ਪ੍ਰਧਾਨ ਮੰਤਰੀ ਵੱਲੋਂ ਸਿਹਤ ਯੋਜਨਾ ਆਯੂਸ਼ਮਾਨ ਭਾਰਤ ਦੀ ਸ਼ੁਰੂਆਤ


ਰਾਂਚੀ, 23 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ- ਆਯੂਸ਼ਮਾਨ ਭਾਰਤ ਦਾ ਆਗਾਜ਼ ਕੀਤਾ ਤੇ ਉਨ੍ਹਾਂ ਇਸ ਸਕੀਮ ਦੀ ਗ਼ਰੀਬਾਂ ਦੀ ਸੇਵਾ ਲਈ ਇਕ ਅਹਿਮ ਉਪਰਾਲਾ ਕਰਾਰ ਦੇ ਕੇ ਵਡਿਆਈ ਕੀਤੀ। ਇਹ ਯੋਜਨਾ ਅੱਜ ਤੋਂ ਹੀ ਲਾਗੂ ਕਰ ਦਿੱਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ‘‘ਪੀਐਮਜੇਏਵਾਈ-ਆਯੂਸ਼ਮਾਨ ਦੁਨੀਆ ਵਿੱਚ ਸਰਕਾਰ ਦੀ ਮਦਦ ਨਾਲ ਚੱਲਣ ਵਾਲੀ ਸਭ ਤੋਂ ਵੱਡੀ ਸਿਹਤ ਭਲਾਈ ਦੀ ਸਕੀਮ ਹੈ। ਇਸ ਤਹਿਤ ਲਾਭਪਾਤਰੀਆਂ ਦੀ ਕਰੀਬ 50 ਕਰੋੜ ਦੀ ਸੰਖਿਆ ਕੈਨੇਡਾ, ਮੈਕਸਿਕੋ ਤੇ ਅਮਰੀਕਾ ਦੀ ਕੁੱਲ ਜਨਸੰਖਿਆ ਤੋਂ ਵੱਧ ਹੈ।’’

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਗ਼ਰੀਬਾਂ ਨੂੰ ਅਧਿਕਾਰ ਦੇਣ ਦੀ ਬਜਾਏ ‘ਵੋਟ ਬੈਂਕ ਰਾਜਨੀਤੀ’ ਹੀ ਕਰਦੀਆਂ ਰਹੀਆਂ ਹਨ। ਇਸ ਸਕੀਮ ਤਹਿਤ ਦਿਲ ਦੇ ਰੋਗਾਂ, ਗੁਰਦੇ, ਜਿਗਰ ਤੇ ਸ਼ੂਗਰ ਸਮੇਤ 1300 ਤੋਂ ਵੱਧ ਬਿਮਾਰੀਆਂ ਕਵਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ‘‘ਲੋਕ ਇਸ ਨੂੰ ਮੋਦੀਕੇਅਰ ਜਿਹੇ ਨਾਵਾਂ ਨਾਲ ਵੀ ਪੁਕਾਰਦੇ ਹਨ ਪਰ ਮੇਰੇ ਲਈ ਇਹ ਗ਼ਰੀਬਾਂ ਦੀ ਸੇਵਾ ਦਾ ਮੌਕਾ ਹੈ। ਸਮਾਜ ਦੇ ਸਭ ਤੋਂ ਨਿਚਲੇ ਸਤਰ ’ਤੇ ਰਹਿੰਦੇ ਲੋਕਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ। ਮੈਂ ਦੁਆ ਕਰਦਾ ਹਾਂ ਕਿ ਗ਼ਰੀਬਾਂ ਨੂੰ ਹਸਪਤਾਲ ਜਾਣਾ ਨਾ ਪਵੇ ਪਰ ਜੇ ਜਾਣਾ ਪਵੇ ਤਾਂ ਆਯੂਸ਼ਮਾਨ ਕਵਰ ਉਨ੍ਹਾਂ ਦੀ ਸੇਵਾ ਕਰੇਗਾ। ਮੇਰੇ ਦੇਸ਼ ਦੇ ਗ਼ਰੀਬਾਂ ਨੂੰ ਉਹ ਸਾਰੀਆਂ ਸੇਵਾਵਾਂ ਮਿਲਣ ਜੋ ਅਮੀਰਾਂ ਨੂੰ ਮਿਲਦੀਆਂ ਹਨ।’’

‘‘ਇਹ ਪ੍ਰੋਗਰਾਮ ਲੋਕਾਂ ਅੰਦਰ ਧਰਮ, ਜਾਤ, ਖਿੱਤੇ ਦੇ ਅਧਾਰ ’ਤੇ ਫ਼ਰਕ ਨਹੀਂ ਕਰੇਗਾ। ਹਰ ਯੋਗ ਵਿਅਕਤੀ ਇਹ ਲਾਭ ਹਾਸਲ ਕਰੇਗਾ। ਇਸ ਸਕੀਮ ਲਈ ਕਿਸੇ ਨੂੰ ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਪਵੇਗੀ। ਇਸ ਸਕੀਮ ਦੇ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਇਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਸਕੀਮ ਬਾਰੇ ਹੋਰ ਜਾਣਕਾਰੀ ਲੈਣ ਲਈ ਇਕ ਟੌਲ ਫ੍ਰੀ ਨੰਬਰ ਵੀ ਦਿੱਤਾ ਜਾਵੇਗਾ।’’ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਪੈਨਲ ਵਿਚਲੇ ਹਸਪਤਾਲਾਂ ਤੋਂ ਸੈਕੰਡਰੀ ਤੇ ਟਰਸ਼ਰੀ ਪੱਧਰ ਦੀ ਸਾਂਭ ਵਾਸਤੇ ਪ੍ਰਤੀ ਸਾਲ ਪੰਜ ਲੱਖ ਰੁਪਏ ਦਾ ਕਵਰ ਮਿਲੇਗਾ। ਇਸ ਤਹਿਤ ਪਰਿਵਾਰ ਨੂੰ 12 ਰੁਪਏ ਸਾਲਾਨਾ ਬੀਮਾ ਭਰਨਾ ਪਵੇਗਾ ਤੇ ਉਸ ਨੂੰ ਦੋ ਲੱਖ ਰੁਪਏ ਦਾ ਲਾਭ ਮਿਲੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਧਾਨ ਮੰਤਰੀ ਵੱਲੋਂ ਸਿਹਤ ਯੋਜਨਾ ਆਯੂਸ਼ਮਾਨ ਭਾਰਤ ਦੀ ਸ਼ੁਰੂਆਤ