ਲੋਕ ਸਭਾ ਨੇੜੇ ਆਉਂਦੇ ਹੀ ਫਿਰ ਤੋਂ ਕਰਜ਼ ਮੁਆਫ਼ ਕਰਨ ਤੁਰੇ ਕੈਪਟਨ


ਰੂਪਨਗਰ, 24 ਜਨਵਰੀ (ਏਜੰਸੀ) : ਕਿਸਾਨੀ ਕਰਜ਼ ਮੁਆਫ਼ੀ ਦੇ ਹੰਢੇ-ਵਰਤੇ ਚੋਣ ਵਾਅਦੇ ਦਾ ਲੋਕ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਰਜ਼ ਮੁਆਫ਼ੀ ਸਕੀਮ ਦੇ ਤੀਜੇ ਗੇੜ ਦੀ ਸ਼ੁਰੂਆਤ ਸ੍ਰੀ ਆਨੰਦਪੁਰ ਸਾਹਿਬ ਤੋਂ ਕਰ ਦਿੱਤੀ ਹੈ। ਇਸ ਵਾਰ 1.42 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਵੱਲੋਂ ਦੋ ਲੱਖ ਤਕ ਦਾ ਤਕਰੀਬਨ 1009 ਕਰੋੜ ਰੁਪਏ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦਾ ਟੀਚਾ ਹੈ। ਇਸ ਮੌਕੇ ਕੈਪਟਨ ਨੇ 2,413 ਲਾਭਪਾਤਰੀਆਂ ਨੂੰ 17 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫ਼ਿਕੇਟ ਵੰਡੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਿਸਾਨਾਂ ਤੋਂ ਬਾਅਦ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਯੋਜਨਾ ਉਲੀਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਮਗਰੋਂ ਕਿਸਾਨਾਂ ਵੱਲੋਂ ਪ੍ਰਾਈਵੇਟ ਬੈਂਕਾਂ ਤੋਂ ਲਏ ਕਰਜ਼ੇ ਵੀ ਮਾਫ ਕੀਤੇ ਜਾਣਗੇ।

ਆਪਣੇ ਹੀ ਵਿਧਾਇਕਾਂ ਦੇ ਬਾਗ਼ੀ ਸੁਰਾਂ ਤੋਂ ਅੱਕੇ ਕੈਪਟਨ ਵੱਲੋਂ ਆਪਣੀ ਬਦਲੀ ਹੋਈ ਰਣਨੀਤੀ ਦਾ ਅਸਰ ਆਨੰਦਪੁਰ ਸਾਹਿਬ ਵਿਖੇ ਵੀ ਦੇਖਣ ਨੂੰ ਮਿਲਿਆ। ਇੱਥੇ ਮੁੱਖ ਮੰਤਰੀ ਨੇ ਚੰਗਰ ਦੇ ਖੇਤਰ ਲਈ 65 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੇ ਨਾਲ ਹੀ ਰੂਪਨਗਰ ਜ਼ਿਲ੍ਹੇ ਅਧੀਨ ਆਨੰਦਪੁਰ ਸਾਹਿਬ ਤੇ ਨੰਗਲ ਨਗਰ ਕੌਂਸਲ ਲਈ ਦੋ-ਦੋ ਕਰੋੜ, ਕੀਰਤਪੁਰ ਸਾਹਿਬ ਤੇ ਚਮਕੌਰ ਸਾਹਿਬ ਨਗਰ ਕੌਂਸਲ ਲਈ 50-50 ਲੱਖ ਤੇ ਰੂਪਨਗਰ ਤੇ ਮੋਰਿੰਡਾ ਨਗਰ ਕੌਂਸਲ ਲਈ 1.5-1.5 ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਰੋਪੜ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਲਈ ਪੰਜ-ਪੰਜ ਕਰੋੜ ਦਾ ਅਨਟਾਈਡ ਫ਼ੰਡ ਤੇ ਜ਼ਿਲ੍ਹੇ ਦੇ ਦਿਹਾਤੀ ਇਲਾਕਿਆਂ ਚਮਕੌਰ ਸਾਹਿਬ, ਰੋਪੜ ਤੇ ਆਨੰਦਪੁਰ ਸਾਹਿਬ ਲਈ ਕਰਮਵਾਰ ਚਾਰ, ਤਿੰਨ ਤੇ ਛੇ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਤਿਹਾਸਕ ਨਗਰੀ ਚਮਕੌਰ ਸਾਹਿਬ ਦੇ ਸੈਰ-ਸਪਾਟੇ ਲਈ ਗਿਆਰਾਂ ਕਰੋੜ ਰੁਪਏ ਵੱਖਰੇ ਤੌਰ ‘ਤੇ ਐਲਾਨੇ। ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਤੇ ਵਿਰਾਸਤ-ਏ-ਖ਼ਾਲਸਾ ਦਾ ਦੌਰਾ ਵੀ ਕੀਤਾ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੋਕ ਸਭਾ ਨੇੜੇ ਆਉਂਦੇ ਹੀ ਫਿਰ ਤੋਂ ਕਰਜ਼ ਮੁਆਫ਼ ਕਰਨ ਤੁਰੇ ਕੈਪਟਨ