ਨਵਜੋਤ ਸਿੱਧੂ ਦਾ ਏਅਰ ਸਟਰਾਇਕ ‘ਤੇ ਸਵਾਲ, ਬੀਐੱਸ ਧਨੋਆ ਨੇ ਕਿਹਾ ਬਾਲਾਕੋਟ ‘ਚ ਹਮਲਾ ਕੀਤਾ ਬੰਦੇ ਨਹੀਂ ਗਿਣੇ


ਨਵੀਂ ਦਿੱਲੀ, 4 ਮਾਰਚ (ਏਜੰਸੀ) : ਕਾਂਗਰਸੀ ਆਗੂ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੇ ਗਏ ਏਅਰ ਸਟਰਾਈਕ ਦੇ ਦਾਅਵੇ ‘ਤੇ ਸਵਾਲ ਖੜੇ ਕੀਤੇ ਹਨ। ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਉੱਤੇ ਦਿੱਤੇ ਬਿਆਨ ਕਾਰਨ ਵੀ ਸਿੱਧੂ ਘਿਰ ਗਏ ਸਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਦੀ ਸਰਕਾਰ ਤੋਂ ਇਸ ਸਟਰਾਈਕ ਬਾਰੇ ਕਈ ਸਵਾਲ ਪੁੱਛੇ।

ਉਨ੍ਹਾਂ ਪੁੱਛਿਆ, ”300 ਦਹਿਸ਼ਤਗਰਦ ਮਰੇ, ਹਾਂ ਜਾਂ ਨਾ? ਤਾਂ ਫ਼ਿਰ ਕੀ ਮਕਸਦ ਸੀ? ਤੁਸੀਂ ਦਹਿਸ਼ਤਗਰਦਾਂ ਨੂੰ ਜੜ੍ਹ ਤੋਂ ਖ਼ਤਮ ਕਰ ਰਹੇ ਸੀ ਜਾਂ ਦਰਖ਼ਤਾਂ ਨੂੰ? ਕੀ ਇਹ ਚੋਣਾਂ ਨੂੰ ਦੇਖਦਿਆਂ ਡਰਾਮਾ ਸੀ?”

ਉਨ੍ਹਾਂ ਅੱਗੇ ਲਿਖਿਆ ਕਿ ਫ਼ੌਜ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ, ਜਿੰਨਾ ਦੇਸ਼ ਪਵਿੱਤਰ ਹੈ ਓਨੀ ਹੀ ਫ਼ੌਜ ਵੀ ਪਵਿੱਤਰ ਹੈ, ਉੱਚੀ ਦੁਕਾਨ ਫਿੱਕਾ ਪਕਵਾਨ। ਇਸ ਟਵੀਟ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਵੇਰੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਸ਼ਿਵਰਾਤਰੀ ਦੀਆਂ ਸ਼ੁੱਭ ਇਛਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਕਿਹਾ ਸੀ ‘ਅੱਜ ਮੈਂ ਚੁੱਪ ਰਹਾਂਗਾ।’ ਟਵੀਟ ‘ਚ ਉਨ੍ਹਾਂ ਲਿਖਿਆ, “ਅੱਜ ਮੌਨ ਰਹਾਂਗਾ, ਧਿਆਨ ਵਿੱਚ ਲੀਨ ਰਹਾਂਗਾ, ਮਹਾ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ।”

ਭਾਰਤ ਸਰਕਾਰ ਦਾ ਦਾਅਵਾ ਸੀ ਕਿ ਬਾਲਾਕੋਟ ਵਿੱਚ 26 ਫਰਵਰੀ ਨੂੰ ਹਵਾਈ ਫੌਜ ਦੀ ਕਾਰਵਾਈ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦਾਅਵੇ ਮੁਤਾਬਕ ਉੱਥੇ ਮੌਜੂਦ ਸਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਖਾਲੀ ਥਾਵਾਂ ਉੱਤੇ ਬੰਬਾਰੀ ਕੀਤੀ ਹੈ।

ਇਸ ਸਟਰਾਈਕ ਮਗਰੋਂ ਪਹਿਲੀ ਵਾਰ ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਸਾਹਮਣੇ ਆਏ।

ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ, “ਸਾਡਾ ਅਪਰੇਸ਼ਨ ਸਫ਼ਲ ਰਿਹਾ।” ਧਨੋਆ ਨੇ ਅੱਗੇ ਕਿਹਾ, “ਯੋਜਨਾ ਮੁਤਾਬਕ ਅਸੀਂ ਟਾਰਗੇਟ ‘ਤੇ ਹਮਲਾ ਕੀਤਾ। ਸਾਡਾ ਕੰਮ ਸਿਰਫ਼ ਟਾਰਗੇਟ ‘ਤੇ ਹਮਲਾ ਕਰਨਾ ਹੈ। ਕਿੰਨੇ ਲੋਕ ਮਾਰੇ ਗਏ ਇਹ ਗਿਣਨਾ ਸਾਡਾ ਕੰਮ ਨਹੀਂ।”

ਉਨ੍ਹਾਂ ਲੜਾਕੂ ਜਹਾਜ਼ ਮਿਗ-21 ਬਾਰੇ ਵੀ ਕਿਹਾ ਕਿ ਇਹ ਜਹਾਜ਼ ਕਾਬਿਲ ਹੈ ਅਤੇ ਅਪਗ੍ਰੇਡਡ ਹੈ। ਪਾਕਿਸਤਾਨ ਦੀ ਗ੍ਰਿਫਤ ਵਿੱਚ ਆਏ ਭਾਰਤੀ ਪਾਇਲਟ ਅਭਿਨੰਦਨ ਇਹੀ ਜਹਾਜ਼ ਉਡਾ ਰਹੇ ਸਨ।

ਵਿੰਗ ਕਮਾਂਡਰ ਅਭਿਨੰਦਨ ਦੇ ਬਾਰੇ ਉਨ੍ਹਾਂ ਕਿਹਾ, “ਮੈਡੀਕਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਪਾਏਗਾ ਕਿ ਉਹ ਫਿਟ ਹਨ ਕਿ ਨਹੀਂ। ਜੇ ਅਭਿਨੰਦਨ ਫਿਟ ਪਾਏ ਜਾਂਦੇ ਹਨ ਤਾਂ ਉਹ ਡਿਊਟੀ ‘ਤੇ ਮੁੜ ਤਾਇਨਾਤ ਹੋ ਪਾਉਣਗੇ। ਉਨ੍ਹਾਂ ਦੀ ਸਰਵਿਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ।”


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਵਜੋਤ ਸਿੱਧੂ ਦਾ ਏਅਰ ਸਟਰਾਇਕ ‘ਤੇ ਸਵਾਲ, ਬੀਐੱਸ ਧਨੋਆ ਨੇ ਕਿਹਾ ਬਾਲਾਕੋਟ ‘ਚ ਹਮਲਾ ਕੀਤਾ ਬੰਦੇ ਨਹੀਂ ਗਿਣੇ