ਕਰਤਾਰਪੁਰ ਕਨਵੈਨਸ਼ਨ ISI ਦਾ ਗੇਮ ਪਲਾਨ : ਕੈਪਟਨ


ਚੰਡੀਗੜ੍ਹ, 18 ਦਸੰਬਰ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਿੱਖਜ਼ ਫਾਰ ਜਸਟਿਸ (ਐੱਸਐੱਫਜੇ) ਵੱਲੋਂ ਪੰਜਾਬ ਨੂੰ ਭਾਰਤ ਤੋਂ ‘ਆਜ਼ਾਦ’ ਕਰਾਉਣ ਲਈ ਪਾਕਿਸਤਾਨ ਦੀ ਮਦਦ ਮੰਗਣ ਬਾਰੇ ਦਿੱਤੇ ਬਿਆਨ ਨਾਲ ਇਸ ਜਥੇਬੰਦੀ ਦੇ ਇਰਾਦਿਆਂ ਅਤੇ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਨਾਲ ਗੰਢਤੁੱਪ ਦਾ ਪਰਦਾਫਾਸ਼ ਹੋ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਦੇ ਇੱਕ ਬਿਆਨ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਹੁਣ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਐੱਸਐੱਫਜੇ ਵੱਲੋਂ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਦੇ ਸਮਰਥਨ ਨਾਲ ਭਾਰਤੀ ਪੰਜਾਬ ਵਿੱਚ ਗੜਬੜ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਐੱਸਐੱਫਜੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਕਰਤਾਰਪੁਰ ਕਨਵੈਨਸ਼ਨ-2019’ ਕਰਵਾਉਣ ਦੀ ਯੋਜਨਾ ’ਤੇ ਵੀ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਐੱਸਐੱਫਜੇ ਸਮੇਤ ਭਾਰਤ ਵਿਰੋਧੀ ਤਾਕਤਾਂ ਦੀ ਮਦਦ ਕਰਨ ਬਾਰੇ ਆਈਐੱਸਆਈ ਦੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਵਾਰ ਮੁੜ ਸਿੱਧ ਹੋ ਗਿਆ ਹੈ ਕਿ ਪਾਕਿਸਤਾਨ ਸਰਕਾਰ ਕਠਪੁਤਲੀ ਸ਼ਾਸਨ ਵਾਂਗ ਹਮੇਸ਼ਾ ਹੀ ਉੱਥੋਂ ਦੀ ਫ਼ੌਜ ਦੇ ਇਸ਼ਾਰੇ ’ਤੇ ਕੰਮ ਕਰਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਦੀ ਪੂਰਤੀ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਨ, ਪਰ ਉਹ ਇਸ ਉਪਰਾਲੇ ਦੀ ਦੁਰਵਰਤੋਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸੱਚੇ ਦਿਲੋਂ ਇਸ ਲਾਂਘੇ ਰਾਹੀਂ ਭਾਰਤ ਨਾਲ ਸ਼ਾਂਤੀ ਦੇ ਦਰਵਾਜ਼ੇ ਖੋਲ੍ਹਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਾ ਸਿਰਫ਼ ਐੱਸਐੱਫਜੇ ਦੇ ਬਿਆਨ ਦੀ ਸਪੱਸ਼ਟ ਨਿੰਦਾ ਕਰਨੀ ਚਾਹੀਦੀ ਹੈ ਸਗੋਂ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਵਿਰੋਧੀ ਵੱਖਵਾਦੀ ਤਾਕਤ ਆਪਣੀ ਮੁਹਿੰਮ ਚਲਾਉਣ ਲਈ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਨਾ ਕਰੇ। ਉਨ੍ਹਾਂ ਪਾਕਿਸਤਾਨੀ ਨੇਤਾ ਨੂੰ ‘ਕਰਤਾਰਪੁਰ ਸਾਹਿਬ ਕਨਵੈਨਸ਼ਨ-2019’ ਕਰਵਾਉਣ ਤੋਂ ਵੀ ਰੋਕਣ ਲਈ ਆਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੀ ਭਾਰਤ ਵਿਰੋਧੀ ਤਾਕਤਾਂ ਵੱਲੋਂ ਵਰਤੋਂ ਕਰਨ ਦੀ ਇਜਾਜ਼ਤ ਦਿੱਤੇ ਬਿਨਾਂ ਦੋਵਾਂ ਮੁਲਕਾਂ ਦਰਮਿਆਨ ਸੱਚੀ ਭਾਵਨਾ ਨਾਲ ਅਮਨ ਦਾ ਪੁਲ ਕਾਇਮ ਕੀਤਾ ਜਾਵੇ। ਉਨ੍ਹਾਂ ਇੱਕ ਵਾਰ ਫਿਰ ਕਰਤਾਰਪੁਰ ਲਾਂਘੇ ਨੂੰ ਦੋਵਾਂ ਮੁਲਕਾਂ ਦਰਮਿਆਨ ਵਖਰੇਵਿਆਂ ਨੂੰ ਮਿਟਾਉਣ ਲਈ ਇੱਕ ਮਹਾਨ ਮੌਕਾ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਰਤਾਰਪੁਰ ਕਨਵੈਨਸ਼ਨ ISI ਦਾ ਗੇਮ ਪਲਾਨ : ਕੈਪਟਨ