ਗੀਤਕਾਰੀ ਤੋਂ ਗਾਇਕੀ ਵੱਲ ਪ੍ਰੀਤ ਸੰਘਰੇੜੀ


ਪ੍ਰੀਤ ਸੰਘਰੇੜੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਉਹ ਆਪਣੀਆਂ ਚਲੰਤ ਤੇ ਭਾਵਕ ਲਿਖਤਾਂ ਰਾਹੀਂ ਕਾਵਿ ਕਲਾ ਦੇ ਖੇਤਰ ‘ਚ ਨਵੀਂ ਸੰਵਾਭਨਾਂ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਸਦੀ ਕਲਮ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਹਕੀਕੀ ਇਸ਼ਕ ਦੀ ਪੈੜ ਦੱਬਦੀ ਸ਼ਬਦਾਂ ਨੂੰ ਮਾਲਾ ਦੇ ਮੋਤੀਆਂ ਵਾਂਗ ਪਰੋਣ ਦਾ ਹੁਨਰ ਰੱਖਦੀ ਹੈ। ਉਸਦੀਆਂ ਲਿਖਤਾਂ ਵਿਚ ਪਿੰਡਾਂ ਦੀਆਂ ਸੱਥਾਂ, ਖੂਹਾਂ, ਟੋਬਿਆਂ ਤੇ ਉਦਾਸ ਹੋ ਚੁੱਕੀਆਂ ਗਲੀਆਂ ਦਾ ਦੁਖਾਂਤ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।ਉਹ ਪੂਜੀਪਤੀ ਤਾਕਤਾਂ ਹੱਥੋਂ ਕਿਰਤੀਆਂ, ਕਾਮਿਆਂ ਦੀ ਲੁੱਟ,ਟੁੱਟਦੀ ਕਿਸਾਨੀ ਦਾ ਦਰਦ, ਧਰਮਾਂ ਦੀ ਆੜ ਹੇਠ ਭਰਾ ਮਾਰੂ ਜੰਗ ‘ਚ ਲਹੂ ਲੁਹਾਣ ਹੋਈ ਮਨੁੱਖਤਾ ਦਾ ਭਾਵਕਤਾ ਨਾਲ ਚਿਤਰਣ ਕਰਦਾ ਹੈ। ਉਸਦੀਆਂ ਕਵਿਤਾਵਾਂ ਦੱਸਦੀਆਂ ਹਨ ਕਿ ਉਹ ਮਾਨਵੀ ਕਦਰਾਂ ਕੀਮਤਾਂ ਦਾ ਹਾਮੀ ਹੈ।ਉਸਦੀ ਕਲਮ ਦੱਬੇ ਕੁਚਲੇ ਤੇ ਲਤਾੜੇ ਲੋਕਾਂ ਲਈ ਹੱਕਾਂ ਲਈ ਮਰ ਮਿਟਣ ਦਾ ਹੋਕਾ ਦਿੰਦੀ ਹੈ ।

ਮਜਾਜੀ ਇਸ਼ਕ ਦੀ ਪੈੜ ਦੱਬਦਿਆਂ ਉਹ ਮਹਿਬੂਬ ਕੁੜੀ ਦੇ ਹੁਸਨ ਦਾ ਕਾਇਲ ਹੋਇਆ ਆਪਣੇ ਫਰਜਾਂ ਨੂੰ ਤਿਲਾਂਜਲੀ ਨਹੀਂ ਦਿੰਦਾ ਸਗੋਂ ਪ੍ਰੀਤ ਦੀ ਕਲਮ ਨਵੀਂ ਪੀੜ੍ਹੀ ਵਿਚ ਕਿਰਤ ਸਭਿਆਚਾਰ ਦਾ ਸੰਕਲਪ ਦ੍ਰਿੜ ਕਰਦੀ ਹੈ। ਉਸਦੇ ਗੀਤਾਂ ਦਾ ਨਾਇਕ ਸਿਰਫਿਰਿਆ ਜੱਟ ਨਹੀਂ ਹੈ ,ਸਗੋਂ ਖੇਤਾਂ ਦੀਆਂ ਵੱਟਾਂ ‘ਤੇ ਮਿੱਟੀ ਨਾਲ ਮਿੱਟੀ ਹੋ ਕੇ ਟਰੈਕਟਰ ਦੀਆਂ ਗੁੱਡੀਆਂ ਖਸਾਉਣ ਵਾਲਾ ਮਿਹਨਤਕਸ਼ ਕਿਸਾਨ ਪੁੱਤਰ ਹੈ। ਨਵੀਨ ਤੇ ਵਿਲੱਖਣ ਲਿਖਣ ਸ਼ੈਲੀ ਦੇ ਮਾਲਕ ਪ੍ਰੀਤ ਸੰਘਰੇੜੀ ਨੇ ਕਈ ਕਿਤਾਬਾਂ ਦੇ ਨਾਲ-ਨਾਲ ਗੀਤ ਵੀ ਲਿਖੇ ਹਨ।

ਉਸਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਸਥਾਪਿਤ ਗਾਇਕਾਂ ਨੇ ਆਵਾਜ਼ ਦਿੱਤੀ ਹੈ।ਇਹਨਾਂ ਵਿਚ ‘ਮੈਂ ਲਵਲੀ ਜੀ ਲਵਲੀ ‘ਚ ਪੜ੍ਹਦੀ (ਰਵਿੰਦਰ ਗਰੇਵਾਲ/ ਸ਼ਿਪਰਾ ਗੋਇਲ),ਅੱਤਵਾਦ( ਮਨਮੋਹਣ ਵਾਰਿਸ ), ਕਲੱਬ ਵਿਚ (ਕਮਲ ਹੀਰ), ਫੋਰਡ 3600 ( ਦੀਪ ਢਿੱਲੋਂ/ਜੈਸਮੀਨ ਜੱਸੀ ) , ਕਦੇ ਪਿੰਡ ਯਾਦ ਆਉਂਦਾ ਲਖਵਿੰਦਰ ਵਡਾਲੀ ,ਬਦਨਾਮ( ਸ਼ੀਰਾ ਜਸਵੀਰ) ਬੁਲਟ( ਪ੍ਰੀਤ ਬਰਾੜ) , ਨੰਗੇ ਪੈਰੀਂ ਨੱਚੀ (ਮਿਸ ਪੂਜਾ ) ‘ਦੁਆਰਾ ਗਾਏ ਉਪਰੋਕਤ ਗੀਤਾਂ ਨੇ ਵਿਸ਼ਵ ਪੱਧਰ ‘ਤੇ ਪਛਾਣ ਸਥਾਪਿਤ ਕੀਤੀ। ਪ੍ਰੀਤ ਸੰਘਰੇੜੀ ਨੇ ਗੀਤਾਂ ਦੇ ਨਾਲ-ਨਾਲ ਕਵਿਤਾ ਵਰਗੀ ਸੂਖਮ ਵਿਧਾ ਵਿਚ ਵੀ ਕਲਮ ਅਜਮਾਈ ਕੀਤੀ। ਪ੍ਰੀਤ ਦਾ ਸੁਭਾਅ ਆਪਣੀ ਲੇਖਣੀ ਵਾਂਗ ਸਾਊ-ਸੰਗਾਊ ਤੇ ਅਤਿ ਸੰਵੇਦਨਸ਼ੀਲ ਹੈ। ਸਾਫ ਸੁਥਰੀ ਗੀਤਕਾਰੀ ਵਿਚ ਵਿਸ਼ਵਾਸ ਰੱਖਣ ਵਾਲਾ ਇਹ ਸੁਹਿਰਦ ਸੱਜਣ ਪਰਿਵਾਰਕ ਗੀਤ ਲਿਖਣ ਵਿਚ ਹੀ ਵਿਸ਼ਵਾਸ ਰੱਖਦਾ ਹੈ। ਭਾਵੇਂ ਉਸਨੇ ਨਵੀਂ ਪੀੜ੍ਹੀ ਦੇ ਜਜ਼ਬਾਤਾਂ ਨੂੰ ਧਿਆਨ ‘ਚ ਰੱਖਦਿਆਂ ਰੁਮਾਂਟਿਕ, ਚੁਲਬਲੇ ਅਤੇ ਮਨੋਰੰਜਨ ਭਰਪੂਰ ਗੀਤ ਵੀ ਲਿਖੇ ਹਨ, ਪ੍ਰੰਤੂ ਉਸਦਾ ਮੰਨਣਾ ਹੈ ਕਿ ਥੋੜ੍ਹੇ ਸਮੇਂ ਦੀ ਪ੍ਰਸਿੱਧੀ ਲਈ ਮਿਆਰ ਤੋਂ ਡਿੱਗਣਾਂ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ।

ਪ੍ਰੀਤ ਸੰਘਰੇੜੀ ਨੇ ਗੀਤਕਾਰੀ ਤੋਂ ਬਾਅਦ ਹੁਣ ਗਾਇਕੀ ਵੱਲ ਧਿਆਨ ਕੀਤਾ ਹੈ। ਲੰਮੇਂ ਸਮੇਂ ਦੀ ਮਿਹਨਤ ਤੇ ਸੰਗੀਤ ਦੀਆਂ ਮੁੱਢਲੀਆਂ ਬਾਰੀਕੀਆਂ ਹਾਸਿਲ ਕਰਕੇ ਪਲੇਠਾ ਗਾਣਾਂ ‘ਸਰਪੰਚੀ ‘ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨ ਲਈ ਵਾਰਿਸ ਭਰਾਵਾਂ ਸਮੇਤ ਪੰਜਾਬ ਦੇ ਨਾਮੀ ਗਾਇਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਸਰਪੰਚੀ ਗੀਤ ਵੋਟਾਂ ਦੇ ਗਰਮ ਮਾਹੌਲ ਵਿਚ ਪਿੰਡਾਂ ਦੀਆਂ ਸੱਥਾਂ, ਮੋਟਰਾਂ, ਟਰੈਕਰਾਂ,ਕਾਰਾਂ ਅਤੇ ਚੋਣ ਪ੍ਰਚਾਰ ਕਰਦੇ ਉਮੀਦਵਾਰਾਂ ਤੇ ਸਮੱਰਥਕਾਂ ਦੀ ਪਹਿਲੀ ਪਸੰਦ ਬਣ ਗਿਆ। ਗੀਤਕਾਰੀ ਤੋਂ ਬਾਅਦ ਗਾਇਕੀ ਖੇਤਰ ਵਿੱਚ ਕਦਮ ਰੱਖਣ ਲਈ ਪ੍ਰੀਤ ਸੰਘਰੇੜੀ ਨੂੰ ਢੇਰ ਸਾਰੀਆਂ ਮੁਬਾਰਕਾਂ। ਉਮੀਦ ਕਰਦੇ ਹਾਂ ਕਿ ਗੀਤਕਾਰੀ ਤੇ ਸਾਹਿਤਕਾਰੀ ਦਾ ਮਲੂਕੜਾ ਜਿਹਾ ਨਾਂ ਪ੍ਰੀਤ ਗਾਇਕੀ ਖੇਤਰ ਵਿਚ ਵੀ ਸਫਲਤਾ ਦੀਆਂ ਮੰਜ਼ਿਲਾਂ ਸਰ ਕਰੇ।

ਕੁਲਦੀਪ ਸਿੰਘ ਲੋਹਟ, 9876492410


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗੀਤਕਾਰੀ ਤੋਂ ਗਾਇਕੀ ਵੱਲ ਪ੍ਰੀਤ ਸੰਘਰੇੜੀ