ਕਰਤਾਰਪੁਰ ਸਾਹਿਬ ਲਾਂਘੇ ‘ਤੇ ਕਾਂਗਰਸ ਤੇ ਅਕਾਲੀ ਦਲ ਦਾ ਡਰਾਮਾ


ਗੁਰਦਾਸਪੁਰ, 26 ਨਵੰਬਰ (ਏਜੰਸੀ) : ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਸਿਆਸਤਦਾਨਾਂ ਦੀ ਤਿਕੜਮਬਾਜ਼ੀ ਨੇ ਮਾਹੌਲ ਨਮੋਸ਼ੀ ਵਾਲਾ ਬਣਾ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨੇ ਲਾਏ ਤੇ ਕਾਂਗਰਸ ਪ੍ਰਧਾਨ ਨੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀ ਦਲ ਨੂੰ ਘੇਰਿਆ। ਇਸ ਮੌਕੇ ਉੱਪ ਰਾਸ਼ਟਰਪਤੀ ਦਾ ਹਾਜ਼ਰੀ ਵਿੱਚ ਹੀ ਨਾਅਰੇਬਾਜ਼ੀ ਵੀ ਹੋਈ। ਅਕਾਲੀਆਂ ਨੇ ਤਾਂ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਵਾਕਆਊਟ ਹੀ ਕਰ ਦਿੱਤਾ। ਦਰਅਸਲ ਸਮਾਗਮ ਵਿੱਚ ਸੁਖਬੀਰ ਬਾਦਲ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ ਗਿਆ। ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਨੇ ਮੋਰਚਾ ਸੰਭਾਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਇਸ ਮਗਰੋਂ ਜੋਸ਼ ‘ਚ ਆਉਂਦਿਆਂ ਹਰਸਿਮਰਤ ਨੇ ਕਾਂਗਰਸ ਕਾਂਗਰਸੀਆਂ ਨੂੰ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸਟੇਜ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਵੀ ਪਰਵਾਹ ਨਾ ਕੀਤੀ।

ਹਰਸਿਮਰਤ ਬਾਦਲ ਨੇ ਚੁਰਾਸੀ ਕਤਲੇਆਮ ਮਾਮਲਿਆਂ ਵਿੱਚ ਵੱਡੇ ਮਗਰਮੱਛਾਂ ਨੂੰ ਫਾਹੇ ਲਾਉਣ ਦੀ ਮੰਗ ਕੇਂਦਰ ਸਰਕਾਰ ਅੱਗੇ ਦੁਹਰਾਈ। ਉਨ੍ਹਾਂ ਨੇ ਨਾਲ ਹੀ ਕਾਂਗਰਸ ਦੀਆਂ ਸਰਕਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਲਈ ਦੋਸ਼ੀ ਗਰਦਾਨਿਆ ਤੇ ਕਾਂਗਰਸ ਉੱਪਰ ਜ਼ਬਰਦਸਤ ਹਮਲੇ ਕੀਤੇ। ਮਾਮਲੇ ਉਸ ਵੇਲੇ ਗਰਮਾ ਗਿਆ ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਉਹ ਤੁਰੰਤ ਸਟੇਜ ‘ਤੇ ਵਾਪਸ ਪਰਤੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਉਨ੍ਹਾਂ ਨੇ ਹਰਸਿਮਰਤ ਵੱਲੋਂ ਕੀਤੀ ਤਿੱਖੀ ਬਿਆਨਬਾਜ਼ੀ ਦਾ ਨੋਟਿਸ ਲੈਣ ਦਾ ਜ਼ਿਕਰ ਕੀਤਾ। ਰੰਧਾਵਾ ਇੰਨੇ ਗੁੱਸੇ ਨਜ਼ਰ ਆਏ ਕਿ ਉਨ੍ਹਾਂ ਨੂੰ ਇੱਕ ਮਿੰਟ ਵੀ ਚੈਨ ਨਾਲ ਬੈਠਣਾ ਮੁਨਾਸਬ ਨਹੀਂ ਲੱਗਾ।

ਇਸ ਮਗਰੋਂ ਵਾਰੀ ਆਈ ਕਾਂਗਰਸ ਦੀ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦਾ ਦੁਖਦੀ ਰਗ ਛੇੜ ਦਿੱਤੀ। ਜਾਖੜ ਨੇ ਰੰਧਾਵਾ ਦੇ ਹੱਕ ਵਿੱਚ ਨਿੱਤਰਦਿਆਂ ਕਿਹਾ ਕਿ ਅੱਜ ਇਸ ਸਟੇਜ ਤੋਂ ਜਿਨ੍ਹਾਂ ਮਗਰਮੱਛਾਂ ਦੀ ਗੱਲ ਹੋਈ ਹੈ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚੋਂ ਕਿਸੇ ਕਿਸਮ ਦੇ ਵੀ ਮਗਰਮੱਛ ਇੱਕ ਮਹੀਨੇ ਤੱਕ ਨਹੀਂ ਲੱਭਣਗੇ ਭਾਵੇਂ ਉਹ ਚਿੱਟੇ ਦੇ ਵਪਾਰੀ ਹੋਣ ਜਾਂ ਜੋ ਮਰਜ਼ੀ। ਜਾਖੜ ਦੇ ਇਸ ਹਮਲੇ ਦਾ ਸਭ ਤੋਂ ਵੱਧ ਗੁੱਸਾ ਹਰਸਿੰਰਤ ਬਾਦਲ ਦੇ ਭਰਾ ਬਿਕਰਮ ਮਜੀਠੀਆ ਨੂੰ ਲੱਗਾ। ਪੰਡਾਲ ਵਿੱਚ ਬੈਠੇ ਬਿਕਰਮ ਮਜੀਠੀਆ ਨੇ ਸੁਨੀਲ ਜਾਖੜ ਨੂੰ ਅੱਖਾਂ ਦਿਖਾਉਂਦਿਆਂ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੰਡਾਲ ਵਿੱਚ ਬਿਕਰਮ ਮਜੀਠੀਆ ਦੇ ਨਾਲ ਬੈਠੇ ਬਾਕੀ ਅਕਾਲੀਆਂ ਨੇ ਵੀ ਨਾਅਰੇਬਾਜ਼ੀ ਦਾ ਜਵਾਬ ਦਿੱਤਾ। ਮਾਹੌਲ ਪੂਰੀ ਤਰ੍ਹਾਂ ਤਲਖੀ ਵਾਲਾ ਬਣ ਗਿਆ ਤੇ ਪੁਲਿਸ ਨੂੰ ਇਕਦਮ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੂੰ ਸਥਿਤੀ ਕਾਬੂ ਕਰਨ ਲਈ ਕਾਫੀ ਜਦੋ ਜਹਿਦ ਕਰਨੀ ਪਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਰਤਾਰਪੁਰ ਸਾਹਿਬ ਲਾਂਘੇ ‘ਤੇ ਕਾਂਗਰਸ ਤੇ ਅਕਾਲੀ ਦਲ ਦਾ ਡਰਾਮਾ