ਕਰਤਾਰਪੁਰ ਲਾਂਘਾ : ਉਪ ਰਾਸ਼ਟਰਪਤੀ ਵੱਲੋਂ ਨੀਂਹ ਪੱਥਰ ਅੱਜ


ਚੰਡੀਗੜ੍ਹ, 25 ਨਵੰਬਰ (ਏਜੰਸੀ) : ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ’ਚ ਲਾਂਘਾ ਬਣਾਉਣ ਦੀਆਂ ਤਿਆਰੀਆਂ ਜ਼ੋਰ-ਸ਼ੋਰ ਅਤੇ ਉਤਸ਼ਾਹ ਨਾਲ ਹੋ ਰਹੀਆਂ ਹਨ ਤਾਂ ਇਸ ਮੁੱਦੇ ’ਤੇ ਸਿਆਸਤ ਵੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਦਿਤੇ ਸੱਦਾ ਪੱਤਰ ਨੂੰ ਅਸਵੀਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕੌਮਾਂਤਰੀ ਸਰਹੱਦ ’ਤੇ ਫ਼ੌਜੀਆਂ ਦਾ ਖ਼ੂਨ-ਖ਼ਰਾਬਾ ਬੰਦ ਕੀਤਾ ਜਾਵੇ। ਉਧਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਿਮਰਤਾ ਸਹਿਤ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ।

ਇਸ ਲਾਂਘੇ ਨੂੰ ਖੋਲ੍ਹਣ ਲਈ ਕਰੀਬ ਦੋ ਦਹਾਕਿਆਂ ਤੋਂ ਸਿੱਖ ਸੰਗਤ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ। ਭਲਕੇ 26 ਨਵੰਬਰ ਨੂੰ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਲੇ ਪਾਸੇ ਲਾਂਘੇ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ ਵੀ ਹਾਜ਼ਰ ਰਹਿਣਗੇ। ਲਾਂਘੇ ਦੇ ਖੁੱਲ੍ਹਣ ਨਾਲ ਡੇਰਾ ਬਾਬਾ ਨਾਨਕ ਕਸਬਾ ਦੁਨੀਆ ਦੇ ਨਕਸ਼ੇ ’ਚ ਉਭਰਵੇਂ ਰੂਪ ਵਿਚ ਸ਼ੁਮਾਰ ਹੋ ਜਾਵੇਗਾ ਅਤੇ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਹੋਵੇਗਾ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਸਬੇ ਦੇ ਭਾਗ ਖੁੱਲ੍ਹ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾ ਬਾਬਾ ਨਾਨਕ ਜਿਹੇ ਇਤਿਹਾਸਕ ਕਸਬਿਆਂ ਦੇ ਸੜਕ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪ੍ਰਾਜੈਕਟਾਂ ਨਾਲ ਸਬੰਧਤ ਪੰਜਾਬ ਸਰਕਾਰ ਦੀ ਬੇਨਤੀ ਪ੍ਰਵਾਨ ਕਰਨ ਅਤੇ ਸ਼ਰਧਾਲੂਆਂ ਦੇ ਸੌਖੇ ਢੰਗ ਨਾਲ ਕਰਤਾਰਪੁਰ ਪਹੁੰਚਣ ਵਾਸਤੇ ਲਾਂਘਾ ਖੋਲ੍ਹਣ ਲਈ ਉਹ ਕੇਂਦਰ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਧਾਰਮਿਕ ਕਸਬਿਆਂ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿੱਚ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਕੇਂਦਰੀ ਸੜਕ ਫੰਡ ਹੇਠ ਵਾਧੂ 150 ਕਰੋੜ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ 260 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 21.300 ਕਿਲੋਮੀਟਰ ਦਾ ਟੋਟਾ (ਆਰਡੀ 16.800 ਤੋਂ 38.100 ਤੱਕ, ਜੋ ਇਸ ਵੇਲੇ 10 ਮੀਟਰ ਕੈਰੀਵੇਜ ਦੇ ਨਾਲ ਦੋ-ਮਾਰਗੀ ਹੈ) ਚਾਰ-ਮਾਰਗੀ ਕਰਨ ਦੀ ਵੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ।

ਇਹ ਟੋਟਾ ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ ਦਾ ਹਿੱਸਾ ਹੈ। ਮੁੱਖ ਮੰਤਰੀ ਨੇ ਤਰਨ ਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ ਸੜਕ ਨੂੰ ਤੁਰੰਤ ਨੈਸ਼ਨਲ ਹਾਈਵੇਅ ਐਲਾਨਣ ਲਈ ਵੀ ਜ਼ੋਰ ਪਾਇਆ ਹੈ ਕਿਉਂਕਿ ਇਹ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਹੈ ਅਤੇ ਸੁਲਤਾਨਪੁਰ ਲੋਧੀ ਨੂੰ ਅੰਮ੍ਰਿਤਸਰ ਨਾਲ ਜੋੜਦਾ ਹੈ। ਇਸ ਨੂੰ ਰਾਸ਼ਟਰੀ ਹਾਈਵੇਅ ਐਲਾਨਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਲਿਖੇ ਪੱਤਰ ’ਚ ਕਿਹਾ,‘‘ਮੈਂ 28 ਨਵੰਬਰ ਨੂੰ ਕਰਤਾਰਪੁਰ ਸਹਿਬ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਨਿੱਘੇ ਸੱਦੇ ਨੂੰ ਤਹਿ ਦਿਲੋਂ ਸਵੀਕਾਰ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਅੱਗੇ ਹੋ ਕੇ ਇਹ ਪਹਿਲਾ ਕਦਮ ਚੁੱਕਿਆ ਹੈ ਅਤੇ ਇਹ ਕਦਮ ਪੁਰਾਣੇ ਮਤਭੇਦ ਭੁਲਾ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਿਲ ਅਤੇ ਦਿਮਾਗ ਦੇ ਦਰਵਾਜ਼ੇ ਖੋਲ੍ਹਣ ਲਈ ਵਧੇਰੇ ਅਹਿਮ ਸਿੱਧ ਹੋਵੇਗਾ। ਇਹ ਕਦਮ ਖੁਸ਼ਹਾਲੀ ਅਤੇ ਸ਼ਾਂਤੀ ਦੇ ਰਾਹ ’ਤੇ ਚੱਲਣ ਲਈ ਸੇਧ ਪ੍ਰਦਾਨ ਕਰੇਗਾ।

ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਵਿੱਚ ਧਾਰਮਿਕ ਰਹੁ-ਰੀਤਾਂ ਮੁਤਾਬਕ ਸ਼ਬਦ ਗਾਇਨ ਕਰਦੇ ਹੋਏ ਸ਼ਾਮਲ ਹੋਣਗੇ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਦੀ ਹਿੰਮਤ ਸਦਕਾ ਸਿੱਖ ਸੰਗਤ ਦੀ ਚਿਰੋਕਣੀ ਮੰਗ ਪੁੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 26 ਨਵੰਬਰ ਨੂੰ ਸਵੇਰੇ 8 ਵਜੇ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਪਹੁੰਚਣਗੇ ਜਿੱਥੇ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ। ਇਸ ਉਪਰੰਤ ਸੰਗਤ ਸ਼ਬਦ ਗਾਇਨ ਕਰਦੀ ਹੋਈ ਪੈਦਲ ਨੀਂਹ ਪੱਥਰ ਵਾਲੇ ਸਮਾਗਮ ਵਿੱਚ ਸ਼ਾਮਲ ਹੋਵੇਗੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਆਗੂ ਵੀ ਹਾਜ਼ਰ ਰਹਿਣਗੇ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਰਤਾਰਪੁਰ ਲਾਂਘਾ : ਉਪ ਰਾਸ਼ਟਰਪਤੀ ਵੱਲੋਂ ਨੀਂਹ ਪੱਥਰ ਅੱਜ