ਅਕਾਲੀਆਂ ਨੇ ਰਾਜੀਵ ਦੇ ਬੁੱਤ ’ਤੇ ਕਾਲਖ ਮਲੀ


ਲੁਧਿਆਣਾ, 25 ਦਸੰਬਰ (ਏਜੰਸੀ) : ਇੱਥੇ ਸਲੇਮ ਟਾਬਰੀ ਪਾਰਕ ਵਿਚ ਲੱਗੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਮੰਗਲਵਾਰ ਸਵੇਰੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਕਾਲਾ ਰੰਗ ਮਲ ਦਿੱਤਾ ਬੁੱਤ ਦੇ ਹੱਥਾਂ ਨੂੰ ਵੀ ਲਾਲ ਰੰਗ ਨਾਲ ਰੰਗ ਦਿੱਤਾ ਗਿਆ। ਘਟਨਾ ਬਾਰੇ ਪਤਾ ਲੱਗਦਿਆਂ ਹੀ ਕਾਂਗਰਸੀ ਆਗੂ ਸਲੇਮ ਟਾਬਰੀ ਪਾਰਕ ਵਿੱਚ ਲੱਗੇ ਬੁੱਤ ਨੂੰ ਸਾਫ਼ ਕਰਨ ਲਈ ਪੁੱਜੇ ਤੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਆਪਣੀ ਪੱਗ ਉਤਾਰ ਕੇ ਪਹਿਲਾਂ ਬੁੱਤ ਸਾਫ਼ ਕੀਤਾ ਤੇ ਫਿਰ ਉਸ ਨੂੰ ਦੁੱਧ ਨਾਲ ਧੋਤਾ। ਇਸ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ, ਰਾਜੀਵ ਰਾਜਾ ਸਮੇਤ ਹੋਰ ਸੀਨੀਅਰ ਆਗੂ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਤੁਰੰਤ ਪੁਲੀਸ ਤੋਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਦੁਪਹਿਰ ਟਵੀਟ ਕਰਕੇ ਪ੍ਰਸ਼ਾਸਨ ਨੂੰ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ। ਪੁਲੀਸ ਨੇ ਇਸ ਮਾਮਲੇ ਵਿਚ ਨਗਰ ਨਿਗਮ ਦੇ ਜੇਈ ਦੀ ਸ਼ਿਕਾਇਤ ’ਤੇ ਯੂਥ ਅਕਾਲੀ ਦਲ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਰੋਜ਼ ਗਾਂਧੀ ਮਾਰਕੀਟ ਤੋਂ ਗੁਰਦੀਪ ਗੋਸ਼ਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

ਵੇਰਵਿਆਂ ਮੁਤਾਬਕ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਸਲੇਮ ਟਾਬਰੀ ਨੇੜੇ ਪਾਰਕ ਵਿਚ ਫੇਸਬੁੱਕ ’ਤੋਂ ਲਾਈਵ ਹੋ ਕੇ ਤਰਲ ਰੰਗਾਂ ਨਾਲ ਬੁੱਤ ਦੇ ਮੂੰਹ ’ਤੇ ਕਾਲਾ ਰੰਗ ਮਲਿਆ। ਇਸ ਤੋਂ ਬਾਅਦ ਉਨ੍ਹਾਂ ਬੁੱਤ ਦੇ ਹੱਥਾਂ ’ਤੇ ਲਾਲ ਰੰਗ ਲਾ ਦਿੱਤਾ ਤੇ ਫੇਸਬੁੱਕ ਰਾਹੀਂ ਲਾਈਵ ਹੋ ਕੇ ਕਿਹਾ ਕਿ ਰਾਜੀਵ ਗਾਂਧੀ ਦਾ ਬੁੱਤ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ, ਉਸੇ ਤਰ੍ਹਾਂ ਦਾ ਰੰਗ ਉਨ੍ਹਾਂ ਨੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦੰਗਿਆਂ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੂਤਰਧਾਰ ਸਨ। ਉਨ੍ਹਾਂ ਰਾਜੀਵ ਗਾਂਧੀ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ। ਉਨ੍ਹਾਂ ਕਾਂਗਰਸ ਦੀ ਅਗਵਾਈ ’ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੀ ਦੰਗੇ ਹੋਏ, ਪਰ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਅਜਿਹਾ ਕੁਝ ਨਹੀਂ ਵਾਪਰਿਆ। ਰਾਜੀਵ ਗਾਂਧੀ ਨੂੰ ਦਿੱਤੇ ਗਏ ਭਾਰਤ ਰਤਨ ਸਮੇਤ ਹੋਰ ਸਨਮਾਨ ਵਾਪਸ ਲੈਣ ਦੀ ਵੀ ਉਨ੍ਹਾਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਸਜ਼ਾ ਮਿਲੇ ਉਹ ਇਸ ਦਾ ਵਿਰੋਧ ਕਰਨਗੇ।

ਘਟਨਾ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਾਥੀਆਂ ਸਣੇ ਮੌਕੇ ’ਤੇ ਪੁੱਜੇ। ਉਨ੍ਹਾਂ ਦੋਸ਼ ਲਾਇਆ ਕਿ ਜੋ ਕੰਮ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਕਰਦੀ ਹੈ, ਉਹੀ ਕੰਮ ਅਕਾਲੀ ਦਲ ਨੇ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੇਅਦਬੀ ਮਾਮਲੇ ’ਚ ਹੋ ਰਹੀ ਜਨਤਕ ਨਿਖੇਧੀ ਤੋਂ ਬਚਣ ਲਈ ਅਜਿਹੀਆਂ ਹਰਕਤਾਂ ਕਰਨ ’ਤੇ ਉਤਾਰੂ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਸ ਮਾਮਲੇ ’ਚ ਸੁਖਬੀਰ ਬਾਦਲ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਤੇ ਕਾਲਖ਼ ਲਾਉਣ ਵਾਲੇ ਆਗੂਆਂ ਨੂੰ ਪਾਰਟੀ ’ਚੋਂ ਬਰਖ਼ਾਸਤ ਕਰਨ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਅਜਿਹਾ ਨਹੀਂ ਕਰਦੇ ਤਾਂ ਇਹ ਗ਼ੱਲ ਸਾਫ਼ ਹੈ ਕਿ ਸਭ ਕੁਝ ਪਾਰਟੀ ਪ੍ਰਧਾਨ ਦੇ ਇਸ਼ਾਰੇ ’ਤੇ ਹੋਇਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਪੰਜਾਬ ਦਾ ਮਾਹੌਲ ਵਿਗਾੜ ਕੇ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ। ਯੂਥ ਅਕਾਲੀ ਦਲ ਆਗੂ ਗੋਸ਼ਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੰਗਾ ਪੀੜਤਾਂ, ਯੂਥ ਅਕਾਲੀ ਦਲ ਤੇ ਅਕਾਲੀ ਦਲ ਦੇ ਆਗੂਆਂ ਨੇ ਸੀਆਈਏ ਸਟਾਫ਼ ਦੇ ਬਾਹਰ ਧਰਨਾ ਦਿੱਤਾ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁਗਰੀ ਖ਼ਿਲਾਫ਼ ਧਾਰਾ 153 ਏ, 68 ਆਈਟੀ ਐਕਟ, ਪੰਜਾਬ ਪ੍ਰਾਪਰਟੀ ਡਿਫੇਸਮੈਂਟ ਐਕਟ 1997 ਦੇ ਸੈਕਸ਼ਨ 3 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੀਤਪਾਲ ਸਿੰਘ ਦੁਗਰੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਾਲੀਆਂ ਨੇ ਰਾਜੀਵ ਦੇ ਬੁੱਤ ’ਤੇ ਕਾਲਖ ਮਲੀ