ਬੀਬੀ ਜਗੀਰ ਕੌਰ ਧੀ ਦੀ ਹੱਤਿਆ ਦੇ ਦੋਸ਼ਾਂ ਤੋਂ ਬਰੀ


ਚੰਡੀਗੜ੍ਹ, 4 ਦਸੰਬਰ (ਏਜੰਸੀ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੁਖੀ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਨੂੰ ਅਗਵਾ ਕਰਨ ਤੇ ਜਬਰੀ ਗਰਭਪਾਤ ਕਰਵਾਉਣ ਦੇ ਦੋਸ਼ਾਂ ’ਚੋਂ ਬਰੀ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਅਪਰੈਲ 2000 ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਜਸਟਿਸ ਏ.ਬੀ.ਚੌਧਰੀ ਤੇ ਕੁਲਦੀਪ ਸਿੰਘ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਪਟਿਆਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸੁਣਾਏ ਫੈਸਲੇ ਨੂੰ ਲਾਂਭੇ ਕਰਦਿਆਂ ਕੇਸ ਵਿੱਚ ਮੁਲਜ਼ਮਾਂ ਵਜੋਂ ਨਾਮਜ਼ਦ ਤਿੰਨ ਹੋਰਨਾਂ ਨੂੰ ਵੀ ਦੋਸ਼ਮੁਕਤ ਕਰਾਰ ਦੇ ਦਿੱਤਾ।

ਅਦਾਲਤ ਨੇ ਕਿਹਾ ਕਿ ਟਰਾਇਲ ਕੋਰਟ ਦੇ ਫੈਸਲੇ ਨੂੰ ਪੜ੍ਹਦਿਆਂ ਇਹ ਲਗਦਾ ਹੈ ਕਿ ਗਵਾਹਾਂ ਵੱਲੋਂ ਦਰਜ ਹਲਫ਼ਨਾਮਿਆਂ ਤੇ ਸਬੂਤਾਂ ਨੂੰ ਬੇਵਜ੍ਹਾ ਨਜ਼ਰਅੰਦਾਜ਼ ਕੀਤਾ ਗਿਆ ਸੀ। ਬੈਂਚ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਵਿੱਚ ਵੀ ਕੁਝ ਖਾਮੀਆਂ ਸਨ। ਸੀਬੀਆਈ ਅਦਾਲਤ ਨੇ ਬੀਬੀ ਜਗੀਰ ਕੌਰ ਸਮੇਤ ਤਿੰਨ ਹੋਰਨਾਂ ਮੁਲਜ਼ਮਾਂ ਨੂੰ ਉਪਰੋਕਤ ਦੋਸ਼ਾਂ ਤਹਿਤ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜਿਨ੍ਹਾਂ ਤਿੰਨ ਹੋਰਨਾਂ ਨੂੰ ਅੱਜ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਦਲਵਿੰਦਰ ਕੌਰ ਢੇਸੀ, ਪਰਮਜੀਤ ਸਿੰਘ ਰਾਏਪੁਰ ਤੇ ਨਿਸ਼ਾਨ ਸਿੰਘ ਸ਼ਾਮਲ ਹਨ।

ਬਚਾਅ ਪੱਖ ਦੇ ਵਕੀਲ ਵਿਨੋਦ ਘਈ ਨੇ ਕਿਹਾ, ‘ਅਦਾਲਤ ਨੇ ਬੀਬੀ ਜਗੀਰ ਕੌਰ ਤੇ ਤਿੰਨ ਹੋਰਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ।’ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੁਣਾਏ ਆਪਣੇ ਫ਼ੈਸਲੇ ’ਚ ਕਿਹਾ, ‘ਇਸਤਗਾਸਾ ਧਿਰ ਸਾਰੇ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 120 ਬੀ, 313, 365 ਤੇ 344 ਤਹਿਤ ਲੱਗੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪਟਿਆਲਾ ਦੇ ਵਧੀਕ ਸੈਸ਼ਨ ਜੱਜ ਵੱਲੋਂ 30 ਮਾਰਚ 2012 ਨੂੰ ਨਿਸ਼ਾਨ ਸਿੰਘ, ਬੀਬੀ ਜਗੀਰ ਕੌਰ, ਪਰਮਜੀਤ ਸਿੰਘ ਰਾਏਪੁਰ ਤੇ ਦਲਵਿੰਦਰ ਕੌਰ ਢੇਸੀ ਨੂੰ ਸੁਣਾਈ ਸਜ਼ਾ ਦਾ ਖੰਡਨ ਕਰਦਿਆਂ ਅਸੀਂ ਇਸ ਫ਼ੈਸਲੇ ਨੂੰ ਲਾਂਭੇ ਰੱਖਦਿਆਂ ਉਪਰੋਕਤ ਸਾਰਿਆਂ ਨੂੰ ਦੋਸ਼ ਮੁਕਤ ਕਰਾਰ ਦਿੰਦੇ ਹਾਂ।’ ਕਾਬਿਲੇਗੌਰ ਹੈ ਕਿ ਸਾਲ 2000 ਵਿੱਚ ਹਰਪ੍ਰੀਤ ਕੌਰ ਦੀ ਰਹੱਸਮਈ ਹਾਲਾਤ ਵਿੱਚ ਮੌਤ ਮਗਰੋਂ ਕਮਲਜੀਤ ਸਿੰਘ (ਜੋ ਹਰਪ੍ਰੀਤ ਕੌਰ ਦਾ ਪਤੀ ਹੋਣ ਦਾ ਦਾਅਵਾ ਕਰਦਾ ਸੀ) ਵੱਲੋਂ ਅਦਾਲਤ ਦਾ ਬੂਹਾ ਖੜਕਾਉਣ ਮਗਰੋਂ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।

ਸੀਬੀਆਈ ਨੇ ਜਾਂਚ ਮਗਰੋਂ ਦਾਅਵਾ ਕੀਤਾ ਸੀ ਕਿ ਮਾਰਚ 2000 ਵਿੱਚ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਨੂੰ ਇਕ ਘਰ ’ਚ ਬੰਦ ਕਰਕੇ ਟੀਕਿਆਂ ਨਾਲ ਬੇਸੁੱਧ ਕਰਨ ਮਗਰੋਂ ਉਹਦਾ ਜਬਰੀ ਗਰਭਪਾਤ ਕੀਤਾ ਗਿਆ। ਸਾਲ 2012 ਵਿੱਚ ਪਟਿਆਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬੀਬੀ ਜਗੀਰ ਕੌਰ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਅਸਤੀਫ਼ਾ ਦੇਣਾ ਪਿਆ ਸੀ। ਸੀਬੀਆਈ ਕੋਰਟ ਦੇ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਹਾਈ ਕੋਰਟ ਵਿੱਚ ਬਕਾਇਆ ਹੋਣ ਕਰਕੇ ਬੀਬੀ ਜਗੀਰ ਕੌਰ ਨੂੰ 2017 ਪੰਜਾਬ ਅਸੈਂਬਲੀ ਦੀਆਂ ਚੋਣਾਂ ਤੋਂ ਵੀ ਲਾਂਭੇ ਹੋਣਾ ਪਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੀਬੀ ਜਗੀਰ ਕੌਰ ਧੀ ਦੀ ਹੱਤਿਆ ਦੇ ਦੋਸ਼ਾਂ ਤੋਂ ਬਰੀ