ਕੈਪਟਨ ਸਰਕਾਰ ਦੀ ਕਾਰਵਾਈ ਮਗਰੋਂ ਸੀਚੇਵਾਲ ਨੇ ਖੋਲ੍ਹੇ ਕਈ ਰਾਜ਼ !


ਕਪੂਰਥਲਾ, 30 ਨਵੰਬਰ (ਏਜੰਸੀ) : ਪੰਜਾਬ ਦੇ ਸਿਰਮੌਰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੰਜਾਬ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰਸ਼ਿਪ ਖੋਹ ਲਈ ਹੈ ਤੇ ਉੱਘੇ ਸਮਾਜ ਸੇਵੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਉਨ੍ਹਾਂ ਦੀ ਥਾਂ ਮੈਂਬਰ ਬਣਾ ਲਿਆ ਹੈ। ਸਰਕਾਰ ਦੇ ਇਸ ਕਦਮ ‘ਤੇ ਸੀਚੇਵਾਲ ਨੂੰ ਕੋਈ ਰੋਸ ਨਹੀਂ ਹੈ ਤੇ ਉਨ੍ਹਾਂ ਪਹਿਲਾਂ ਵਾਂਗ ਹੀ ਵਾਤਾਵਰਨ ਦੀ ਸਾਂਭ-ਸੰਭਾਲ ਕਰਦੇ ਰਹਿਣ ਦਾ ਐਲਾਨ ਕੀਤਾ। ਪੀਪੀਸੀਬੀ ਦੀ ਮੈਂਬਰਸ਼ਿਪ ਤੋਂ ਹਟਾਏ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਦੂਸ਼ਣ ਦੀ ਸੱਚੀ ਤਸਵੀਰ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਰੱਖੀ ਸੀ।

ਸੀਚੇਵਾਲ ਨੇ ਕਿਹਾ ਕਿ ਜਦੋਂ ਲੋਕਾਂ ਨੇ ਵਾਤਾਵਰਣ ਮੁੱਦਾ ਬਣਾਇਆ ਤਾਂ ਸਰਕਾਰ ਨੂੰ ਕੁਝ ਕਰਨਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਵਿਭਾਗ ਤੋਂ ਇੱਕ ਰੁਪਿਆ ਵੀ ਨਹੀਂ ਲਿਆ, ਸਿਰਫ ਸੇਵਾ ਹੀ ਕੀਤੀ ਹੈ। ਸੀਚੇਵਾਲ ਮੁਤਾਬਕ ਜਿਸ ਰਿਪੋਰਟ ਤਹਿਤ ਸਰਕਾਰ ਨੂੰ ਜ਼ੁਰਮਾਨਾ ਹੋਇਆ ਸੀ, ਉਸ ਨੂੰ ਕਈ ਮਾਹਰਾਂ ਨੇ ਤਿਆਰ ਕੀਤਾ ਸੀ ਨਾ ਕਿ ਸਿਰਫ਼ ਉਨ੍ਹਾਂ ਨੇ। ਸੀਚੇਵਾਲ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸੂਬੇ ਵਿੱਚ ਗੰਦਾ ਪਾਣੀ ਸੋਧਣ ਵਾਲੇ 32 ਟ੍ਰੀਟਮੈਂਟ ਪਲਾਂਟ ਚੱਲ ਰਹੇ ਤੇ ਇੱਕ ਬੰਦ ਹੈ, ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਸੂਬੇ ਵਿੱਚ ਸਿਰਫ਼ ਇੱਕੋ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਤੇ 32 ਬੰਦ ਮਿਲੇ ਸਨ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਵੀ ਪਲਾਂਟਾਂ ਦੇ ਬੰਦ ਪਏ ਹੋਣ ਬਾਰੇ ਕਹਿ ਚੁੱਕੇ ਹਨ ਪਰ ਅਫ਼ਸਰਾਂ ਦੀਆਂ ਰਿਪੋਰਟਾਂ ਵਿੱਚ ਪਲਾਂਟ ਹਾਲੇ ਵੀ ਚੱਲਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਵਿੱਚ ਲੈਦਰ ਕੰਪਲੈਕਸ ਤੇ ਇਲੈਕਟ੍ਰੋਪਲੇਟਿੰਗ ਸਨਅਤ ਦਾ ਖ਼ਾਸ ਜ਼ਿਕਰ ਸੀ।

ਸੀਚੇਵਾਲ ਨੇ ਦੱਸਿਆ ਕਿ ਪ੍ਰਦੂਸ਼ਣ ਦੇ ਮਾਮਲੇ ਵਿੱਚ ਪੰਜਾਬ ਦੀਆਂ ਬਾਕੀ ਸਨਅਤਾਂ ਦੀ ਰਿਪੋਰਟ ਫਿਲਹਾਲ ਤਿਆਰ ਹੋਣੀ ਹੈ ਤੇ ਚੱਢਾ ਸ਼ੂਗਰ ਮਿੱਲ ਦੀ ਰਿਪੋਰਟ ਵੀ ਐਨਜੀਟੀ ਕੋਲ ਜਾਣੀ ਬਾਕੀ ਹੈ, ਜਿਸ ਕਾਰਨ ਲੱਖਾਂ ਮੱਛੀਆਂ ਮਰੀਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਵਾਤਾਵਰਨ ਪ੍ਰਤੀ ਕੁਝ ਵੀ ਨਹੀਂ ਕੀਤਾ। ਸੰਤ ਸੀਚੇਵਾਲ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਡਾ ਪਾਣੀ ਵੀ ਪੀਣ ਜੋਗਾ ਨਹੀਂ ਰਿਹਾ, ਹੁਣ ਤੇ ਜਾਗਣਾ ਹੀ ਪੈਣਾ ਹੈ। ਐਨਜੀਟੀ ਨੇ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਲਾਏ ਜਾਣ ‘ਤੇ ਮੰਤਰੀ ਓਪੀ ਸੋਨੀ ਤੋਂ ਬਾਅਦ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ‘ਤੇ ਐਕਸ਼ਨ ਲਿਆ ਹੈ। ਹੁਣ ਸਰਕਾਰ ਨੇ ਸਾਲ 2009 ਤੋਂ ਪੀਪੀਸੀਬੀ ਦੇ ਮੈਂਬਰ ਸੰਤ ਬਲਬੀਰ ਸੀਚੇਵਾਲ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਸਰਕਾਰ ਦੀ ਕਾਰਵਾਈ ਮਗਰੋਂ ਸੀਚੇਵਾਲ ਨੇ ਖੋਲ੍ਹੇ ਕਈ ਰਾਜ਼ !