ਪਰਿਵਾਰਕ ਦੋਗਾਣਿਆਂ ਨਾਲ ਹਾਜਰ ਹੈ ਗਿੱਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ ਦੀ ਜੋੜੀ


ਸੰਗੀਤਕ ਖੇਤਰ ਵਿੱਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ। ਉਸਨੇ ਸੰਘਰਸ਼ ਅਤੇ ਪ੍ਰਸਿੱਧੀ ਨੂੰ ਆਪਣੇ ਪਿੰਡੇ ‘ਤੇ ਸਿਰੜ ਸਿਦਕ ਨਾਲ ਹੰਢਾਇਆ। ਖਾਸੀਅਤ ਇਹ ਰਹੀ ਹੈ ਕਿ ਉਹ ਮੁਕਾਬਲੇਬਾਜ਼ੀ ‘ਚੋਂ ਵੱਖਰੇ ਰਾਹਾਂ ਦਾ ਪਾਂਧੀ ਹੋ ਕੇ ਤੁਰਿਆ ਤੇ ਧੀਮੀ ਰਫ਼ਤਾਰ ਨਾਲ ਨਿਰੰਤਰ ਤੁਰਦਾ ਰਿਹਾ। ਉਸਦੀ ਵਿਰਾਸਤ ਮਾਲਵੇ ਦੀ ਮਿੱਟੀ ਦੇ ਪ੍ਰਸਿੱਧ ਪਿੰਡ ਅਖਾੜਾ ਦੀ ਹੈ। ਜਿੱਥੇ ਪਿੰਡ ਦੀਆਂ ਗਲੀਆਂ ਵਿਚ ਖੇਡਿਆ ਪਲਿਆ ਤੇ ਜਦੋਂ ਜਵਾਨ ਹੋਇਆ ਤਾਂ ਉਸਦਾ ਝੁਕਾਅ ਲਿਖਣ ਕਲਾ ਵੱਲ ਹੋ ਗਿਆ। ਖੁਸ਼ਕਿਸਮਤੀ ਕਿ ਉਸਨੇ ਇਹ ਗੱਲ ਛੇਤੀ ਹੀ ਸਮਝ ਲੲੀ ਸੀ ਕਿ ਗੀਤਕਾਰਾਂ ਦੇ ਪੱਲੇ ਫੋਕੀ ਵਾਹ-ਵਾਹ ਤੋਂ ਸਿਵਾਏ ਕੱਖ ਨਹੀਂ ਪੈਂਦਾ ਤੇ ਉਸਨੇ ਆਪਣਾ ਕਲਾਤਮਿਕ ਰੁੱਖ ਗਾਇਕੀ ਵੱਲ ਕਰ ਲਿਆ। ਇਸ ਖੇਤਰ ਵਿਚ ਹਾਸਰਸ਼ ਕਲਾਕਾਰ ਗੁਰਦੇਵ ਢਿੱਲੋਂ ਉਰਫ ਭਜਨਾਂ ਅਮਲੀ ਨੇ ਉਸਦਾ ਵਿਸ਼ੇਸ਼ ਸਹਿਯੋਗ ਦਿੱਤਾ। ਢਿੱਲੋਂ ਨੇ ਗਿੱਲ ਨੂੰ ਉਗਲ ਫੜ ਕੇ ਤੁਰਨਾਂ ਹੀ ਨਹੀਂ ਸਿਖਾਇਆ ਬਲਕਿ ਸਟੇਜ ਪੇਸ਼ਕਾਰੀ ਦੇ ਮੁੱਲਵਾਨ ਗੁਣ ਵੀ ਸਿਖਾਏ। ਗਿੱਲ ਅਖਾੜੇ ਵਾਲਾ ਨੇ ਸੰਗੀਤ ਦੀਆਂ ਕੁਝ ਬਰੀਕੀਆਂ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਹਰਪਾਲ ਹੀਰਾ ਤੋਂ ਵੀ ਹਾਸਿਲ ਕੀਤੀਆਂ। ਗਿੱਲ ਦੀ ਕਲਮ ਦੁਆਰਾ ਰਚਿਤ ਅਨੇਕਾਂ ਗੀਤਾਂ ਨੂੰ ਚਰਚਿਤ ਗਾਇਕਾਂ ਨੇ ਆਵਾਜ ਦਿੱਤੀ । ਉਪਰੰਤ ਉਸਦੇ ਅੰਦਰਲੇ ਕਲਾਕਾਰ ਨੇ ਉਸਨੂੰ ਬਤੌਰ ਗਾਇਕ ਮਾਰਕਿਟ ਵਿੱਚ ਪੈਰ ਰੱਖਣ ਲਈ ਮਜਬੂਰ ਕਰ ਦਿੱਤਾ।

ਗੀਤਕਾਰ ਅਤੇ ਪੇਸ਼ਕਾਰ ਰਾਜ ਜਗਰਾਉਂ ਤੇ ਗਿੱਲ ਦੀ ਜੋੜੀ ਦੀ ਚਰਚਿਤ ਸੰਗੀਤਕ ਹਲਕਿਆਂ ਵਿਚ ਚਰਚਾ ਹੁੰਦੀ ਰਹੀ ਹੈ। ਗਿੱਲ ਅਖਾੜੇ ਵਾਲਾ ਨੇ ਪਲੇਠੀ ਟੇਪ ‘ਹੁਣ ਕੀ ਤੂੰ ਰੱਬ ਬਣਗੀ’ ਰਾਹੀਂ ਕੈਸਿਟ ਕਲਚਰ ਵਿਚ ਕਦਮ ਰੱਖਿਆ, ਜੋ ਬਾਅਦ ਵਿਚ ਸੀਡੀਜ ਤੋਂ ਪਾਰ ਹੁੰਦਾ ਹੋਇਆ ਇੰਟਰਨੇਟ ਦੇ ਮਾਧਿਅਮ ਰਾਹੀਂ ਅੱਜ ਵੀ ਨਿਰੰਤਰ ਜਾਰੀ ਹੈ। ਅਗਲੀ ਟੇਪ ‘ਚੱਲੇ ਪਿੰਡ ‘ਚ ਗੰਡਾਸੀ’ ਨੇ ਉਸਦੇ ਸੰਗੀਤਕ ਕੈਰੀਅਰ ਨੂੰ ਸਥਾਪਤੀ ਵੱਲ ਤੋਰਨ ‘ਚ ਸਫਲਤਾ ਹਾਸਲ ਕੀਤੀ। ਉਸ ਵੇਲੇ ਜਦੋਂ ਗਾਣਾਂ ਰੂਹ ਦੀ ਖ਼ੁਰਾਕ ਨਾਂ ਹੋ ਕੇ ਸ਼ੋਰ ਪ੍ਰਦੂਸ਼ਣ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਤਾਂ ਆਰਥਿਕ ਪੱਖ ਤੋਂ ਕਮਜੋਰ ਗਾਇਕ ਕਲਾਕਾਰਾਂ ਨੂੰ ਮਹਿੰਗੇ ਭਾਅ ਦੇ ਵੀਡੀਓ ਫਿਲਮਾਂਕਣ ਅਤੇ ਟੀ ਵੀ ਚੈਨਲਾਂ ਦੀ ਅਤਿ ਮਹਿੰਗੀ ਪਬਲੀਸਿਟੀ ਨਾਲ ਆਪਣਾਂ ਰੁਜ਼ਗਾਰ ਖੁਸਦਾ ਨਜਰ ਆਇਆ। ਬਹੁਤ ਸਾਰੇ ਨਵੇਂ ਪੁਰਾਣੇ ਗਾਇਕਾਂ ਨੇ ਨਾਮੀ ਗਾਇਕਾਵਾਂ ਨਾਲ ਦੋਗਾਣੇ ਰਿਕਾਰਡ ਕਰਵਾ ਕੇ ਸਥਾਪਤੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਇਸੇ ਅਮਲ ਵਿਚ ਕੁਲਵਿੰਦਰ ਸਿੰਘ ਬਰਿਆਰ ਵਰਗੇ ਪ੍ਰਮੋਟਰਾਂ ਨੇ ਉਸਦੀ ਕਲਾ ਨੂੰ ਦੇਖਿਆ ਪਰਖਿਆ ਤੇ ਨਵੀਂ ਐਲਬਮ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਕਰਨ ਦਾ ਮੌਕਾ ਪ੍ਰਦਾਨ ਕੀਤਾ। ‘ਪ੍ਰਛਾਵੇਂ ‘ਟਾਈਟਲ ਅਧੀਨ ਰਿਲੀਜ਼ ਕੀਤੀ ਇਸ ਐਲਬਮ ਵਿਚ ਵਿਸ਼ਵ ਪੱਧਰ ਦੀ ਸਥਾਪਤ ਗਾਇਕਾ ਜਸਪਿੰਦਰ ਨਰੂਲਾ ਨਾਲ ਗਾਉਣ ਦੀ ਖੁਸ਼ੀ ਉਸਦੀ ਗਾਇਕੀ ਸਫਰ ਦੀ ਵਿਲੱਖਣ ਪ੍ਰਾਪਤੀ ਮੰਨੀ ਜਾਂਦੀ ਹੈ।

ਜਾਹਿਰ ਹੈ ਅਜਿਹੀ ਸੁਰ ਸੂਝ ਵਾਲੀ ਗਾਇਕਾ ਨਾਲ ਗਾਉਣਾ ਬੇਸੁਰੇ ਤੇ ਬੇਤਾਲੇ ਲੋਕਾਂ ਦੇ ਹਿੱਸੇ ਨਹੀਂ ਆਇਆ, ਸਗੋਂ ਸੁਰ ਸੰਗੀਤ ਦੀ ਸੂਝ ਰੱਖਣ ਵਾਲੇ ਸੁਰੀਲੇ ਫਨਕਾਰਾਂ ਹਿੱਸੇ ਹੀ ਆ ਸਕਿਆ ਹੈ। ਗਿੱਲ ਅਖਾੜੇ ਵਾਲੇ ਨੇ ਦੋ ਦਹਾਕਿਆਂ ਦੇ ਗਾਇਕੀ ਸਫਰ ਦੌਰਾਨ ਅਨੇਕਾਂ ਸਹਿ ਗਾਇਕਾਵਾਂ ਨਾਲ ਸਟੇਜ ਪੇਸ਼ਕਾਰੀਆਂ ਕੀਤੀਆਂ।ਇਹਨਾਂ ਗਾਇਕਾਵਾਂ ਵਿਚੋਂ ਬਹੁਤੀਆਂ ਨੂੰ ਪਹਿਲੀ ਸਟੇਜ ਪੇਸ਼ਕਾਰੀ ਕਰਨ ਦਾ ਮੌਕਾ ਉਸਨੇ ਹੀ ਦਿੱਤਾ। ਗਿੱਲ ਅਖਾੜੇ ਵਾਲਾ ਨੇ ਬਹੁਤ ਘੱਟ ਪਰ ਮਿਆਰੀ ਗੀਤ ਲਿਖੇ ਤੇ ਗਾਏ । ਉਸਦਾ ਮੰਨਣਾ ਹੈ ਕਿ ਵਿਆਹ, ਪਾਰਟੀਆਂ ਦੇ ਪ੍ਰੋਗਰਾਮਾਂ ਵਿਚ ਲੋਕ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਾਫ ਸੁਥਰੇ ਗੀਤ ਹੀ ਸੁਣਨੇ ਪਸੰਦ ਕਰਦੇ ਹਨ। ਉਹ ਘੱਟ ਪਰ ਮਿਆਰੀ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਇਹੀ ਕਾਰਨ ਹੈ ਕਿ ਉਹ ਲੰਮੇ ਸਮੇਂ ਤੋਂ ਵਿਆਹਾਂ ਮੇਲਿਆਂ ਦੇ ਅਖਾੜਿਆਂ ਵਿਚ ਗਾਹੇ ਬਗਾਹੇ ਰੁੱਝਿਆ ਰਹਿੰਦਾ ਹੈ। ਸੁਰ ਸੰਗੀਤ ਨੂੰ ਰੱਬੀ ਇਬਾਦਤ ਮੰਨਣ ਵਾਲੇ ਇਸ ਗਾਇਕ ਨੂੰ ਸੰਗੀਤ ਤੇ ਕਲਮ ਨਾਲ ਮਹਿਬੂਬਾ ਵਰਗਾ ਇਸ਼ਕ ਹੈ। ਮਾਤਾ ਗੁਰਦਿਆਲ ਕੌਰ ਤੇ ਪਿਤਾ ਬਚਿੱਤਰ ਸਿੰਘ ਇਸ ਹੋਣਹਾਰ ਦੇ ਪੁੱਤਰ ਨੂੰ ਸਮੇਂ-ਸਮੇਂ ਆਰਥਿਕ ਮਜਬੂਰੀਆਂ ਨਾਲ ਜੂਝਣਾਂ ਪਿਆ ਪ੍ਰੰਤੂ ਉਸਨੇ ਜ਼ਿੰਦਗੀ ਦੇ ਹਰ ਸੰਘਰਸ਼ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ । ਸਮੇ ਦੇ ਬਦਲਾਅ ਅਤੇ ਪੀੜੀਆਂ ਦੇ ਸੰਵਾਦ ਤੇ ਤਰਜੀਹਾਂ ਵਿਚ ਆਏ ਵੱਡੇ ਬਦਲਾਅ ਨਾਲ ਉਸਦੇ ਬਹੁਤੇ ਸਮਕਾਲੀ ਗਾਇਕ ਰੂਹਪੋਸ਼ ਹੋ ਗਏ ਪ੍ਰੰਤੂ ਸੋਚ ਸਿਆਣਪ ਅਤੇ ਆਪਣੇ ਵੱਖਰੇ ਸਰੋਤਾ ਵਰਗ ਕਰਕੇ ਉਹ ਅੱਜ ਵੀ ਆਪਣੇ ਚਹੇਤਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।

ਉਸਦੀ ਸਟੇਜ ਪੇਸ਼ਕਾਰੀ ਵਿੱਚ ਵਿਲੱਖਣ ਤੇ ਦਿਲਖਿੱਚਵਾਂ ਜਲੌਅ ਦੇਖਣ ਨੂੰ ਮਿਲਦਾ ਹੈ।ਸਾਥਣ ਗਾਇਕਾ ਨਾਲ ਉਹ ਦੋਗਾਣਾਂ ਪੇਸ਼ਕਾਰੀ ਦੇ ਆਪਣੇ ਰੌਚਿਕ ਤੇ ਦਿਲ ਟੁੰਬਵੇਂ ਅੰਦਾਜ ਸਦਕਾ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੁੰਦੇ ਹਨ। ਗਿੱਲ ਅਖਾੜੇ ਵਾਲਾ ਨੇ ਹਾਲ ਹੀ ਕੁਝ ਨਵੇਂ ਦੋਗਾਣਿਆ ਨਾਲ ਮੁੜ ਦਸਤਕ ਦਿੱਤੀ ਹੈ। ਸਿੰਗਲ ਟਰੈਕ ਦੇ ਯੁੱਗ ਦੀ ਰਵਾਇਤ ਅਨੁਸਾਰ ਇਹ ਦੋਗਾਣੇ ਇਕ-ਇਕ ਕਰਕੇ ਰਿਲੀਜ਼ ਕੀਤੇ ਜਾ ਰਹੇ ਨੇ। ਇਨਾਂ ਵਿਚੋਂ ਸਭ ਤੋਂ ਪਹਿਲਾਂ ‘ਚੁਆਇਸ ‘ਟਾਈਟਲ ਅਧੀਨ ਦੋਗਾਣਾਂ ਜਿਸਨੂੰ ਸਾਥਣ ਗਾਇਕਾ ਚਰਨਜੀਤ ਸੰਧੂ ਨਾਲ ਗਾਇਆ ਹੈ, ਲੋਕ ਅਰਪਿਤ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੱਤਪਾਲ ਕਾਉਂਕੇ ਨੇ ਲਿਖਿਆ ਹੈ। ਸੰਗੀਤ ਨਿਰਮਲ ਸਹੋਤਾ ਦਾ ਹੈ,ਜਦਕਿ ਅਨੰਦ ਕੈਸਿਟ ਕੰਪਨੀ ਵਲੋਂ ਡਿਜੀਟਲ ਤਕਨੀਕ ਨਾਲ ਵਿਸ਼ਵ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਗਾਣੇਂ ਵਿਚ ਉਸਦੀ ਸਾਥਣ ਗਾਇਕਾ ਚਰਨਜੀਤ ਸੰਧੂ ਨੇ ਵੀ ਬਾਕਮਾਲ ਕਲਾ ਦੇ ਰੰਗ ਬਿਖੇਰੇ ਹਨ। ਨਵੇਂ ਗੀਤਾਂ ਸਬੰਧੀ ਗਿੱਲ ਅਖਾੜੇ ਵਾਲਾ ਨੇ ਵਿਸ਼ਵਾਸ ਨਾਲ ਕਿਹਾ ਕਿ ਸਰੋਤੇ ਉਸਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਇਸ ਗੀਤ ਨੂੰ ਵੀ ਮਣਾਂਮੂੰਹ ਪਿਆਰ ਬਖਸ਼ਿਸ਼ ਕਰਨਗੇ।ਆਪਣੇ ਮਿੱਤਰਾਂ ਵਿਚ ਗੁਰਜੀਤ ਬਰਾੜ, ਸੁੱਖਾ ਗਿੱਲ, ਅਵਤਾਰ ਕਾਲਾ ਤੇ ਗੁਰਪ੍ਰੀਤ ਚੁੱਘ ਦਾ ਖਾਸ ਤੌਰ ‘ਤੇ ਰਿਣੀ ਗਿੱਲ ਆਪਣੀ ਜੀਵਨ ਸਾਥਣ ਸੁਖਮਿੰਦਰ ਕੌਰ ਤੇ ਦੋ ਪੁੱਤਰਾਂ ਹਰਮਨਪ੍ਰੀਤ ਤੇ ਸਿਮਰਨਪਾਲ ਸਿੰਘ ਨਾਲ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ ਹੈ।

ਕੁਲਦੀਪ ਸਿੰਘ ਲੋਹਟ
9876492410


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਰਿਵਾਰਕ ਦੋਗਾਣਿਆਂ ਨਾਲ ਹਾਜਰ ਹੈ ਗਿੱਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ ਦੀ ਜੋੜੀ