ਭਾਰਤ ਨੇ 15 ਸਾਲਾਂ ਬਾਅਦ ਐਡੀਲੇਡ ਵਿੱਚ ਹਾਸਲ ਕੀਤੀ ਜਿੱਤ


ਐਡੀਲੇਡ, 10 ਦਸੰਬਰ (ਏਜੰਸੀ) : ਭਾਰਤ ਨੇ ਆਸਟਰੇਲੀਆ ਦੇ ਪਿਛਲੇ ਬੱਲੇਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਅੱਜ ਇੱਥੇ ਪਹਿਲਾ ਕ੍ਰਿਕਟ ਟੈਸਟ ਮੈਚ 31 ਦੌੜਾਂ ਨਾਲ ਜਿੱਤ ਕੇ ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੀ ਚੁਣੌਤੀ ਦੀ ਮਜ਼ਬੂਤ ਨੀਂਹ ਰੱਖੀ। ਭਾਰਤ ਨੇ ਇਸ ਜਿੱਤ ਨਾਲ ਚਾਰ ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲਿਆਈ ਧਰਤੀ ’ਤੇ ਲੜੀ ਦਾ ਪਹਿਲਾ ਟੈਸਟ ਮੈਚ ਜਿੱਤਿਆ ਹੈ।

ਆਸਟਰੇਲੀਆ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 291 ਦੌੜਾਂ ਤੱਕ ਹੀ ਪਹੁੰਚ ਸਕਿਆ। ਆਸਟਰੇਲੀਆ ਦਾ ਸਕੋਰ ਇਕ ਸਮੇਂ ਚਾਰ ਵਿਕਟਾਂ ’ਤੇ 84 ਦੌੜਾਂ ਸੀ ਅਤੇ ਭਾਰਤ ਦੀ ਜਿੱਤ ਚੌਥੇ ਦਿਨ ਹੀ ਤੈਅ ਲੱਗ ਰਹੀ ਸੀ ਪਰ ਇਸ ਤੋਂ ਬਾਅਦ ਅਗਲੀਆਂ ਪੰਜ ਵਿਕਟਾਂ ਲਈ 31, 41, 31, 41, 31 ਦੇ ਕ੍ਰਮ ਅਤੇ ਆਖ਼ਰੀ ਵਿਕਟ ਲਈ 32 ਦੌੜਾਂ ਦੀ ਸਾਂਝੇਦਾਰੀ ਨਿਭਾਈ ਗਈ ਜਿਸ ਨਾਲ ਭਾਰਤ ਦੀ ਜਿੱਤ ਦਾ ਇੰਤਜ਼ਾਰ ਵੱਧ ਗਿਆ। ਭਾਰਤ ਦੀ ਇਹ ਆਸਟਰੇਲੀਆ ’ਚ ਕੁੱਲ ਛੇਵੀਂ ਜਦੋਂਕਿ ਐਡੀਲੇਡ ਓਵਲ ’ਚ ਦੂਜੀ ਜਿੱਤ ਹੈ। ਇਸ ਮੈਦਾਨ ’ਤੇ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ 2003 ’ਚ ਜਿੱਤ ਦਰਜ ਕੀਤੀ ਸੀ। ਭਾਰਤ ਨੇ ਦਸ ਸਾਲਾਂ ਬਾਅਦ ਆਸਟਰੇਲੀਆ ਨੂੰ ਉਸ ਦੀ ਧਰਤੀ ’ਤੇ ਹਰਾਇਆ ਹੈ।

ਭਾਰਤ ਦੀ ਜਿੱਤ ਦਾ ਨਾਇਕ ਨਿਸ਼ਚਿਤ ਤੌਰ ’ਤੇ ਚੇਤੇਸ਼ਵਰ ਪੁਜਾਰਾ ਰਿਹਾ ਜਿਸ ਨੇ 123 ਅਤੇ 71 ਦੌੜਾਂ ਦੀਆਂ ਦੋ ਬਿਹਤਰੀਨ ਪਾਰੀਆਂ ਖੇਡੀਆਂ, ਇਸ ਵਾਸਤੇ ਉਸ ਨੂੰ ਮੈਨ ਆਫ ਦਿ ਮੈਚ ਵੀ ਚੁਣਿਆ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 41 ਦੌੜਾਂ ’ਤੇ ਗੁਆ ਦਿੱਤੀਆਂ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਉਹ ਸਿਖ਼ਰਲੀਆਂ ਚਾਰ ਵਿਕਟਾਂ 50 ਦੌੜਾਂ ਦੇ ਅੰਦਰ ਗੁਆਉਣ ਦੇ ਬਾਵਜੂਦ ਮੈਚ ਜਿੱਤਣ ’ਚ ਸਫ਼ਲ ਰਿਹਾ। ਭਾਰਤ ਨੇ ਪਹਿਲੀ ਪਾਰੀ ’ਚ 250 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ 235 ਦੌੜਾਂ ’ਤੇ ਰੋਕ ਦਿੱਤਾ। ਭਾਰਤ ਨੇ ਦੂਜੀ ਪਾਰੀ ’ਚ ਆਖ਼ਰੀ ਪੰਜ ਵਿਕਟਾਂ 25 ਦੌੜਾਂ ਦੇ ਅੰਦਰ ਗੁਆਉਣ ਦੇ ਬਾਵਜੂਦ 307 ਦੌੜਾਂ ਬਣਾ ਕੇ ਆਸਟਰੇਲੀਆ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਿਆ ਸੀ।

ਵਿਕਟਕੀਪਰ ਰਿਸ਼ਭ ਪੰਤ ਲਈ ਵੀ ਇਹ ਟੈਸਟ ਮੈਚ ਖ਼ਾਸ ਰਿਹਾ। ਉਸ ਨੇ ਮੈਚ ’ਚ ਕੁੱਲ 11 ਕੈਚ ਫੜ ਕੇ ਇੰਗਲੈਂਡ ਦੇ ਜੈਕ ਰਸੇਲ ਅਤੇ ਦੱਖਣੀ ਅਫਰੀਕਾ ਦੇ ਏਬੀ ਡਿਵਲੀਅਰਜ਼ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਇਸ ਮੈਚ ’ਚ ਕੁੱਲ 35 ਕੈਚ ਲਈ ਗਏ ਜੋ ਵਿਸ਼ਵ ਰਿਕਾਰਡ ਹੈ। ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ (65 ਦੌੜਾਂ ਦੇ ਕੇ ਤਿੰਨ), ਜਸਪ੍ਰੀਤ ਬੁਮਰਾਹ (68 ਦੌੜਾਂ ਦੇ ਕੇ ਤਿੰਨ) ਅਤੇ ਰਵੀਚੰਦਰਨ ਅਸ਼ਵਿਨ (92 ਦੌੜਾਂ ਦੇ ਕੇ ਤਿੰਨ) ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦੋਂਕਿ ਇਸ਼ਾਂਤ ਸ਼ਰਮਾ (48 ਦੌੜਾਂ ਦੇ ਕੇ ਇਕ) ਨੂੰ ਇਕ ਵਿਕਟ ਮਿਲੀ।

ਆਸਟਰੇਲੀਆ ਨੇ ਮੈਚ ਦੇ ਪੰਜਵੇਂ ਦਿਨ ਸਵੇਰੇ ਚਾਰ ਵਿਕਟਾਂ ’ਤੇ 104 ਦੌੜਾਂ ਨਾਲ ਪਾਰੀ ਅੱਗੇ ਵਧਾਈ ਪਰ ਟਰੈਵਿਸ ਹੈੱਡ (14) ਅਤੇ ਸ਼ੌਨ ਮਾਰਸ਼ (60) ਦੀ ਸਾਂਝੇਦਾਰੀ ਕੇਵਲ 7.4 ਓਵਰਾਂ ਤੱਕ ਚੱਲੀ। ਭਾਰਤ ਨੇ ਪੁਰਾਣੀ ਕੂਕਾਬੁਰਾ ਗੇਂਦ ਨਾਲ ਸਫ਼ਲਤਾ ਹਾਸਲ ਕਰਨ ਵਿੱਚ ਦੇਰ ਨਹੀਂ ਲਗਾਈ। ਹੈੱਡ ਸਵੇਰੇ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ। ਇਸ਼ਾਂਤ ਦੇ ਸਟੀਕ ਬਾਊਂਸਰ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਗੇਂਦ ਹੈੱਡ ਦੇ ਬੱਲੇ ਨਾਲ ਲੱਗ ਕੇ ਹਵਾ ਵਿੱਚ ਉੱਛਲਦੀ ਹੋਈ ਗਲੀ ਵਿੱਚ ਗਈ ਜਿੱਥੇ ਅਜਿੰਕਿਆ ਰਹਾਣੇ ਨੇ ਉਸ ਨੂੰ ਕੈਚ ਕਰਨ ’ਚ ਕੋਈ ਗਲਤੀ ਨਹੀਂ ਕੀਤੀ। ਮਾਰਸ਼ ਸਹਿਜ ਹੋ ਕੇ ਖੇਡ ਰਿਹਾ ਸੀ। ਉਸ ਨੇ 160 ਗੇਂਦਾਂ ’ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਜੋ ਚੌਥੀ ਪਾਰੀ ’ਚ ਉਸ ਦਾ ਪਹਿਲਾ ਅਰਧ-ਸੈਂਕੜਾ ਹੈ। ਇਹ ਕੁੱਲ ਮਿਲਾ ਕੇ ਉਸ ਦਾ ਦਸਵਾਂ ਟੈਸਟ ਅਰਧ-ਸੈਂਕੜਾ ਹੈ।

ਬੁਮਰਾਹ ਨੇ ਭਾਰਤ ਨੂੰ ਮਾਰਸ਼ ਦੀ ਵਿਕਟ ਦਿਵਾਈ। ਇਹ ਅਹਿਮ ਮੋੜ 73ਵੇਂ ਓਵਰ ’ਚ ਆਇਆ ਜਦੋਂ ਬਾਹਰ ਵੱਲ ਮੂਵ ਕਰਦੀ ਗੇਂਦ ਮਾਰਸ਼ ਦੇ ਬੱਲੇ ਦਾ ਕਿਨਾਰਾ ਲੈ ਕੇ ਪੰਤ ਦੇ ਹੱਥਾਂ ’ਚ ਚਲੀ ਗਈ। ਬੁਮਰਾਹ ਨੇ ਇਸ ਤੋਂ ਬਾਅਦ ਕਪਤਾਨ ਟਿਮ ਪੇਨ (41) ਨੂੰ ਗਲਤ ਟਾਈਮਿੰਗ ਨਾਲ ਪੂਲ ਸ਼ਾਟ ਖੇਡਣ ਦੀ ਸਜ਼ਾ ਦਿੱਤੀ। ਪੰਤ ਨੇ ਦੌੜ ਕੇ ਹਵਾ ’ਚ ਲਹਿਰਾਉਂਦਾ ਕੈਚ ਫੜ ਲਿਆ ਜੋ ਉਸ ਦਾ ਮੈਚ ’ਚ ਦਸਵਾਂ ਮੈਚ ਸੀ। ਭਾਰਤੀ ਪਿਛਲੇ ਬੱਲੇਬਾਜ਼ਾਂ ਤੋਂ ਉਲਟ ਆਸਟਰੇਲੀਆ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਕਮਾਲ ਦਾ ਧੀਰਜ ਅਤੇ ਜਜਬਾ ਦਿਖਾਇਆ ਅਤੇ ਭਾਰਤ ਨੂੰ ਜਿੱਤ ਲਈ ਸੰਘਰਸ਼ ਕਰਵਾਇਆ।

ਆਸਟਰੇਲੀਆ ਦੇ ਆਖ਼ਰੀ ਚਾਰ ਬੱਲੇਬਾਜ਼ਾਂ ਨੇ 107 ਦੌੜਾਂ ਜੋੜੀਆਂ ਜਿਸ ’ਚ ਨਾਥਨ ਲਿਓਨ ਨੇ ਸਭ ਤੋਂ ਵੱਧ ਨਾਬਾਦ 38 ਦੌੜਾਂ ਬਣਾਈਆਂ ਜਦੋਂਕਿ ਪੈਟ ਕਮਿਨਜ਼ (28) ਨੇ 121 ਗੇਂਦਾਂ ਤੱਕ ਇਕ ਪਾਸਾ ਸੰਭਾਲੀ ਰੱਖਿਆ। ਕਮਿਨਜ਼ ਨੇ ਇਕ ਪਾਸਾ ਸੰਭਾਲਣ ਨੂੰ ਤਰਜ਼ੀਹ ਦਿੱਤੀ। ਉਸ ਨੇ ਪੇਨ ਨਾਲ ਸੱਤਵੀਂ ਵਿਕਟ ਲਈ 31, ਮਿਸ਼ੇਲ ਸਟਾਰਕ (28) ਨਾਲ ਅੱਠਵੀਂ ਵਿਕਟ ਲਈ 41 ਅਤੇ ਫਿਰ ਲਿਓਨ ਦੇ ਨਾਲ ਨੌਵੀਂ ਵਿਕਟ ਲਈ 31 ਦੌੜਾਂ ਦੀ ਸਾਂਝੇਦਾਰੀਆਂ ਕੀਤੀਆਂ। ਕਮਿਨਜ਼ ਨੂੰ ਇਸ ਦੌਰਾਨ ਦੋ ਵਾਰ ਡੀਆਰਐੱਸ ਤੋਂ ਫਾਇਦਾ ਵੀ ਮਿਲਿਆ। ਪੰਤ ਨੇ ਇਸ ਵਿਚਕਾਰ ਸ਼ਮੀ ਦੀ ਗੇਂਦ ’ਤੇ ਸਟਾਰਕ ਦਾ ਕੈਚ ਲੈ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਕਮਿਨਜ਼ ਦੀ ਪਾਰੀ ਦਾ ਅੰਤ ਅਖ਼ੀਰ ਬੁਮਰਾਹ ਨੇ ਕੀਤਾ।

ਵਿਰਾਟ ਕੋਹਲੀ ਪਹਿਲੀ ਸਲਿੱਪ ’ਚ ਕੈਚ ਲੈਣ ਤੋਂ ਬਾਅਦ ਵਿਕਟਾਂ ਉਛਾਲਣ ਲੱਗਿਆ ਸੀ। ਲਿਓਨ ਤੇ ਜੋਸ਼ ਹੇਜ਼ਲਵੁੱਡ (13) ਨੇ ਹਾਲਾਂਕਿ ਜਲਦੀ ਹੀ ਭਾਰਤੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ। ਅਸ਼ਵਿਨ ਨੇ ਅਖ਼ੀਰ ’ਚ ਹੇਜ਼ਲਵੁੱਡ ਨੂੰ ਕੈਚ ਦੇਣ ਲਈ ਮਜਬੂ ਕਰ ਦਿੱਤਾ। ਕੋਹਲੀ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟਰੇਲੀਆ ’ਚ ਟੈਸਟ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ਨੇ 15 ਸਾਲਾਂ ਬਾਅਦ ਐਡੀਲੇਡ ਵਿੱਚ ਹਾਸਲ ਕੀਤੀ ਜਿੱਤ