ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ


ਚੰਡੀਗੜ੍ਹ, 29 ਸਤੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਪੱਤਰ ਰਾਹੀਂ ਕਿਹਾ ਹੈ ਕਿ ਉਹ ਇੱਕ ਮੈਂਬਰ ਵਜੋਂ ਕੰਮ ਕਰਦੇ ਰਹਿਣਗੇ। ਸੀਨੀਅਰ ਅਕਾਲੀ ਆਗੂ ਦਾ ਅਸਤੀਫ਼ਾ ਬਾਦਲ ਪਰਿਵਾਰ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸ੍ਰੀ ਢੀਂਡਸਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ ਤੇ ਇਸ ਸਮੇਂ ਸਭ ਤੋਂ ਸੀਨੀਅਰ ਤੇ ਪ੍ਰਭਾਵਸ਼ਾਲੀ ਆਗੂਆਂ ਵਿੱਚ ਸ਼ੁਮਾਰ ਹਨ। ਸ੍ਰੀ ਢੀਂਡਸਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਸੂਤਰਾਂ ਦਾ ਦੱਸਣਾ ਹੈ ਕਿ ਅਸਤੀਫ਼ਾ ਦੇਣ ਤੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪਿੰਡ ਬਾਦਲ ਵਿੱਚ ਜਾ ਕੇ ਖਾਸ ਤੌਰ ’ਤੇ ਮੀਟਿੰਗ ਕੀਤੀ ਸੀ। ਉਨ੍ਹਾਂ ਅਸਤੀਫ਼ਾ ਦੇਣ ਦਾ ਕਾਰਨ ਭਾਵੇਂ ਸਿਹਤ ਠੀਕ ਨਾ ਹੋਣਾ ਦੱਸਿਆ ਹੈ ਪਰ ਪਾਰਟੀ ਹਲਕਿਆਂ ਦਾ ਮੰਨਣਾ ਹੈ ਕਿ ਢੀਂਡਸਾ ਦੇ ਦੋਵੇਂ ਬਾਦਲਾਂ ਨਾਲ ਸਬੰਧਾਂ ਵਿੱਚ ਪਿਛਲੇ ਸਮੇਂ ਤੋਂ ਖਟਾਸ ਚੱਲ ਰਹੀ ਸੀ।

ਬਰਗਾੜੀ ਅਤੇ ਕੋਟਕਪੂਰਾ ਕਾਂਡ ਦੀ ਪੜਤਾਲੀਆ ਰਿਪੋਰਟ ਤੋਂ ਚੁਫੇਰਿਓਂ ਘਿਰੇ ਅਕਾਲੀ ਦਲ ਲਈ ਇਹ ਵੱਡਾ ਰਾਜਸੀ ਸੰਕਟ ਮੰਨਿਆ ਜਾ ਰਿਹਾ ਹੈ। ਸ੍ਰੀ ਢੀਂਡਸਾ ਰਾਜ ਸਭਾ ਦੇ ਮੈਂਬਰ ਵੀ ਹਨ ਹਨ ਜਿਸ ਦੀ ਮਿਆਦ ਜੁਲਾਈ 2022 ਵਿੱਚ ਪੂਰੀ ਹੋਣੀ ਹੈ। ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੀ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸਨ। ਵੱਡੇ ਬਾਦਲ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ ਤੇ ਪਾਰਟੀ ਦੀ ਵਾਗਡੋਰ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੀ ਮੰਨੀ ਜਾਂਦੀ ਹੈ। ਇਸ ਕਰ ਕੇ ਟਕਸਾਲੀ ਨੇਤਾ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਸਨ। ਚੰਡੀਗੜ੍ਹ ਵਿੱਚ ਹੋਈਆਂ ਕਈ ਗ਼ੈਰ-ਰਸਮੀ ਮੀਟਿੰਗਾਂ ਦੌਰਾਨ ਇਨ੍ਹਾਂ ਨੁਕਤਿਆਂ ’ਤੇ ਚਰਚਾ ਵੀ ਹੋ ਚੁੱਕੀ ਹੈ। ਇਸ ਮੁੱਦੇ ’ਤੇ ਵੀ ਚਰਚਾ ਹੋਈ ਸੀ ਕਿ ਜਦੋਂ ਸੀਨੀਅਰ ਲੀਡਰਸ਼ਿਪ ਦਾ ਮੁੱਦਾ ਵਿਚਾਰਨ ਦੀ ਨੌਬਤ ਆਉਂਦੀ ਹੈ ਤਾਂ ਵੱਡੇ ਬਾਦਲ ਛੋਟੇ ਬਾਦਲ ਨਾਲ ਵਿਚਾਰ ਕਰਨ ਦੀ ਨਸੀਹਤ ਦੇ ਛੱਡਦੇ ਹਨ ਤੇ ਜਦੋਂ ਸੁਖਬੀਰ ਲਈ ਚੁਣੌਤੀਆਂ ਦਾ ਸਮਾਂ ਆਉਂਦਾ ਹੈ ਤਾਂ ਉਹ ਝੱਟ ਸੰਕਟ ਮੋਚਕ ਬਣ ਕੇ ਮੈਦਾਨ ਵਿੱਚ ਨਿੱਤਰ ਆਉਂਦੇ ਹਨ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਵੱਡੇ ਬਾਦਲ ਸਿਰਫ਼ ਸੁਖਬੀਰ ਦੇ ਪਿਤਾ ਵਾਲੀ ਭੂਮਿਕਾ ਨਿਭਾਉਂਦੇ ਹਨ ਨਾ ਕਿ ਸੀਨੀਅਰ ਨੇਤਾ ਤੇ ਪਾਰਟੀ ਦੇ ਸੰਕਟ ਦਾ ਨਿਵਾਰਨ ਲਈ। ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਪਾਰਟੀ ਸਿਆਸੀ ਸੰਕਟ ਵਿੱਚ ਘਿਰਦੀ ਹੈ ਤਾਂ ਟਕਸਾਲੀ ਨੇਤਾਵਾਂ ਨੂੰ ਮੂਹਰੇ ਲਾ ਦਿੱਤਾ ਜਾਂਦਾ ਹੈ ਤੇ ਆਮ ਹਾਲਾਤ ਵਿੱਚ ਹਰ ਥਾਂ ਬਾਦਲ ਪਰਿਵਾਰ ਹੀ ਮੋਹਰੀ ਹੁੰਦਾ ਹੈ।

ਪੰਜਾਬ ਵਿਧਾਨ ਸਭਾ ਵਿੱਚ 28 ਅਗਸਤ ਨੂੰ ਅਕਾਲੀ-ਭਾਜਪਾ ਸਾਸ਼ਨ ਦੌਰਾਨ ਵਾਪਰੀਆਂ ਘਟਨਾਵਾਂ (ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ) ਦੀ ਪੜਤਾਲੀਆ ਕਮਿਸ਼ਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਉਪਰ ਬਹਿਸ ਹੋਣ ਤੋਂ ਬਾਅਦ ਅਕਾਲੀ ਦਲ ਚੁਫੇਰਿਓਂ ਘਿਰਿਆ ਮਹਿਸੂਸ ਕਰ ਰਿਹਾ ਹੈ ਤੇ ਪਾਰਟੀ ਵਰਕਰਾਂ ਦਾ ਮਨੋਬਲ ਉੱਚਾ ਚੁੱਕਣ ਲਈ ਅਕਾਲੀ ਦਲ ਨੇ ਟਕਰਾਅਪੂਰਨ ਰੈਲੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਅਬੋਹਰ ਅਤੇ ਫ਼ਰੀਦਕੋਟ ਵਿੱਚ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੋਹਾਂ ਰੈਲੀਆਂ ਵਿੱਚ ਸ੍ਰੀ ਢੀਂਡਸਾ ਦੀ ਗੈਰਹਾਜ਼ਰੀ ਰੜਕਦੀ ਰਹੀ ਹੈ। ਇਸੇ ਤਰ੍ਹਾਂ 7 ਅਕਤੂਬਰ ਨੂੰ ਅਕਾਲੀ ਦਲ ਨੇ ਪਟਿਆਲਾ ਵਿੱਚ ਰੈਲੀ ਰੱਖੀ ਹੈ। ਇਸ ਰੈਲੀ ਤੋਂ ਹਫ਼ਤਾ ਪਹਿਲਾਂ ਇੱਕ ਸੀਨੀਅਰ ਆਗੂ ਵੱਲੋਂ ਦਿੱਤਾ ਅਸਤੀਫਾ ਅਕਾਲੀ ਦਲ ਲਈ ਇੱਕ ਹੋਰ ਨਮੋਸ਼ੀ ਦਾ ਅਧਾਰ ਬਣ ਸਕਦਾ ਹੈ। ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਸਿਆਸੀ ਤੌਰ ’ਤੇ ਨੁਕਸਾਨਦੇਹ ਵੀ ਹੋ ਸਕਦੀ ਹੈ। ਸ੍ਰੀ ਢੀਂਡਸਾ ਦਾ ਅਸਤੀਫ਼ਾ ਪਾਰਟੀ ਦਫ਼ਤਰ ਪਹੁੰਚਦਿਆਂ ਹੀ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਕੇ ਮਨਾਉਣ ਦੇ ਯਤਨ ਕੀਤੇ ਪਰ ਡਾ. ਚੀਮਾ ਦੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਨੇਤਾ ਨਾਲ ਮੀਟਿੰਗ ਸੰਭਵ ਨਹੀਂ ਹੋ ਸਕੀ। ਅਕਾਲੀ ਦਲ ਦੇ ਕਈ ਹੋਰ ਨੇਤਾ ਵੀ ਸ੍ਰੀ ਢੀਂਡਸਾ ਨੂੰ ਮਨਾਉਣ ਲਈ ਰੁੱਝੇ ਹੋਏ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ