ਜੈਸਨ ਕੈਨੀ ਵੱਲੋਂ ਸੱਤਾ ‘ਚ ਆਉਣ ‘ਤੇ ਵਿੱਤੀ ਘਾਟਾ ਖ਼ਤਮ ਕਰਨ ਦਾ ਵਾਅਦਾ

ਕੈਲਗਰੀ, 31 ਮਾਰਚ (ਏਜੰਸੀ) : ਐਲਬਰਟਾ ਵਿਚ 16 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੈਸਨ ਕੈਨੀ ਨੇ ਇਲੈਕਸ਼ਨ ਪਲੇਟਫ਼ਾਰਮ ਭਾਵ ਚੋਣ ਮਨੋਰਥ ਪੱਤਰ ਜਾਰੀ ਕਰ ਦਿਤਾ। 117 ਸਫ਼ਿਆਂ ਦੇ ਦਸਤਾਵੇਜ਼ ਵਿਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਜੇ ਪਾਰਟੀ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਚਾਰ ਸਾਲ ਦੇ ਅੰਦਰ ਵਿੱਤੀ ਘਾਟਾ ਖ਼ਤਮ ਕਰ ਦਿਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਸਨ ਕੈਨੀ ਨੇ ਕਿਹਾ ਕਿ ਕਰਜ਼ੇ ਨੂੰ ਘਟਾਉਣ ਲਈ ਸਖ਼ਤ ਆਰਥਿਕ ਅਨੁਸ਼ਾਸਨ ਅਧੀਨ ਕਦਮ ਚੁੱਕੇ ਜਾਣਗੇ।

ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ‘ਤੇ ਰੇਲਕਾਰਜ਼ ਲੀਜ਼ ‘ਤੇ ਲੈਣ ਬਾਰੇ ਮੌਜੂਦਾ ਐਨ.ਡੀ.ਪੀ. ਸਰਕਾਰ ਦੀ ਯੋਜਨਾ ਖ਼ਤਮ ਕਰ ਦਿਤੀ ਜਾਵੇਗੀ ਅਤੇ ਐਡਮਿੰਟਨ ਵਿਖੇ 64 ਕਰੋੜ ਡਾਲਰ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸੁਪਰਲੈਬ ‘ਤੇ ਵੀ ਪਰਦਾ ਪਾ ਦਿਤਾ ਜਾਵੇਗਾ। ਐਲਬਰਟਾ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਯੂ.ਸੀ.ਪੀ. ਨੇ ਤਜਵੀਜ਼ਸ਼ੁਦਾ ਬਜਟ ਅਤੇ ਆਰਥਿਕ ਪੇਸ਼ੀਨਗੋਈ ਤਿਆਰ ਕਰਨ ਲਈ ਸਟੋਕਸ ਇਕੋਨਾਮਿਕਸ ਨਾਮੀ ਫ਼ਰਮ ਦੀਆਂ ਸੇਵਾਵਾਂ ਲਈਆਂ ਹਨ। ਇਸ ਤੋਂ ਇਲਾਵਾ ਜੈਸਨ ਕੈਨੀ ਨੇ ਸੱਤਾ ਵਿਚ ਆਉਣ ‘ਤੇ ਕਾਰਬਨ ਟੈਕਸ ਵਿਚ ਕਟੌਤੀ ਕਰਨ, ਫ਼ੈਡਰਲ ਲੋਕ ਕਾਰਬਨ ਇਕਾਨੋਮੀ ਲੀਡਰਸ਼ਿਪ ਫ਼ੰਡਾਂ ਵਿਚੋਂ ਬਾਹਰ ਹੋਣ ਅਤੇ ਰੁਜ਼ਗਾਰ ਸਿਰਜਣਾ ਟੈਕਸ ਕਟੌਤੀ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਜਿਸ ਰਾਹੀਂ ਕਾਰਪੋਰੇਟ ਟੈਕਸ ਦੀ ਦਰ 12 ਫ਼ੀ ਸਦੀ ਤੋਂ ਘਟਾ ਕੇ 8 ਫ਼ੀ ਸਦੀ ‘ਤੇ ਲਿਆਉਣ ਵਿਚ ਮਦਦ ਮਿਲੇਗੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)