ਅਖਿਲੇਸ਼ ਨੂੰ ਲਖਨਊ ਹਵਾਈ ਅੱਡੇ ’ਤੇ ਜਹਾਜ਼ ਚੜ੍ਹਨੋਂ ਰੋਕਿਆ

ਲਖਨਊ, 12 ਫਰਵਰੀ (ਏਜੰਸੀ) : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਉਸ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਉਹ ਅਲਾਹਾਬਾਦ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਇੱਕ ਪ੍ਰੋਗਰਾਮ ’ਚ ਹਿੱਸਾ ਲੈਣ ਨਹੀਂ ਜਾ ਸਕੇ। ਸਮਾਜਵਾਦੀ ਪਾਰਟੀ ਦੇ ਮੁਖੀ ਨੇ ਸਵੇਰੇ ਟਵੀਟ ਕੀਤਾ, ‘ਇੱਕ ਵਿਦਿਆਰਥੀ ਆਗੂ ਦੇ ਸਹੁੰ ਚੁੱਕ ਸਮਾਗਮ ਤੋਂ ਸਰਕਾਰ ਇੰਨਾ ਡਰ ਰਹੀ ਹੈ ਕਿ ਮੈਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ ਜਾ ਰਿਹਾ ਹੈ।’ ਇਸ ਘਟਨਾ ਤੋਂ ਬਾਅਦ ਸਪਾ ਵਿਧਾਇਕਾਂ, ਹਮਾਇਤੀਆਂ ਤੇ ਕਾਰਕੁਨਾਂ ਨੇ ਰਾਜ ਵਿਧਾਨ ਸਭਾ ਸਮੇਤ ਸੜਕਾਂ ’ਤੇ ਵੀ ਹੰਗਾਮਾ ਕੀਤਾ।

ਹੰਗਾਮੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਵੀ ਕਈ ਵਾਰ ਰੋਕਣੀ ਪਈ। ਵੱਖ ਵੱਖ ਟਵੀਟਾਂ ਰਾਹੀਂ ਤਸਵੀਰਾਂ ਸਾਂਝੀਆਂ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਲਿਖਿਆ, ‘ਬਿਨਾਂ ਕਿਸੇ ਲਿਖਤੀ ਹੁਕਮ ਦੇ ਮੈਨੂੰ ਹਵਾਈ ਅੱਡੇ ’ਤੇ ਰੋਕਿਆ ਗਿਆ ਤੇ ਪੁੱਛਣ ’ਤੇ ਅਧਿਕਾਰੀ ਸਥਿਤੀ ਸਪੱਸ਼ਟ ਕਰਨ ਤੋਂ ਨਾਕਾਮ ਰਹੇ। ਵਿਦਿਆਰਥੀ ਜਥੇਬੰਦੀ ਦੇ ਪ੍ਰੋਗਰਾਮ ’ਚ ਜਾਣ ਤੋਂ ਰੋਕਣ ਦਾ ਇੱਕੋ ਇੱਕ ਮਕਸਦ ਨੌਜਵਾਨਾਂ ਵਿਚਾਲੇ ਸਮਾਜਵਾਦੀ ਵਿਚਾਰਾਂ ਤੇ ਆਵਾਜ਼ ਨੂੰ ਦਬਾਉਣਾ ਹੈ।’ ਇਸ ਘਟਨਾ ਦੀ ਸੂਚਨਾ ਵਿਧਾਨ ਸਭਾ ’ਚ ਪਹੁੰਚਦਿਆਂ ਹੀ ਪਾਰਟੀ ਦੇ ਮੈਂਬਰਾਂ ਨੇ ਇਹ ਮੁੱਦਾ ਪ੍ਰਸ਼ਨ ਕਾਲ ਦੌਰਾਨ ਚੁੱਕਿਆ। ਵਿਭਾਨ ਸਭਾ ’ਚ ਸਪਾ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਹ ਲੋਕਤੰਤਰ ਦਾ ਕਤਲ ਹੈ। ਇਸ ਦੌਰਾਨ ਹੰਗਾਮਾ ਇੰਨਾ ਵੱਧ ਗਿਆ ਕਿ ਸਦਨ ਦੇ ਸਪੀਕਰ ਹਿਰਦੈ ਨਾਰਾਇਣ ਦੀਕਸ਼ਿਤ ਨੂੰ ਸਦਨ ਦੀ ਕਾਰਵਾਈ ਪਹਿਲਾਂ 20 ਮਿੰਟ ਤੇ ਫਿਰ 25 ਮਿੰਟ ਲਈ ਰੋਕਣੀ ਪਈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)