ਟੈਸਟ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ


ਰਾਜਕੋਟ, 6 ਅਕਤੂਬਰ (ਏਜੰਸੀ) : ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਫਾਲੋਆਨ ਨੂੰ ਮਜ਼ਬੂਰ ਹੋਈ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਅੱਜ ਤੀਜੇ ਦਿਨ ਮੈਚ ਸਮਾਪਤ ਕਰਦਿਆਂ ਪਾਰੀ ਅਤੇ 272 ਦੌੜਾਂ ਨਾਲ ਆਪਣੇ ਟੈਸਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ। ਭਾਰਤ ਨੇ ਇਸੇ ਸਾਲ ਅਫ਼ਗਾਨਿਸਤਾਨ ਖ਼ਿਲਾਫ਼ ਬੰਗਲੌਰ ਵਿੱਚ ਖੇਡੇ ਗਏ ਇੱਕੋ-ਇੱਕ ਟੈਸਟ ਵਿੱਚ ਪਾਰੀ ਅਤੇ 262 ਦੌੜਾਂ ਨਾਲ ਟੈਸਟ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਉਥੇ ਵੈਸਟ ਇੰਡੀਜ਼ ਖ਼ਿਲਾਫ਼ ਇਹ ਭਾਰਤ ਦੀ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਵੀ ਹੈ। ਭਾਰਤ ਨੇ ਆਖ਼ਰੀ ਵਾਰ ਵੈਸਟ ਇੰਡੀਜ਼ ਨੂੰ ਨਵੰਬਰ 2013 ਵਿੱਚ ਮੁੰਬਈ ਵਿੱਚ ਪਾਰੀ ਅਤੇ 126 ਦੌੜਾਂ ਨਾਲ ਹਰਾਇਆ ਸੀ।

ਭਾਰਤ ਨੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 649 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ ਸੀ, ਪਰ ਇਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਤੀਜੇ ਦਿਨ ਲੰਚ ਤੋਂ ਪਹਿਲਾਂ ਹੀ 48 ਓਵਰਾਂ ਵਿੱਚ 181 ਦੌੜਾਂ ’ਤੇ ਢੇਰ ਹੋ ਗਈ। ਮਹਿਮਾਨ ਟੀਮ ਭਾਰਤ ਦੇ ਸਕੋਰ ਤੋਂ 468 ਦੌੜਾਂ ਪਿੱਛੇ ਰਹਿ ਗਈ, ਜਿਸ ਮਗਰੋਂ ਉਸ ਨੂੰ ਫਾਲੋਆਨ ਕਰਨਾ ਪਿਆ। ਵੈਸਟ ਇੰਡੀਜ਼ ਦਿਨ ਦੇ ਲਗਪਗ 18 ਓਵਰ ਰਹਿੰਦਿਆਂ ਹੀ 50.5 ਓਵਰਾਂ ਵਿੱਚ 196 ਦੌੜਾਂ ’ਤੇ ਢੇਰ ਹੋ ਗਈ।

ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਵੈਸਟ ਇੰਡੀਜ਼ ਦੀ ਦੂਜੀ ਪਾਰੀ ਵਿੱਚ 57 ਦੌੜਾਂ ਦੇ ਕੇ ਪੰਜ ਵਿਕਟਾਂ ਦੀ ਆਪਣੀ ਸਰਵੋਤਮ ਗੇਂਦਬਾਜ਼ੀ ਕੀਤੀ। ਪਹਿਲੀ ਵਾਰ ਕਰੀਅਰ ਵਿੱਚ ਪਾਰੀ ਦੌਰਾਨ ਪੰਜ ਵਿਕਟਾਂ ਦੀ ਉਪਲਬਧੀ ਹਾਸਲ ਕੀਤੀ। ਉਸ ਨੇ ਮੈਚ ਵਿੱਚ ਕੁੱਲ ਛੇ ਵਿਕਟਾਂ ਲਈਆਂ, ਜੋ ਉਸ ਦਾ ਸਰਵੋਤਮ ਟੈਸਟ ਪ੍ਰਦਰਸ਼ਨ ਵੀ ਹੈ। ਆਪਣਾ ਪਹਿਲਾ ਟੈਸਟ ਸੈਂਕੜਾ ਮਾਰਨ ਵਾਲੇ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਨੇ ਸ਼ਰਮਨ ਲੂਈਸ (ਚਾਰ) ਅਤੇ ਸ਼ੈਨਨ ਗੈਬਰੀਅਲ (ਚਾਰ) ਦੀਆਂ ਵਿਕਟਾਂ ਲੈ ਕੇ ਵਿੰਡੀਜ਼ ਦੀ ਪਾਰੀ ਨੂੰ ਜਾਮ ਕਰ ਦਿੱਤਾ। ਉਸ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਪਹਿਲੀ ਪਾਰੀ ਵਿੱਚ 37 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ਵਾਲੇ ਫ਼ਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਦੋ ਵਿਕਟਾਂ ਮਿਲੀਆਂ।

ਵੈਸਟ ਇੰਡੀਜ਼ ਦੀ ਦੂਜੀ ਪਾਰੀ ਵਿੱਚ ਕਪਤਾਨ ਕਾਰਲੋਸ ਬ੍ਰੈਥਵੇਟ (ਦਸ) ਦੇ ਛੇਤੀ ਆਊਟ ਹੋਣ ਮਗਰੋਂ ਕੀਰਨ ਪਾਵੈਲ ਨੇ 93 ਗੇਂਦਾਂ ਵਿੱਚ 83 ਦੌੜਾਂ ਦੀ ਨੀਮ ਸੈਂਕੜਾ ਪਾਰੀ ਖੇਡੀ। ਵੈਸਟ ਇੰਡੀਜ਼ ਦਾ ਕੋਈ ਬੱਲੇਬਾਜ਼ ਉਸ ਦੇ ਨਾਲ ਟਿਕ ਨਹੀਂ ਸਕਿਆ। ਰੋਸਟਨ ਚੇਜ਼ 20 ਦੌੜਾਂ ਬਣਾ ਕੇ ਦੂਜਾ ਵੱਡਾ ਸਕੋਰਰ ਰਿਹਾ। ਬ੍ਰੈਥਵੇਟ ਨੂੰ ਅਸ਼ਵਿਨ ਨੇ ਆਊਟ ਕੀਤਾ, ਜਦਕਿ ਬਾਕੀ ਦੇ ਪੰਜਾਂ ਬੱਲੇਬਾਜ਼ਾਂ ਨੂੰ ਕੁਲਦੀਪ ਨੇ ਪਵੇਲੀਅਨ ਭੇਜਿਆ। ਭਾਰਤ ਨੇ ਵੈਸਟ ਇੰਡਜ਼ ਖ਼ਿਲਾਫ਼ ਪਹਿਲਾ ਮੈਚ ਸਿਰਫ਼ ਤਿੰਨ ਦਿਨਾਂ ਦੇ ਅੰਦਰ ਜਿੱਤਣ ਨਾਲ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਇਕਪਾਸੜ ਇਸ ਮੈਚ ਵਿੱਚ ਬੱਲੇਬਾਜ਼ਾਂ ਨੇ ਜਿੱਤ ਦੀ ਨੀਂਹ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਸਲਾਮੀ ਬੱਲੇਬਾਜ਼ੀ ਅਤੇ ਪਲੇਠਾ ਟੈਸਟ ਮੈਚ ਖੇਡ ਰਹੇ ਪ੍ਰਿਥਵੀ ਸ਼ਾਅ ਨੇ 134 ਦੌੜਾਂ ਦੀ ਸੈਂਕੜਾ ਪਾਰੀ ਖੇਡੀ। 18 ਸਾਲ ਦੇ ਪ੍ਰਿਥਵੀ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।

ਕਪਤਾਨ ਵਿਰਾਟ ਕੋਹਲੀ ਨੇ 139 ਦੌੜਾਂ ਬਣਾਈਆਂ, ਜਿਸ ਦੇ ਨਾਲ ਉਹ ਡਾਨ ਬ੍ਰੈਡਮੈਨ ਮਗਰੋਂ 24ਵਾਂ ਸਭ ਤੋਂ ਤੇਜ਼ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਦੂਜਾ ਖਿਡਾਰੀ ਵੀ ਬਣ ਗਿਆ ਹੈ। ਇਸ ਤੋਂ ਇਲਾਵਾ ਹਰਫ਼ਨਮੌਲਾ ਜਡੇਜਾ ਨੇ ਆਪਣੇ ਘਰੇਲੂ ਮੈਦਾਨ ’ਤੇ ਨਾਬਾਦ 100 ਦੌੜਾਂ ਨਾਲ ਆਪਣਾ ਪਹਿਲਾ ਟੈਸਟ ਸੈਂਕੜਾ ਮਾਰਿਆ, ਜਦਕਿ ਚੇਤੇਸ਼ਵਰ ਪੁਜਾਰਾ ਨੇ 86 ਅਤੇ ਰਿਸ਼ਭ ਪੰਤ ਨੇ 92 ਦੌੜਾਂ ਦਾ ਯੋਗਦਾਨ ਪਾਇਆ। ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ’ਤੇ ਖੇਡੇ ਜਾ ਰਹੇ ਮੈਚ ਵਿੱਚ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਦੀ ਖ਼ਰਾਬ ਸ਼ੁਰੂਆਤ ਰਹੀ ਸੀ ਅਤੇ ਉਸ ਨੇ ਕੱਲ੍ਹ ਹੀ 94 ਦੌੜਾਂ ’ਤੇ ਆਪਣੀਆਂ ਛੇ ਵਿਕਟਾਂ ਗੁਆ ਲਈਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੈਸਟ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ