ ਥਾਂ 20 ਮਈ ਸੋਮਵਾਰ ਦੀ ਛੁੱਟੀ ਕਰ ਦਿੱਤੀ ਗਈ ਹੈ ।

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਜ਼ਾਈਡਿੰਗ ਤੇ ਪੋਲਿੰਗ ਅਫ਼ਸਰਾਂ ਲਈ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪ੍ਰਜ਼ਾਈਡਿੰਗ ਤੇ ਪੋਲਿੰਗ ਅਫ਼ਸਰ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਆਪਣੇ ਦਫ਼ਤਰ ਵਿੱਚ ਰਿਪੋਰਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਗੈਰਹਾਜ਼ਰ ਨਹੀਂ ਮੰਨਿਆ ਜਾਵੇਗਾ। ਇਸੇ ਤਰ੍ਹਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਲਈ 19 ਮਈ ਦਿਨ ਐਤਵਾਰ ਨੂੰ ਪੰਜਾਬ ਰਾਜ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਧੀਨ ਇਹ ਛੁੱਟੀ ਦਾ ਐਲਾਨ ਕੀਤਾ ਹੈ। ਉਦਯੋਗਕ ਯੂਨਿਟਾਂ, ਵਪਾਰਕ ਦੁਕਾਨਾਂ ਤੇ ਅਦਾਰਿਆਂ ਵਿੱਚ ਕੰਮ ਕਰਦੇ ਵਰਕਰਾਂ ਨੂੰ ਵੀ 19 ਮਈ ਨੂੰ ਸਮੇਤ ਤਨਖਾਹ ਛੁੱਟੀ ਹੋਵੇਗੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)