ਕ੍ਰਿਸ਼ਨ ਨੇ ਉਲਝਾਇਆ ਕੈਪਟਨ ਸਰਕਾਰ ਦਾ ਤਾਣਾਬਾਣਾ !


ਚੰਡੀਗੜ੍ਹ, 4 ਨਵੰਬਰ (ਏਜੰਸੀ) : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਖਤੀ ਨੇ ਕੈਪਟਨ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਅਧਿਆਪਕਾਂ ਦੇ ਸੰਘਰਸ਼ ਨੂੰ ਕੁਚਲਣ ਲਈ ਕ੍ਰਿਸ਼ਨ ਕੁਮਾਰ ਵੱਲੋਂ ਸੈਂਕੜੇ ਅਧਿਆਪਕਾਂ ਦੀਆਂ 200-200 ਕਿਲੋਮੀਟਰ ਦੂਰ ਬਦਲੀਆਂ ਤੇ ਮੁਅੱਤਲੀਆਂ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਵੀ ਸਰਕਾਰ ਖਿਲਾਫ ਡਟ ਗਏ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਸਕੂਲਾਂ ਨੂੰ ਪਿੰਡਾਂ ਵਾਲਿਆਂ ਨੇ ਜ਼ਿੰਦਰੇ ਮਾਰ ਦਿੱਤਾ ਹਨ ਜਿਸ ਕਰਕੇ ਸਿੱਖਿਆ ਪ੍ਰਬੰਧ ਲੜਖੜਾ ਗਿਆ ਹੈ। ਦਰਅਸਲ ਕ੍ਰਿਸ਼ਨ ਕੁਮਾਰ ਸਖਤੀ ਨਾਲ ਹੁਕਮ ਮਨਵਾਉਣ ਵਾਲੇ ਅਫਸਰ ਵਜੋਂ ਜਾਣੇ ਜਾਂਦੇ ਹਨ। ਪਿਛਲੀ ਅਕਾਲੀ ਦਲ-ਬੀਜੇਪੀ ਦੀ ਸਰਕਾਰ ਵੇਲੇ ਵੀ ਉਨ੍ਹਾਂ ਦੀ ਸਖਤੀ ਨੇ ਕਈ ਪੁਆੜੇ ਖੜ੍ਹੇ ਕਰ ਦਿੱਤੇ ਸਨ। ਇਸ ਕਰਕੇ ਉਸ ਵੇਲੇ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਉਨ੍ਹਾਂ ਦੀ ਖੜਕ ਗਈ ਸੀ। ਸੇਖਵਾਂ ਦੇ ਵਿਰੋਧ ਕਾਰਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕ੍ਰਿਸ਼ਨ ਕੁਮਾਰ ਦੀ ਛੁੱਟੀ ਕਰ ਦਿੱਤੀ ਸੀ। ਹਾਲਾਤ ਫਿਰ ਓਹੀ ਬਣ ਗਏ ਹਨ। ਅਧਿਆਪਕ ਜਥੇਬੰਦੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਹਟਾਉਣ ਦੀ ਮੰਗ ਕਰ ਰਹੀਆਂ ਹਨ।

ਪਤਾ ਲੱਗਾ ਹੈ ਕਿ ਅਧਿਆਪਕ ਮੋਰਚਾ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਮੀਟਿੰਗ ਉਡੀਕ ਰਿਹਾ ਹੈ। ਇਸ ਮੀਟਿੰਗ ਵਿੱਚ ਹੋਰ ਮਸਲਿਆਂ ਦੇ ਨਾਲ-ਨਾਲ ਕ੍ਰਿਸ਼ਨ ਕੁਮਾਰ ਦੀ ਸਖਤੀ ਅਹਿਮ ਮੁੱਦਾ ਰਹੇਗਾ। ਪੰਜਾਬ ਸਰਕਾਰ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਪ੍ਰਬੰਧ ਸੁਧਾਰਨ ਲਈ ਦਿੱਲੀ ਤੋਂ ਵਾਪਸ ਲੈ ਕੇ ਆਈ ਸੀ ਪਰ ਪਿਛਲੇ ਸਮੇਂ ਦੌਰਾਨ ਸਿੱਖਿਆ ਮਹਿਕਮਾ ਸਭ ਤੋਂ ਵੱਧ ਵਿਵਾਦਾਂ ਵਿੱਚ ਘਿਰਿਆ ਹੈ।ਸਾਂਝਾ ਅਧਿਆਪਕ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਕੋਈ ਹੱਲ਼ ਨਾ ਨਿਕਲਿਆ ਤਾਂ ਆਰਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਏਗਾ। ਸਾਰੇ ਪ੍ਰੋਜੈਕਟ ਠੱਪ ਕਰ ਦਿੱਤੇ ਜਾਣਗੇ। ਮਾਪਿਆਂ ਨਾਲ ਮਿਲ ਕੇ ਸਕੂਲਾਂ ਨੂੰ ਜ਼ਿੰਦਰੇ ਲਾ ਦਿੱਤੇ ਜਾਣਗੇ।

ਉਧਰ, ਅਧਿਆਪਕਾਂ ਨੇ ਅੱਜ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੰਤਰੀ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਬਲਬੀਰ ਸਿੱਧੂ ਨੂੰ ਮਿਲ ਕੇ ਮੈਮੋਰੰਡਮ ਦਿੱਤੇ ਹਨ। ਅਧਿਆਪਕ ਸਥਾਨਕ ਲੀਡਰਾਂ ‘ਤੇ ਵੀ ਦਬਾਅ ਬਣਾ ਰਹੇ ਹਨ। ਕਿਸਾਨ ਤੇ ਮਜ਼ਦੂਰ ਯੂਨੀਅਨਾਂ ਨਾਲ ਸਾਰੇ ਮਾਮਲੇ ਪਿੰਡਾਂ ਦੀਆਂ ਗਲੀਆਂ ਵਿੱਚ ਲਿਜਾਏ ਜਾ ਰਹੇ ਹਨ। ਇਸ ਤਰ੍ਹਾਂ ਅਧਿਆਪਕ ਯੂਨੀਅਨਾਂ ਨੇ ਵੋਟ ਬੈਂਕ ‘ਤੇ ਸੱਟ ਮਾਰਨ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਇਸ ਕਰਕੇ ਸਥਾਨਕ ਲੀਡਰ ਦੁਖੀ ਹਨ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਕੈਪਟਨ ਨਾਲ ਗੱਲ ਸਿਰੇ ਨਾ ਚੜ੍ਹੀ ਤਾਂ ਅਧਿਆਪਕ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰ ਸਕਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕ੍ਰਿਸ਼ਨ ਨੇ ਉਲਝਾਇਆ ਕੈਪਟਨ ਸਰਕਾਰ ਦਾ ਤਾਣਾਬਾਣਾ !