ਬਰਗਾੜੀ ਕੇਸ ‘ਚ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗੇ ਭਾਵੇਂ ਕੋਈ ਕਿੱਡਾ ਵੀ ਰਸੂਖਵਾਨ ਕਿਉਂ ਨਾ ਹੋਵੇ


ਮਹਿਰਾਜ, 28 ਜਨਵਰੀ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਨਾ ਬਖ਼ਸ਼ਣ ਦਾ ਐਲਾਨ ਕੀਤਾ ਹੈ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਸਿਆਸਤਦਾਨ ਜਾਂ ਪੁਲੀਸ ਅਫ਼ਸਰ ਹੀ ਕਿਉਂ ਨਾ ਹੋਵੇ। ਅਕਾਲੀਆਂ ਵਲੋਂ ਇਸ ਘਟਨਾ ਦੀ ਜਾਂਚ ਲਈ ਆਪ ਹੀ ਸਥਾਪਤ ਕੀਤੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਪ੍ਰਵਾਨ ਨਾ ਕਰਨ ਅਤੇ ਦੋਸ਼ੀਆਂ ਨੂੰ ਵੀ ਹੱਥ ਪਾਉਣ ਤੋਂ ਨਾਕਾਮ ਰਹਿਣ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਵਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਛੇਤੀ ਹੀ ਨਤੀਜੇ ’ਤੇ ਪਹੁੰਚੇਗੀ ਅਤੇ ਉਹ ਇਸ ਗੱਲ ਨੂੰ ਨਿੱਜੀ ਤੌਰ ’ਤੇ ਯਕੀਨੀ ਬਣਾਉਣਗੇ ਕਿ ਇਸ ਘਟਨਾ ਲਈ ਕੋਈ ਵੀ ਦੋਸ਼ੀ ਕਾਨੂੰਨ ਦੇ ਸ਼ਿਕੰਜੇ ’ਚੋਂ ਬਚ ਨਾ ਨਿਕਲੇ। ਇਸ ਮਾਮਲੇ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਆਲ ਦੇ ਘੇਰੇ ਵਿਚ ਆਏ ਅਧਿਕਾਰੀ ਨੇ ਸੁਭਾਵਿਕ ਤੌਰ ’ਤੇ ਕਿਸੇ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਵਿਸ਼ੇਸ਼ ਜਾਂਚ ਟੀਮ ਇਹ ਹੁਕਮ ਜਾਰੀ ਕਰਨ ਵਾਲਿਆਂ ਦੀ ਵੀ ਸ਼ਨਾਖ਼ਤ ਕਰੇਗੀ। ਉਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ।

ਮੁੱਖ ਮੰਤਰੀ ਨੇ ਅੱਜ ਇੱਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਿਰੁੱਧ ਬਠਿੰਡਾ ਅਤੇ ਮਾਨਸਾ ਦੇ 18308 ਛੋਟੇ ਕਿਸਾਨਾਂ ਨੂੰ 97 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਉਂਦਿਆਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ 10-10 ਕਿਸਾਨਾਂ ਨੂੰ ਰਸਮੀ ਤੌਰ ’ਤੇ ਕਰਜ਼ਾ ਰਾਹਤ ਸਰਟੀਫਿਕੇਟ ਵੀ ਨਿੱਜੀ ਤੌਰ ’ਤੇ ਸੌਂਪੇ। ਇਸ ਮੌਕੇ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਖੇਤੀਬਾੜੀ ਤੋਂ ਲੈ ਕੇ ਉਦਯੋਗ ਅਤੇ ਆਰਥਿਕਤਾ ਸਮੇਤ ਹਰੇਕ ਖੇਤਰ ਦਾ ਭੱਠਾ ਬਿਠਾ ਦੇਣ ’ਤੇ ਇਨਾਂ ਨੂੰ ਆੜੇ ਹੱਥੀ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਅਤੇ ਇਸ ਦੀ ਜੁੰਡਲੀ ਲੋਕਾਂ ਦਾ ਭਲਾ ਕਰਨ ਦੀ ਥਾਂ ’ਤੇ ਅਪਣੀਆਂ ਜੇਬਾਂ ਭਰਨ ਵਿਚ ਹੀ ਮਸਤ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਮਾੜੇ ਦੌਰ ਨੂੰ ਪਲਟਦਿਆਂ ਨਵੀਂ ਸ਼ੁਰੂਆਤ ਕੀਤੀ ਜਿਸ ਤਹਿਤ ਇਕੱਲੇ ਫਤਿਹਗੜ੍ਹ ਸਾਹਿਬ ਵਿਚ ਹੀ 300 ਸਟੀਲ ਫੈਕਟਰੀਆਂ ਮੁੜ ਚੱਲਣ ਲੱਗ ਪਈਆਂ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪੁਰਖੇ ਸਰਦੂਲ ਸਿੰਘ ਜੋ ਬਾਬਾ ਆਲਾ ਸਿੰਘ ਦੇ ਪੁੱਤਰ ਸਨ, ਦੀ ਸਮਾਧ ਦੀ ਥਾਂ ’ਤੇ ਪੁਲੀਸ ਥਾਣਾ ਬਣਾ ਦੇਣ ਲਈ ਵੀ ਪਿਛਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੇ ਪਿੰਡ ਦੇ ਦੌਰੇ ਨੂੰ ਚੇਤੇ ਕਰਦਿਆਂ ਉਨਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫੀ ਜਾਂ ਹੋਰ ਵਿਕਾਸ ਫੰਡ ਦੇਣ ਵਿਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦੀ ਪਰ ਅਕਾਲੀ ਪੱਖਪਾਤ ਅਪਣਾਉਂਦੇ ਸਨ ਜਿਸ ਕਰਕੇ ਅਕਾਲੀ ਸਰਕਾਰ ਨੇ ਉਨਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਅਤੇ ਪਟਿਆਲਾ ਨੂੰ ਵਿਕਾਸ ਪੱਖੋਂ ਪੂਰੀ ਤਰਾਂ ਅਣਗੌਲਿਆ ਰੱਖਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਅਤੇ ਨਸ਼ਿਆਂ ਦਾ ਲੱਕ ਤੋੜ ਦੇਣ ਦੇ ਅਪਣੇ ਚੋਣ ਵਾਅਦੇ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਉਣ ’ਤੇ ਤਸੱਲੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨਾਂ ਦੀ ਸਰਕਾਰ ਆਈ ਹੈ, ਉਸ ਵੇਲੇ ਤੋਂ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਆਈ ਹੈ ਅਤੇ ਇਸੇ ਤਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਬਹੁਤ ਹੱਦ ਤੱਕ ਠੱਲ ਪੈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾਗ੍ਰਸਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਬੱਡੀ ਅਤੇ ਡੈਪੋ ਪ੍ਰੋਗਰਾਮ ਬਹੁਤ ਸਹਾਈ ਸਿੱਧ ਹੋ ਰਹੇ ਹਨ ਜਿਨ੍ਹਾਂ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ। ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ

ਕਿ ਕਿਸਾਨੀ ਦੀ ਬਾਂਹ ਫੜਨ ਲਈ ਉਨ੍ਹਾਂ ਵਲੋਂ ਵਾਰ-ਵਾਰ ਕੀਤੀਆਂ ਅਪੀਲਾਂ ਦਾ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਪਾਸੋਂ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ 2.08 ਲੱਖ ਕਰੋੜ ਦੇ ਕਰਜ਼ੇ ਦੇ ਬਾਵਜੂਦ ਸਾਡੀ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਰਾਹੀਂ ਕਿਸਾਨਾਂ ਨੂੰ ਢਾਰਸ ਦੇਣ ਦੇ ਯਤਨ ਅਰੰਭੇ ਜਿਸ ਤਹਿਤ ਸੂਬੇ ਵਿਚ ਖੇਤੀ ਕਰ ਰਹੇ 17 ਲੱਖ ਪਰਿਵਾਰਾਂ ਵਿਚੋਂ 10.25 ਲੱਖ ਪਰਿਵਾਰਾਂ ਨੂੰ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਰਜ਼ਾ ਮੁਆਫ਼ੀ ਦੇ ਨਾਲ-ਨਾਲ ਬੇਜ਼ਮੀਨ ਕਿਰਤੀਆਂ ਲਈ ਵੀ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਲਈ ਸਰਕਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਰਜ਼ਾ ਰਾਹਤ ਸਕੀਮ ਸੰਕਟ ’ਚ ਫਸੇ ਗ਼ਰੀਬ ਕਿਸਾਨਾਂ ਲਈ ਥੋੜੀ ਜਿਹੀ ਰਾਹਤ ਕਹੀ ਜਾ ਸਕਦੀ ਹੈ ਅਤੇ ਜਦੋਂ ਤੱਕ ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ, ਉਦੋਂ ਤੱਕ ਉਨਾਂ ਦੀਆਂ ਮੁਸ਼ਕਿਲਾਂ ਇਸੇ ਤਰਾਂ ਜਾਰੀ ਰਹਿਣਗੀਆਂ। ਮੁੱਖ ਮੰਤਰੀ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿਨ ਲਾਗੂ ਕਰਨ ਦੀ ਮੰਗ ਦੁਹਰਾਈ।

ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਦੇ ਕਿਸਾਨ ਸੰਕਟ ਵਿਚ ਹਨ ਜਿਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਲਈ ਕੌਮੀ ਨੀਤੀ ਲਿਆਉਣੀ ਚਾਹੀਦੀ ਹੈ। ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਮਿਸਾਲੀ ਯੋਗਦਾਨ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਥੋਂ ਤੱਕ ਕਿ ਇਸ ਵੇਲੇ ਸੂਬੇ ਦੇ ਸਾਰੇ ਗੁਦਾਮ ਨੱਕੋ-ਨੱਕ ਭਰੇ ਹੋਏ ਹਨ। ਉਨਾਂ ਕਿਹਾ ਕਿ ਜੇਕਰ ਭਾਰਤੀ ਖ਼ੁਰਾਕ ਨਿਗਮ ਨੇ ਅਨਾਜ ਚੁੱਕਣ ਦੇ ਅਪਣੇ ਟੀਚੇ ਨੂੰ ਪੂਰਾ ਨਾ ਕੀਤਾ ਤਾਂ ਸੂਬੇ ਨੂੰ ਨਵੀਂ ਫ਼ਸਲ ਨੂੰ ਭੰਡਾਰ ਕਰਨ ਲਈ ਅਪਣੇ ਪੱਧਰ ’ਤੇ ਪ੍ਰਬੰਧ ਕਰਨੇ ਪੈਣਗੇ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੁੱਖ ਮੰਤਰੀ ਨੇ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਪਰਾਲੀ ਨਾ ਸਾੜਨ ਵਾਲਿਆਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਪ੍ਰਬੰਧਨ ਹੋ ਸਕੇ ਪਰ ਕੇਂਦਰ ਸਰਕਾਰ ਵਲੋਂ ਇਸ ਮੰਗ ਨੂੰ ਵੀ ਮੰਨਿਆ ਨਹੀ ਗਿਆ। ਇਸ ਦੇ ਬਾਵਜੂਦ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਕਦਮ ਪੁੱਟਿਆ ਜਿਸ ਨਾਲ ਪੰਜਾਬ ਵਿਚ ਹਵਾ ਦੇ ਮਿਆਰ ਵਿਚ ਸੁਧਾਰ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਪ੍ਰਬੰਧਨ ਵਾਸਤੇ 27500 ਮਸ਼ੀਨਾਂ ਸਬਸਿਡੀ ’ਤੇ 250 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਤਰਾਂ ਦੀਆਂ 40000 ਹੋਰ ਮਸ਼ੀਨਾਂ ਕਿਸਾਨਾਂ ਨੂੰ 400 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ। ਅਪਣੀ ਸਰਕਾਰ ਵਲੋਂ ਕੀਤੀਆਂ ਗਈਆਂ ਕੁੱਝ ਕਿਸਾਨ ਪੱਖੀ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੇ ਜਾਣ ਦੇ ਨਤੀਜੇ ਵੱਜੋਂ ਯੂਰੀਆ ਅਤੇ ਡੀ.ਏ.ਵੀ.ਪੀ ਦੀ ਵਰਤੋਂ ਵਿਚ ਸਾਉਣੀ-2018 ਦੌਰਾਨ ਕ੍ਰਮਵਾਰ 1 ਲੱਖ ਮੀਟਰਿਕ ਟਨ ਅਤੇ 46 ਹਜ਼ਾਰ ਟਨ ਕਮੀ ਆਈ ਹੈ। ਇਸ ਦੇ ਨਤੀਜੇ ਵੱਜੋਂ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੂੰ 200 ਕਰੋੜ ਰੁਪਏ ਦੀ ਬਚਤ ਹੋਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਰਗਾੜੀ ਕੇਸ ‘ਚ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗੇ ਭਾਵੇਂ ਕੋਈ ਕਿੱਡਾ ਵੀ ਰਸੂਖਵਾਨ ਕਿਉਂ ਨਾ ਹੋਵੇ