ਵਿਰਾਸਤ ਏ ਖਾਲਸਾ ਦਾ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਹੋਇਆ ਨਾਂ ਦਰਜ


ਚੰਡੀਗੜ੍ਹ, 12 ਜਨਵਰੀ (ਏਜੰਸੀ) : ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ ਏ ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਾ ਹੈ। ਇਸ ਦੀ ਪੁਸ਼ਟੀ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਲੋਂ ਕੀਤੀ ਗਈ ਹੈ। ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਪੂਰੀ ਤਨਦੇਹੀ ਨਾਲ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਵਿਚ ਵਿਲੱਖਣ ਪਛਾਣ ਬਣਾ ਚੁੱਕਾ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਹੁਣ ਸਮੁੱਚੇ ਭਾਰਤ ਵਿਚ ਪਹਿਲੇ ਨੰਬਰ ‘ਤੇ ਆ ਗਿਆ ਹੈ।

ਇੱਥੇ ਸੈਲਾਨੀਆਂ ਦੀ ਗਿਣਤੀ ਸਿਰਫ 7 ਸਾਲਾਂ ਵਿਚ ਹੁਣ ਤੱਕ 97 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਸਾਲ 2018 ਵਿਚ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੈਲਾਨੀ ਵਿਰਾਸਤ ਏ ਖਾਲਸਾ ਵੇਖਣ ਲਈ ਆਏ। ਇਸ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ ਏ ਖਾਲਸਾ ਨੂੰ ਦੇਸ਼ ਦਾ ਸਭ ਤੋਂ ਵੱਧ ਵੇਖਿਆ ਜਾਣਾ ਵਾਲਾ ਮਿਊਜ਼ੀਅਮ ਮੰਨਿਆ ਗਿਆ ਹੈ।

ਲਿਮਕਾ ਬੁੱਕ ਆਫ਼ ਰਿਕਾਰਡਜ਼ ਦੇ ਦਫ਼ਤਰ ਮੁਤਾਬਕ ਉਨ੍ਹਾਂ ਵਲੋਂ ਅਪਣੇ ਫਰਵਰੀ ਮਹੀਨੇ ਵਿਚ ਆਉਣ ਵਾਲੇ ਐਡੀਸ਼ਨ ਵਿਚ ਇਸ ਨੂੰ ਛਾਪਣ ਦੀ ਪੁਸ਼ਟੀ ਵਿਭਾਗ ਕੋਲ ਕਰ ਦਿੱਤੀ ਗਈ ਹੈ। ਇੱਥੇ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਵਿਰਾਸਤ ਏ ਖਾਲਸਾ ਦੇ ਦਰਸ਼ਨ ਕਰ ਚੁੱਕੇ ਹਨ ਜਿਨਾਂ ਵਿਚ ਮੁੱਖ ਤੌਰ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਮਾਰੀਸ਼ਸ ਦ ਰਾਸ਼ਟਰਪਤੀ, ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਣੇ ਵੱਖ ਵੱਖ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਤੇ ਰਾਜਦੂਤ ਸਾਹਿਬਾਨ ਸ਼ਾਮਲ ਹਨ। ਵਿਰਾਸਤ ਏ ਖਾਲਸਾ ਦੇ ਮੁੱਖ ਕਾਰਜਕਾਰੀ ਅਫ਼ਸਰ ਮਲਵਿੰਦਰ ਸਿੰਘ ਜੱਗੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੋਜ਼ਾਨਾ ਔਸਤਨ 5262 ਤੋਂ ਵੱਧ ਸੈਲਾਨੀ ਦਰਸ਼ਨ ਕਰਨ ਲਈ ਆਉਂਦੇ ਹਨ ਜਦ ਕਿ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਾਲ 2018 ਵਿਚ ਸਭ ਤੋਂ ਵੱਧ ਸੈਲਾਨੀਆਂ ਵਲੋਂ ਵਿਰਾਸਤ ਏ ਖਾਲਸਾ ਦੇ ਦੀਦਾਰ ਕੀਤੇ ਗਏ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਰਾਸਤ ਏ ਖਾਲਸਾ ਦਾ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਹੋਇਆ ਨਾਂ ਦਰਜ