ਮੁੰਬਈ ਹਮਲੇ ਦੇ ਮਾਮਲੇ ਵਿਚ ਪਾਕਿ ਫ਼ੌਜ ਦੇ ਦੋ ਅਧਿਕਾਰੀਆਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ

ਮੁੰਬਈ, 4 ਫਰਵਰੀ (ਏਜੰਸੀ) : ਮੁੰਬਈ ਹਮਲੇ (26/11) ਦੇ ਸਿਲਸਿਲੇ ਵਿਚ ਅਦਾਲਤ ਨੇ ਪਾਕਿਸਤਾਨ ਦੀ ਸੈਨਾ ਦੇ ਦੋ ਅਫ਼ਸਰਾਂ ਮੇਜਰ ਇਕਬਾਲ ਰਹਿਮਾਨ ਪਾਸ਼ਾ ਅਤੇ ਮੇਜਰ ਇਕਬਾਲ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮੁੰਬਈ ਕਰਾਈਮ ਬਰਾਂਚ ਦੀ ਚਾਰਜਸ਼ੀਟ ਵਿਚ ਮੇਜਰ ਕਰਾਈਮ ਬਰਾਂਚ ਦੀ ਚਾਰਜਸ਼ੀਟ ਵਿਚ ਮੇਜਰ ਇਕਬਾਲ ਅਤੇ ਮੇਜਰ ਪਾਸ਼ਾ ਦਾ ਵੀ ਨਾਂ ਸ਼ਾਮਲ ਹੈ।

ਮੇਜਰ ਪਾਸ਼ਾ ਸੇਵਾ ਮੁਕਤ ਹਨ ਜਦ ਕਿ ਮੇਜਰ ਇਕਬਾਲ ਆਈਐਸਆਈ ਵਿਚ ਤੈਨਾਤ ਹਨ। ਅਮਰੀਕਾ ਵਿਚ ਜਨਮੇ ਲਸ਼ਕਰ ਅੱਤਵਾਦੀ ਡੇਵਿਡ ਕੋਲਮੈਨ ਹੇਡਲੀ ਨੇ ਮੁੰਬਈ ਹਮਲੇ ਵਿਚ ਪਾਕਿਸਤਾਨ ਦੇ ਦੋ ਸੈਨਿਕ ਅਫ਼ਸਰਾਂ ਦੇ ਨਾਂ ਦਾ ਖੁਲਾਸਾ ਕੀਤਾ ਸੀ। ਅਦਾਲਤ ਵਲੋਂ ਵਿਸ਼ੇਸ਼ ਸਰਕਾਰੀ ਵਕੀਲ ਉਜਵਲ ਨਿਕਮ ਵਲੋਂ ਦਾਖ਼ਲ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਸਰਕਾਰੀ ਵਕੀਲ ਨਿਕਮ ਨੇ ਅਰਜ਼ੀ ਵਿਚ ਹੇਡਲੀ ਦੇ ਖੁਲਾਸੇ ਨੂੰ ਆਧਾਰ ਬਣਾਉਂਦੇ ਹੋਏ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਹੇਡਲੀ ਫਿਲਹਾਲ ਅਮਰੀਕਾ ਦੀ ਜੇਲ੍ਹ ਵਿਚ ਬੰਦ ਹੈ ਅਤੇ 26/11 ਮਾਮਲੇ ਵਿਚ ਗਵਾਹ ਬਣ ਚੁੱਕਾ ਹੈ। 2016 ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਉਸ ਦਾ ਇਕਬਾਲੀਆ ਬਿਆਨ ਰਿਕਾਰਡ ਹੋਇਆ ਸੀ।

ਨਿਕਮ ਨੇ ਕਿਹਾ, ਹੇਡਲੀ ਦੇ ਬਿਆਨਾਂ ਨਾਲ ਭਾਰਤ ਦੇ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ ਕਿ ਹਮਲਾ ਨਾ ਸਿਰਫ ਪਾਕਿ ਦੇ ਅੱਤਵਾਦੀ ਸੰਗਠਨਾਂ ਵਲੋਂ ਪ੍ਰਾਯੋਜਤ ਸੀ, ਬਲਕਿ ਇਸ ਵਿਚ ਸ਼ਾਮਲ ਦਸ ਅੱਤਵਾਦੀਆਂ ਨੂੰ ਪਾਕਿ ਸੈਨਾ ਦੇ ਅਫ਼ਸਰਾਂ ਦਾ ਵੀ ਸਮਰਥਨ ਹਾਸਲ ਸੀ। 26 ਨਵੰਬਰ, 2008 ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਵਿਚ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)