ਬ੍ਰਹਮਪੁਰਾ ਦੀ ਅਗਵਾਈ ਹੇਠ ਮਾਝੇ ਦੇ ਅਕਾਲੀ ਆਗੂ ਹੋਏ ਇਕਜੁੱਟ


ਅੰਮ੍ਰਿਤਸਰ, 30 ਸਤੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਅੱਜ ਇਥੇ ਮਾਝੇ ਦੇ ਕੁਝ ਸੀਨੀਅਰ ਅਕਾਲੀ ਆਗੂਆਂ ਨੇ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਿਚ ‘ਸਭ ਅੱਛਾ ਨਹੀਂ ਹੈ’। ਇਨ੍ਹਾਂ ਪੰਥਕ ਜਮਾਤਾਂ ਵਿਚ ਆਈਆਂ ਊਣਤਾਈਆਂ ਨੂੰ ਦੂਰ ਕਰਨ ਦੀ ਲੋੜ ਹੈ। ਅੱਜ ਇਥੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਘਰੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਇਕੱਠੇ ਹੋਏ ਹਨ। ਇਨ੍ਹਾਂ ਨੇ ਜਿਥੇ ਆਪਸੀ ਮਤਭੇਦ ਦੂਰ ਕੀਤੇ ਹਨ, ਉਥੇ ਮਾਝੇ ਦੇ ਟਕਸਾਲੀ ਅਕਾਲੀਆਂ ਨੂੰ ਮੁੜ ਇਕ ਮੰਚ ਤੇ ਲਿਆਉਣ ਦਾ ਵੀ ਯਤਨ ਕੀਤਾ ਹੈ। ਪਿਛਲੇ ਕਈ ਵਰਿਆਂ ਤੋਂ ਡਾ. ਰਤਨ ਸਿੰਘ ਅਜਨਾਲਾ ਦੀ ਪਾਰਟੀ ਨਾਲ ਦੂਰੀ ਬਣੀ ਹੋਈ ਸੀ ਅਤੇ ਉਹ ਘਰ ਬੈਠੇ ਸਨ।

ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਮਾਝੇ ਦੇ ਅਕਾਲੀ ਆਗੂ ਇਕੱਠੇ ਹੋਏ ਹਨ ਅਤੇ ਜਲਦੀ ਹੀ ਪੰਜ ਸੱਤ ਦਿਨਾਂ ਬਾਅਦ ਮੁੜ ਮੀਟਿੰਗ ਕਰਨਗੇ। ਮੌਜੂਦਾ ਪ੍ਰਸਥਿਤੀਆਂ ਨੂੰ ਵਿਚਾਰਨ ਮਗਰੋਂ ਲੋੜ ਮੁਤਾਬਕ ਮਾਮਲਾ ਪਾਰਟੀ ਕੋਲ ਵੀ ਰੱਖਿਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨੂੰ ਉਨ੍ਹਾਂ ਪਾਰਟੀ ਲਈ ਵੱਡਾ ਝਟਕਾ ਕਰਾਰ ਦਿੱਤਾ। ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਪੰਥਕ ਜਮਾਤਾਂ ਵਿਚ ਕੁਝ ਊਣਤਾਈਆਂ ਆਈਆਂ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਕਾਰਨਾਂ ਕਰਕੇ ਊਣਤਾਈਆਂ ਆਈਆਂ ਹਨ, ਉਹ ਕਾਰਨਾਂ ਨੂੰ ਦੂਰ ਕੀਤਾ ਜਾਵੇਗਾ। ਪਾਰਟੀ ਤੋਂ ਅਸਤੀਫਾ ਦੇਣ ਦੀਆਂ ਕਿਆਸਰਾਈਆਂ ਨੂੰ ਰੱਦ ਕਰਦਿਆਂ ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ ਅਤੇ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ ਪਰ ਇਸ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਲਈ ਯਤਨ ਕਰਨਗੇ। ਇਨ੍ਹਾਂ ਕਮੀਆਂ ਲਈ ਕੌਣ ਜ਼ਿੰਮੇਵਾਰ ਹੈ, ਸਬੰਧੀ ਸਵਾਲ ਦਾ ਉੱਤਰ ਦੇਣ ਤੋਂ ਉਨ੍ਹਾਂ ਟਾਲਾ ਵੱਟ ਲਿਆ।

ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਬ੍ਰਹਮਪੁਰਾ ਤੇ ਸ੍ਰੀ ਸੇਖਵਾਂ ਨੇ ਕੋਈ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ। ਪਰ ਉਨ੍ਹਾਂ ਆਖਿਆ ਕਿ ਕਿਸੇ ਵੀ ਸਿਆਸੀ ਪਾਰਟੀ ਵਿਚ ਹਮੇਸ਼ਾਂ ਸਭ ਠੀਕ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਨਹੀਂ ਹੋਣ ਦੇਣਗੇ। ਉਨ੍ਹਾਂ ਲਈ ਪਾਰਟੀ ਪਹਿਲਾਂ ਹੈ ਜਦੋਂਕਿ ਪ੍ਰਧਾਨ ਆਉਂਦੇ ਜਾਂਦੇ ਰਹੇ ਹਨ। ਸ੍ਰੀ ਬ੍ਰਹਮਪੁਰਾ ਨੇ ਵੀ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਅਗਲੇ ਕੁਝ ਦਿਨਾਂ ਵਿਚ ਮੌਜੂਦਾ ਪ੍ਰਸਥਿਤੀਆਂ ’ਤੇ ਮੁੜ ਵਿਚਾਰ ਕੀਤਾ ਜਾਵੇਗਾ।

ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਅਕਾਲੀ ਆਗੂਆਂ ਦੀ ਇਸ ਮੀਟਿੰਗ ਵਿਚ ਪਾਰਟੀ ਦੀਆਂ ਕੁਝ ਨੀਤੀਆਂ ਤੇ ਸਖ਼ਤ ਇਤਰਾਜ਼ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਇਕ ਅਕਾਲੀ ਆਗੂ ਅਸਤੀਫ਼ਾ ਦੇਣ ਲਈ ਵੀ ਤਿਆਰ ਸੀ ਪਰ ਹੋਰਨਾਂ ਆਗੂਆਂ ਨੇ ਫਿਲਹਾਲ ‘ਉਡੀਕ ਕਰੋ ਤੇ ਦੇਖੋ’ ਦੀ ਨੀਤੀ ਅਪਨਾਉਣ ਦੀ ਸਲਾਹ ਦਿੱਤੀ ਹੈ ਜਿਸ ਕਾਰਨ ਇਹ ਮਾਮਲਾ ਅਗਲੀ ਮੀਟਿੰਗ ’ਤੇ ਰੱਖਿਆ ਗਿਆ ਹੈ, ਜਿਸ ਵਿਚ ਮਾਝੇ ਦੇ ਹੋਰ ਅਕਾਲੀ ਆਗੂ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸ੍ਰੀ ਬ੍ਰਹਮਪੁਰਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਨਾਲ ਅਸਹਿਮਤੀ ਅਤੇ ਬਰਗਾੜੀ ਕਾਂਡ ਦਾ ਅਕਾਲੀ ਸਰਕਾਰ ਹੁੰਦਿਆਂ ਵਾਪਰਨ ’ਤੇ ਅਫਸੋਸ ਪ੍ਰਗਟਾਇਆ। ਉਨ੍ਹਾਂ ਦਸਿਆ ਕਿ ਇਹ ਵਿਚਾਰ ਕੈਨੇਡਾ ਦੌਰੇ ਦੌਰਾਨ ਵੀ ਪ੍ਰਗਟਾਅ ਚੁੱਕੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬ੍ਰਹਮਪੁਰਾ ਦੀ ਅਗਵਾਈ ਹੇਠ ਮਾਝੇ ਦੇ ਅਕਾਲੀ ਆਗੂ ਹੋਏ ਇਕਜੁੱਟ