ਪਾਕਿਸਤਾਨ ਨੇ ਹਾਫਿਜ਼ ਸਈਦ ਦੀ ਅੱਤਵਾਦੀ ਜੱਥੇਬੰਦੀ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 6 ਮਾਰਚ (ਏਜੰਸੀ) : ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 44 ਭਾਰਤੀ ਨੌਜਵਾਨਾਂ ਤੋਂ ਬਾਅਦ ਭਾਰਤ ਨੇ ਜਿਸ ਤਰ੍ਹਾਂ ਸਰਹੱਦ ਪਾਰ ਅੱਤਵਾਦ ਦੇ ਮੁੱਦੇ ‘ਤੇ ਬੇਹੱਦ ਸਖ਼ਤ ਰਵੱਈਆ ਅਖਤਿਆਰ ਕੀਤਾ ਹੈ ਤੇ ਪਾਕਿਸਤਾਨ ‘ਤੇ ਕੌਮਾਂਤਰੀ ਦਬਾਅ ਵਧਾਇਆ ਹੈ, ਉਸ ਦਾ ਨਤੀਜਾ ਨਜ਼ਰ ਆਉਣ ਲੱਗਾ ਹੈ। ਪਾਕਿਸਤਾਨ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਜੱਥੇਬੰਦੀ ਜਮਾਤ ਉਦ ਦਾਵਾ ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

ਪਾਕਿਸਤਾਨ ਸਰਕਾਰ ਨੇ ਜੈਸ਼ ਏ ਮੁਹੰਮਦ ਸਣੇ ਕਈ ਅੱਤਵਾਦੀ ਸੰਗਠਨਾਂ ਦੇ 44 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਚ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਪੁੱਤਰ ਹੱਮਾਦ ਅਜ਼ਹਰ ਤੇ ਦੋ ਭਰਾ ਮੌਲਾਨਾ ਅੱਮਾਰ ਤੇ ਮੁਫਤੀ ਅਬਦੁਲ ਰਊਫ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਮੋਲਾਨਾ ਮਸੂਦ ਅਜ਼ਹਰ ਵਿਰੁੱਧ ਵੀ ਇਮਰਾਨ ਸਰਕਾਰ ਛੇਤੀ ਹੀ ਕੋਈ ਠੋਸ ਕਾਰਵਾਈ ਕਰੇਗੀ। ਦੂਜੇ ਪਾਸੇ ਭਾਰਤ ਦਾ ਮੰਨਣਾ ਹੈ ਕਿ ਪਾਕਿਸਤਾਨ ਕੌਮਾਂਤਰੀ ਦਬਾਅ ਤੋਂ ਬਚਣ ਲਈ ਪਹਿਲਾਂ ਵੀ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਦਾ ਰਿਹਾ ਹੈ। ਉਹ ਤਾਂ ਹੀ ਸੰਤੁਸ਼ਟ ਹੋਵੇਗਾ ਜਦੋਂ ਇਨ੍ਹਾਂ ਅੱਤਵਾਦੀਆਂ ਵਿਰੁੱਧ ਪਰਚੇ ਦਰਜ ਹੋਣ ਤੇ ਉਨ੍ਹਾਂ ਸਜ਼ਾ ਦਿਵਾਉਣ ਦੀ ਕਾਰਵਾਈ ਸ਼ੁਰੂ ਹੋਵੇ।

ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਰਾਜ ਮੰਤਰੀ ਸ਼ਹਿਰਯਾਰ ਖਾਨ ਅਫਰੀਦੀ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਿਸੇ ਦਬਾਅ ਵਿਚ ਕੀਤੀ ਗਈ ਕਾਰਵਾਈ ਨਹੀਂ। ਇਹ ਪਾਕਿਸਤਾਨ ਦੀ ਅਪਣੀ ਪਹਿਲ ਹੈ ਤੇ ਉਹ ਕਿਸੇ ਦੇਸ਼ ਵਿਰੁੱਧ ਅਪਣੀ ਜ਼ਮੀਨ ਦੀ ਵਰਤੋਂ ਨਹੀਂ ਹੋਣ ਦੇਵੇਗਾ। ਇਹ ਉਹੀ ਮੰਤਰੀ ਹਨ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਹੈ ਉਦੋਂ ਤੱਕ ਕੋਈ ‘ਮਾਈ ਦਾ ਲਾਲ’ ਜੇਹਾਦੀਆਂ ਵਿਰੁੱਧ ਕਾਰਵਾਈ ਨਹੀਂ ਕਰ ਸਕਦਾ।

ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਭਾਰਤ ਸਰਕਾਰ ਨੇ ਪੁਲਵਾਮਾ ਤੇ ਇਸ ਤੋਂ ਪਹਿਲਾਂ ਦੀਆਂ ਅੱਤਵਾਦੀ ਘਟਨਾਵਾਂ ਵਿਚ ਜੈਸ਼ ਦੀ ਭੂਮਿਕਾ ਨੂੰ ਲੈ ਕੇ ਪਾਕਿਸਤਾਨ ਨੂੰ ਇੱਕ ਡੋਜ਼ੀਅਰ ਸੌਂਪਿਆ ਸੀ ਉਸ ਵਿਚ ਹੱਮਾਦ ਤੇ ਰਊਫ ਦੇ ਨਾਂ ਸ਼ਾਮਲ ਸਨ ਪਰ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵਿਚ ਸਕੱਤਰ ਆਜ਼ਮ ਸੁਲੇਮਾਨ ਖਾਨ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਸਿਰਫ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਂ ਡੋਜ਼ੀਅਰ ਵਿਚ ਸ਼ਾਮਲ ਹਨ। ਸਰਕਾਰ ਅਜਿਹਾ ਕੋਈ ਸੰਦੇਸ਼ ਨਹੀਂ ਦੇਣਾ ਚਹੁੰਦੀ ਕਿ ਉਹ ਕਿਸੇ ਇੱਕ ਜੱਥੇਬੰਦੀ ਵਿਰੁੱਧ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਅਗਲੇ ਦੋ ਹਫ਼ਤੇ ਤੱਕ ਜਾਰੀ ਰਹੇਗੀ।

ਆਜ਼ਮ ਸੁਲੇਮਾਨ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਜੈਸ਼ ਦੇ ਖ਼ਿਲਾਫ਼ ਇਹ ਕਾਰਵਾਈ ਭਾਰਤ ਦੀ ਮੰਗ ‘ਤੇ ਕੀਤੀ ਗਈ ਹੈ। ਅਫ਼ਰੀਦੀ ਨੇ ਭਾਰਤ ਦੇ ਡੋਜ਼ੀਅਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿਚ ਮਸੂਦ ਅਜ਼ਹਰ ਦੇ ਭਰਾਵਾਂ ਰਊਫ ਅਤੇ ਹੱਮਾਦ ਅਜ਼ਹਰ ਦਾ ਨਾਂ ਵੀ ਸ਼ਾਮਲ ਸੀ। ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ ‘ਤੇ ਜੈਸ਼ ਦੇ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ, ਜਿਸ ਵਿਚ 44 ਜਵਾਨ ਮਾਰੇ ਗਏ ਸੀ। ਇਸ ਤੋਂ ਬਾਅਦ ਭਾਰਤ ਨੇ ਜੈਸ਼ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਡੋਜ਼ੀਅਰ ਪਾਕਿਸਤਾਨ ਨੂੰ ਸੌਂਪਿਆ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)