ਰਾਜਸਥਾਨ ਦੀ ਕਮਾਨ ਅਸ਼ੋਕ ਗਹਿਲੋਤ ਦੇ ਹੱਥ


ਨਵੀਂ ਦਿੱਲੀ, 14 ਦਸੰਬਰ (ਏਜੰਸੀ) : ਕਾਂਗਰਸ ਨੇ ਸੀਨੀਅਰ ਪਾਰਟੀ ਆਗੂ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਜਦਕਿ ਸਚਿਨ ਪਾਇਲਟ ਸੂਬੇ ਦੇ ਉੱਪ ਮੁੱਖ ਮੰਤਰੀ ਹੋਣਗੇ। ਦੋਵਾਂ ਆਗੂਆਂ ਵਿਚਾਲੇ ਸਹਿਮਤੀ ਕਾਇਮ ਕਰਨ ਲਈ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਵੱਖ-ਵੱਖ ਪੱਧਰਾਂ ’ਤੇ ਗੱਲਬਾਤ ਦਾ ਗੇੜ ਚਲਾ ਰਹੇ ਸਨ। ਸੂਬੇ ਲਈ ਕਾਂਗਰਸ ਦੇ ਨਿਗਰਾਨ ਕੇ.ਸੀ. ਵੇਣੂਗੋਪਾਲ ਨੇ ਅੱਜ ਇੱਥੇ ਮੀਡੀਆ ਨੂੰ ਪਾਰਟੀ ਦੇ ਫ਼ੈਸਲੇ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਗਹਿਲੋਤ ਹੀ ਸੂਬੇ ਦੇ ਮੁੱਖ ਮੰਤਰੀ ਹੋਣਗੇ। ਦੋਵੇਂ ਆਗੂ 17 ਦਸੰਬਰ ਨੂੰ ਆਪੋ-ਆਪਣੇ ਅਹੁਦਿਆਂ ਦੀ ਸਹੁੰ ਚੁੱਕਣਗੇ। ਕੌਮੀ ਪ੍ਰਧਾਨ ਰਾਹੁਲ ਗਾਂਧੀ ਤਿੰਨਾਂ ਸੂਬਿਆਂ ਦੇ ਸਹੁੰ ਚੁੱਕ ਸਮਾਗਮਾਂ ’ਚ ਸ਼ਿਰਕਤ ਕਰਨਗੇ।

ਗਹਿਲੋਤ ਪਹਿਲਾਂ ਵੀ ਦੋ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਗਹਿਲੋਤ ਤੇ ਸਚਿਨ ਪਾਇਲਟ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ ਤੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਪਾਇਲਟ (41) ਦੇ ਵਿਧਾਨ ਸਭਾ ਚੋਣਾਂ ਦੌਰਾਨ ਪਾਏ ਯੋਗਦਾਨ ਨੂੰ ਵੀ ਸਿਆਸੀ ਹਲਕਿਆਂ ’ਚ ਕਾਫ਼ੀ ਅਹਿਮੀਅਤ ਦਿੱਤੀ ਜਾ ਰਹੀ ਸੀ। ਅਸ਼ੋਕ ਗਹਿਲੋਤ (67) ਨੇ ਭਰੋਸਾ ਦਿਵਾਇਆ ਕਿ ਉਹ ਤੇ ਪਾਇਲਟ ਮਿਲ ਕੇ ਰਾਜਸਥਾਨ ਦੇ ਹਿੱਤ ਲਈ ਨਿੱਠ ਕੇ ਕੰਮ ਕਰਨਗੇ।

ਉੱਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਸਚਿਨ ਪਾਇਲਟ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਚੰਗੀ ਕਾਰਗੁਜ਼ਾਰੀ ਲੋਕ ਸਭਾ ਚੋਣਾਂ ਤੱਕ ਜਾਰੀ ਰਹੇਗੀ ਤੇ ਪਾਰਟੀ ਨੂੰ 2019 ਵਿਚ ਵੱਡਾ ਬਹੁਮਤ ਮਿਲੇਗਾ। ਕਾਂਗਰਸ ਨੂੰ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਸਥਾਨ ’ਚ 21 ਸੀਟਾਂ ਹੀ ਮਿਲੀਆਂ ਸਨ ਜਦਕਿ ਇਸ ਵਾਰ ਵੱਡੀ ਛਾਲ ਮਾਰਦਿਆਂ ਪਾਰਟੀ ਨੇ 99 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸੂਬਾਈ ਪਾਰਟੀ ਆਗੂ ਹੁਣ ਜੈਪੁਰ ਜਾਣਗੇ ਤੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਜਸਥਾਨ ਦੀ ਕਮਾਨ ਅਸ਼ੋਕ ਗਹਿਲੋਤ ਦੇ ਹੱਥ