ਪੰਜਾਬੀਆਂ ਵੱਲੋਂ ‘ਆਪ’ ਨੂੰ ਦਿੱਤੇ 3000 ਕਰੋੜ ਕਿੱਥੇ ਖ਼ਰਚੇ..? : ਛੋਟੇਪੁਰ


ਜਲੰਧਰ, 14 ਜਨਵਰੀ (ਏਜੰਸੀ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਥਾਪਤ ਕਰਨ ‘ਚ ਵੱਡਾ ਯੋਗਦਾਨ ਪਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਹੁਣ ਪਾਰਟੀ ਤੋਂ ਚੰਦੇ ਦਾ ਹਿਸਾਬ ਮੰਗ ਰਹੇ ਹਨ। ‘ਆਪ’ ਨੇ ਛੋਟੇਪੁਰ ਨੂੰ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਜਿਸ ਮਗਰੋਂ ਪਾਰਟੀ ਟੁੱਟਦੀ ਹੀ ਆਈ ਹੈ। ਹਾਲਾਂਕਿ ਪਾਰਟੀ ਨੇ ਛੋਟੇਪੁਰ ਨੂੰ ਮੁੜ ਆਪਣੇ ਨਾਲ ਜੋੜਨ ਦੀ ਕਵਾਇਦ ਸ਼ੁਰੂ ਕੀਤੀ ਸੀ, ਪਰ ਸੁਖਪਾਲ ਖਹਿਰਾ ਨਾਲ ਛਿੜੇ ਵਿਵਾਦ ਨੇ ਉਹ ਪ੍ਰਕਿਰਿਆ ਵੀ ਮੱਠੀ ਪਾ ਦਿੱਤੀ। ‘ਆਪ’ ਦੀ ਮੁੜ ਢਿੱਲ ਮੱਠ ਤੋਂ ਛੋਟੇਪੁਰ ਵੀ ਖੁਸ਼ ਨਹੀਂ ਹਨ ਤੇ ਉਨ੍ਹਾਂ ਮੁੜ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ।

ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਸਭ ਤੋਂ ਪਹਿਲਾਂ ‘ਆਪ’ ਤੋਂ ਪੰਜਾਬੀਆਂ ਵੱਲੋਂ ਮਿਲੇ ਚੰਦੇ ਦਾ ਹਿਸਾਬ ਮੰਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ‘ਆਪ’ ਨੂੰ 3000 ਕਰੋੜ ਰੁਪਏ ਦਾ ਚੰਦਾ ਦਿੱਤਾ ਸੀ, ਜਿਸ ਦਾ ਹਾਲੇ ਤਕ ਕੋਈ ਹਿਸਾਬ ਨਹੀਂ ਹੈ। ਛੋਟੇਪੁਰ ਨੇ ਕੇਜਰੀਵਾਲ ‘ਚ ਨੁਕਸ ਕੱਢਦਿਆਂ ਕਿਹਾ ਕਿ ਜੇਕਰ ਉਹ ਮਜੀਠੀਆ ਤੋਂ ਮੁਆਫ਼ੀ ਮੰਗ ਸਕਦੇ ਤਾਂ ਪੰਜਾਬ ਦੇ ਲੋਕਾਂ ਤੋਂ ਕਿਉਂ ਨਹੀਂ। ਛੋਟੇਪੁਰ ਨੇ ਕੇਜਰੀਵਾਲ ‘ਤੇ ਵੀ ਕਾਫੀ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਾ ਲੋਚਦਾ ਸੀ। ਹੁਣ ਕਿੱਥੇ ਰਹਿ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀ ਵਾਰ-ਵਾਰ ਕੇਜਰੀਵਾਲ ‘ਤੇ ਵਿਸ਼ਵਾਸ ਨਹੀਂ ਦਿਖਾਉਣਗੇ। ਉਨ੍ਹਾਂ ਸਾਫ ਕੀਤਾ ਕਿ ਜੇਕਰ ਕੇਜਰੀਵਾਲ ਮੇਰੇ ਮਸਲੇ ‘ਤੇ ਮੁਆਫ਼ੀ ਮੰਗਦੇ ਤਾਂ ਹੀ ਗੱਲ ਅੱਗੇ ਸ਼ੁਰੂ ਹੋਵੇਗੀ।

ਸੁੱਚਾ ਸਿੰਘ ਛੋਟੇਪੁਰ ਨੇ ‘ਆਪ’ ਵਿੱਚ ਮੁੜ ਜਾਣ ਨਾਲੋਂ ਤੀਜੇ ਮੋਰਚੇ ਵਿੱਚ ਵੀ ਆਪਣੀ ਰੁਚੀ ਦਿਖਾਈ। ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਜੇਕਰ ਸਾਰੀਆਂ ਧਿਰਾਂ ਦਰਮਿਆਨ ਸਹਿਮਤੀ ਬਣਦੀ ਹੈ ਤਾਂ ਮੈਂ ਵੀ ਤੀਜੇ ਮੋਰਚੇ ਦਾ ਹਿੱਸਾ ਹੋ ਸਕਦਾ ਹਾਂ, ਕਿਉਂਕਿ ਪੰਜਾਬ ਵਿੱਚ ਤੀਜੇ ਬਦਲ ਵਾਸਤੇ ਸਪੇਸ ਹੈ। ਛੋਟੇਪੁਰ ਨੇ ਕਿਹਾ ਕਿ ਜੇਕਰ ਇੱਕ ਪ੍ਰਧਾਨ- ਇੱਕ ਨਿਸ਼ਾਨ ਹੋਵੇ ਤਾਂ ਪੰਜਾਬ ਵਿੱਚ ਤੀਜਾ ਬਦਲ ਚੱਲੇਗਾ। ਛੋਟੇਪੁਰ ਨੇ ਖਹਿਰਾ ਵੱਲੋਂ ‘ਆਪ’ ਨਾਲ ਚੱਲਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਕੱਠੇ ਲੜਨਗੇ ਤਾਂ ਹੀ ਕੁਝ ਖੱਟ ਸਕਣਗੇ ਨਹੀਂ ਤਾਂ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀਆਂ ਵੱਲੋਂ ‘ਆਪ’ ਨੂੰ ਦਿੱਤੇ 3000 ਕਰੋੜ ਕਿੱਥੇ ਖ਼ਰਚੇ..? : ਛੋਟੇਪੁਰ