ਗੁਰਦਾਸਪੁਰ ਸੀਟ ‘ਤੇ ਰੋਚਕ ਮੁਕਾਬਲਾ, ਜਾਖੜ ਤੇ ਸੰਨੀ ‘ਚ ਹੋਵੇਗੀ ਸਖ਼ਤ ਟੱਕਰ

ਪਠਾਨਕੋਟ, 17 ਮਈ (ਏਜੰਸੀ) : ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਸਭ ਤੋਂ ਹਾਟ ਸੀਟ ਮੰਨੇ ਜਾ ਰਹੇ ਗੁਰਦਾਸਪੁਰ ਹਲਕਾ ‘ਚ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਫਿਲਮ ਸਟਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ‘ਚ ਸਖਤ ਮੁਕਾਬਲਾ ਦਿਖਾਈ ਦੇ ਰਿਹਾ ਹੈ। ਕਾਂਗਰਸ ਨੇ ਇਸ ਸੀਟ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਹੈ ਅਤੇ ਪਿਛਲੇ 3 ਦਿਨਾਂ ‘ਚ ਜਿਥੇ ਗੁਰਦਾਸਪੁਰ ਹਲਕੇ ਵਿਚ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਮੋਰਚਾ ਸੰਭਾਲ ਕੇ ਜਿੱਤ ਲਈ ਕਾਫੀ ਜ਼ੋਰ ਲਾਇਆ ਹੈ। ਦੂਜੇ ਪਾਸੇ ਕਾਂਗਰਸ ‘ਚ ਫੈਲੀ ਅੰਦਰੂਨੀ ਗੁੱਟਬਾਜ਼ੀ ਜਾਖੜ ਦੀ ਖੇਡ ਵਿਗਾੜਨ ‘ਤੇ ਤੁਲੀ ਹੋਈ ਹੈ।

ਪੰਜਾਬ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਚੋਣ ਪ੍ਰਚਾਰ ਤੋਂ ਲਗਾਤਾਰ ਦੂਰੀ ਬਣਾਈ ਰੱਖੀ। ਬਾਜਵਾ 2009 ‘ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਮਾਤ ਦੇ ਕੇ ਲੋਕ ਸਭਾ ਸੰਸਦ ਮੈਂਬਰ ਵੀ ਬਣ ਚੁੱਕੇ ਹਨ। ਜਦਕਿ 2014 ਦੀ ਚੋਣ ਵਿਚ ਉਨ੍ਹਾਂ ਨੂੰ ਵਿਨੋਦ ਖੰਨਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 17 ਮਈ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਪਰ ਬਾਜਵਾ ਗੁੱਟ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਕਾਂਗਰਸ ਦਾ ਖੇਡ ਵਿਗਾੜਨ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

ਇਸ ਤੋਂ ਇਲਾਵਾ ਭੋਆ ਹਲਕਾ ਵਿਚ ਕਾਂਗਰਸ ਸਮਰਥਿਤ ਨਾਜਾਇਜ਼ ਮਾਈਨਿੰਗ ਦੇ ਕਾਰਨ ਲੋਕਾਂ ਵਿਚ ਸਥਾਨਕ ਵਿਧਾਇਕ ਅਤੇ ਕਾਂਗਰਸ ਦੇ ਖਿਲਾਫ ਖਾਸ ਰੋਸ ਹੈ। ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਹਲਕਿਆਂ ਵਿਚ ਕਾਂਗਰਸ ਦੇ ਵਿਧਾਇਕ ਹਨ ਅਤੇ ਇਨ੍ਹਾਂ ਹਲਕਿਆਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਅਰੁਣਾ ਚੌਧਰੀ ਕੈਪਟਨ ਸਰਕਾਰ ਵਿਚ ਕੈਬਨਿਟ ਮੰਤਰੀ ਹੈ। ਜ਼ਿਲੇ ਵਿਚ 3-3 ਮੰਤਰੀ ਹੋਣ ਦੇ ਬਾਵਜੂਦ ਹਲਕਾ ਵਿਕਾਸ ਨੂੰ ਤਰਸ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਦੇ ਖਿਲਾਫ ਜਨਤਾ ਵਿਚ ਫੈਲੀ ਐਂਟੀਇਨਕੰਬੈਂਸੀ ਤੇ ਕੈਪਟਨ ਅਮਰਿੰਦਰ ਸਰਕਾਰ ਦੇ ਫੇਲੁਅਰਸ ਨੂੰ ਲੈ ਕੇ ਜਨਤਾ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕ ਕਾਂਗਰਸੀ ਆਗੂਆਂ ਤੋਂ ਘਰ-ਘਰ ਨੌਕਰੀ, ਸਮਾਰਟਫੋਨ, ਬੇਰੋਜ਼ਗਾਰੀ ਭੱਤਾ, ਪੈਨਸ਼ਨ, ਕਿਸਾਨਾਂ ਦੇ ਮੁੱਦਿਆਂ ‘ਤੇ ਸਵਾਲ ਉਠ ਰਹੇ ਹਨ।

ਉਥੇ ਦੂਜੇ ਪਾਸੇ ਸੰਨੀ ਦਿਓਲ ਦਾ ਜਾਦੂ ਹਲਕੇ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਾਂਗਰਸ ਨੇ ਸੰਨੀ ਦੇ ਬਾਹਰੀ ਹੋਣ ਦੇ ਮੁੱਦੇ ਨੂੰ ਉਠਾਇਆ ਪਰ ਲੋਕਾਂ ਨੇ ਬਾਹਰੀ ਮਾਮਲੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਜਨਤਾ ਦਾ ਕਹਿਣਾ ਹੈ ਕਿ ਫਿਲਮ ਅਭਿਨੇਤਾ ਵਿਨੋਦ ਖੰਨਾ ਵੀ ਬਾਹਰੀ ਸਨ ਪਰ ਲੋਕਾਂ ਨੇ ਜਿਥੇ ਉਨ੍ਹਾਂ ਨੂੰ ਖਾਸਾ ਪਿਆਰ ਦੇ ਕੇ 4 ਵਾਰ ਸੰਸਦ ਮੈਂਬਰ ਬਣਾਇਆ, ਉਥੇ ਉਨ੍ਹਾਂ ਨੇ ਗੁਰਦਾਸਪੁਰ ਦੇ ਵਿਕਾਸ ਨੂੰ ਅਨੇਕਾਂ ਪ੍ਰਾਜੈਕਟ ਲਿਆ ਕੇ ਸਰਵਪੱਖੀ ਵਿਕਾਸ ਕਰਵਾਇਆ, ਜਿਸ ਨੂੰ ਲੈ ਕੇ ਜਨਤਾ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੀ ਹੈ। ਜਿਸ ਕਾਰਨ ਲੋਕ ਸੰਨੀ ਦਿਓਲ ਜਿਹੇ ਚਿਹਰਿਆਂ ਨੂੰ ਮੌਕਾ ਦੇਣ ਨੂੰ ਕਾਹਲੀ ਦਿਖਾਈ ਦੇ ਰਹੀ ਹੈ।

ਸੰਨੀ ਦੇ ਪੱਖ ‘ਚ ਇਕ ਗੱਲ ਇਹ ਵੀ ਜਾਂਦੀ ਹੈ ਕਿ ਜ਼ਿਲੇ ‘ਚ ਭਾਜਪਾ ਇਕਜੁੱਟ ਹੋ ਕੇ ਪ੍ਰਚਾਰ ‘ਚ ਜੁਟੀ ਹੈ। 9 ਵਿਧਾਨ ਸਭਾ ਹਲਕਿਆਂ ‘ਚੋਂ ਭਾਜਪਾ ਸਿਰਫ ਸੁਜਾਨਪੁਰ ਹਲਕਾ ‘ਤੇ ਕਾਬਜ਼ ਹੈ ਤੇ ਉਥੋਂ ਵਿਧਾਇਕ ਦਿਨੇਸ਼ ਸਿੰਘ ਬੁੱਬੂ 3 ਵਾਰ ਲਗਾਤਾਰ ਵਿਧਾਇਕ ਬਣ ਚੁੱਕੇ ਹਨ। ਬਟਾਲਾ ਵਿਧਾਨ ਸਭਾ ਹਲਕੇ ‘ਤੇ ਭਾਜਪਾ ਦੀ ਗੱਠਜੋੜ ਅਕਾਲੀ ਦਲ ਦਾ ਕਬਜ਼ਾ ਹੈ ਪਰ ਬਾਕੀ 7 ਵਿਧਾਨ ਸਭਾ ਹਲਕਿਆਂ ‘ਚ ਵੀ ਸੰਨੀ ਦਿਓਲ ਦੇ ਪ੍ਰਚਾਰ ‘ਚ ਜੁਟੀ ਭੀੜ ਨੇ ਕਾਂਗਰਸ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਹੁਣ ਦੇਖਣਾ ਹੋਵੇਗਾ ਕਿ 23 ਮਈ ਨੂੰ ਚੋਣਾਂ ਦੇ ਨਤੀਜੇ ‘ਚ ਕਾਂਗਰਸ ਤੇ ਭਾਜਪਾ ਦੀ ਇੱਜ਼ਤ ਦਾ ਸਵਾਲ ਬਣੀ ਇਸ ਸੀਟ ‘ਤੇ ਕਿਹੜੀ ਪਾਰਟੀ ‘ਤੇ ਗਾਜ਼ ਡਿੱਗਦੀ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)