ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਮੰਡਰਾਂਦੇ ਸੰਕਟ ਦੇ ਬਦਲ!


-ਜਸਵੰਤ ਸਿੰਘ ‘ਅਜੀਤ’
ਬੀਤੇ ਦਿਨੀਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਕਤੂਬਰ-੨੦੧੫ ਦੌਰਾਨ ਕੋਟਕਪੂਰਾ ਵਿੱਚ ਵਾਪਰੇ ਗੋਲੀ-ਕਾਂਡ ਨਾਲ ਸੰਬੰਧਤ ਜੋ ਦੋ ਸੀਸੀਟੀਵੀ ਵੀਡੀਓ ਜਾਰੀ ਕੀਤੇ ਗਏ ਹਨ, ਉਨ੍ਹਾਂ ਨੇ ਪੰਜਾਬ ਦੀ ਸਿੱਖ ਰਾਜਨੀਤੀ ਵਿੱਚਲੀ ਹਲਚਲ ਵਿੱਚ ਬਹੁਤ ਹੀ ਗਰਮੀ ਲੈ ਆਂਦੀ ਹੈ। ਇਨ੍ਹਾਂ ਵੀਡੀਓਜ਼ ਤੋਂ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜੋ ਘਟਨਾਵਾਂ ਇਕ ਤੋਂ ਬਾਅਦ ਇੱਕ ਕਰ ਵਾਪਰਦੀਆਂ ਚਲੀਆ ਜਾ ਰਹੀਆਂ ਸਨ ਅਤੇ ਦੂਜੇ ਪਾਸੇ ਉਨ੍ਹਾਂ ਘਟਨਾਵਾਂ ਲਈ ਜ਼ਿਮੇਂਦਾਰ ਦੋਸ਼ੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿ ਰਹੇ ਸਨ, ਉਨ੍ਹਾਂ ਦੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਤੇ ਗੁੱਸਾ ਪੈਦਾ ਹੋ ਰਿਹਾ ਸੀ। ਇਸੇ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਸਿੱਖਾਂ ਵਲੋਂ ਸ਼ਾਂਤਮਈ ਰਹਿੰਦਿਆਂ ਤੇ ਨਾਮ ਜਪਦਿਆਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਅਜਿਹਾ ਹੀ ਇੱਕ ਰੋਸ ਪ੍ਰਦਰਸ਼ਨ ਕੋਟਕਪੂਰਾ ਦੇ ਬਰਗਾੜੀ ਵਿੱਖੇ ਸੰਗਤਾਂ ਵਲੋਂ ਕੀਤਾ ਜਾ ਰਿਹਾ ਸੀ, ਕਿ ਅਚਾਨਕ ਹੀ ਬਿਨਾਂ ਕਿਸੇ ਤਰ੍ਹਾਂ ਦੀ ਭੜਕਾਹਟ ਦੇ ਪੰਜਾਬ ਪੁਲਿਸ ਵਲੋਂ ਗੋਲੀ ਚਲਾ ਦਿੱਤੀ ਗਈ ਸੀ। ਜਿਸ ਵਿੱਚ ਦੋ ਸਿੱਖ ਸ਼ਹੀਦ ਅਤੇ ਕਈ ਸਿੱਖ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਦਸਿਆ ਗਿਆ ਕਿ ਇਹ ਵੀਡੀਓ ਉਸੇ ਹੀ ਦੁਖਦਾਈ ਘਟਨਾ ਨਾਲ ਸੰਬੰਧਤ ਹਨ। ਇਹ ਵੀਡੀਓ ਜਾਰੀ ਕਰਦਿਆਂ ਸ. ਸਿੱਧੂ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਉਹੀ ਵੀਡੀਓ ਹਨ, ਜੋ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਵਲੋਂ ਬਰਗਾੜੀ ਗੋਲੀ ਕਾਂਡ ਦੀ ਕੀਤੀ ਗਈ ਜਾਂਚ ਦੀ ਪੇਸ਼ ਕੀਤੀ ਗਈ ਰਿਪੋਰਟ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੇ ਗਏ ਹਨ। ਉਨ੍ਹਾਂ ਅਨੁਸਾਰ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਵਾਪਰੀਆਂ ਘਟਨਾਵਾਂ ਅਤੇ ਇਨ੍ਹਾਂ ਘਟਨਾਵਾਂ ਲਈ ਦੋਸ਼ੀਆਂ ਨੂੰ ਪਕੜ ਪਾਣ ਵਿੱਚ ਪੰਜਾਬ ਪੁਲਿਸ ਦੇ ਅਸਫਲ ਰਹਿਣ ਵਿਰੁਧ ਸ਼ਾਂਤੀਪੂਰਣ ਧਰਨਾ ਦੇ, ਨਾਮ ਸਿਮਰਨ ਕਰ ਰਹੀਆਂ ਸਿੱਖ-ਸੰਗਤਾਂ ਪੁਰ ਪੰਜਾਬ ਪੁਲਿਸ ਵਲੋਂ ਬਿਨਾ ਕਿਸੇ ਤਰ੍ਹਾਂ ਦੀ ਭੜਕਾਹਟ ਦੇ ਗੋਲੀ ਚਲਾਈ ਗਈ ਸੀ। ਸ. ਸਿੱਧੂ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਗੋਲੀ ਚਲਾਏ ਜਾਣ ਦਾ ਫੈਸਲਾ, ਘਟਨਾ ਤੋਂ ਪਹਿਲੀ ਰਾਤ, ਦੇਰ ਤਕ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਅਤੇ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿੱਚ ਹੋਈ ਲੰਮੀ ਗਲਬਾਤ ਵਿੱਚ ਕੀਤਾ ਗਿਆ ਸੀ।

ਨਵਜੋਤ ਸਿੰਘ ਸਿੱਧੂ ਵਲੋਂ ਇਹ ਦੋਵੇਂ ਵੀਡੀਓ ਉਸ ਸਮੇਂ ਜਾਰੀ ਕੀਤੇ ਗਏ, ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਸਟਿਸ (ਰਿ) ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਖ ਨੂੰ ਪ੍ਰਭਾਵਤ ਕਰਨ ਦੇ ਉਦੇਸ਼ ਨਾਲ ਕਾਂਗ੍ਰੇਸ ਵਲੋਂ ਇੱਕ ਸੋਚੀ-ਸਮਝੀ ਸਾਜ਼ਸ਼ ਤਹਿਤ ਤਿਆਰ ਕਰਵਾਇਆ, ਕਰਾਰ ਦੇ ਰੱਦ ਕਰ ਦਿੱਤਾ ਗਿਆ ਹੋਇਆ ਹੈ। ਇਸਦੇ ਨਾਲ ਹੀ ਸੰਬੰਧਤ ਘਟਨਾਵਾਂ ਕਾਰਣ ਦਲ ਵਿਰੁਧ ਸਿੱਖਾਂ ਵਿੱਚ ਵੱਧ ਰਹੇ ਰੋਸ ਅਤੇ ਗੁੱਸੇ ਪੁਰ ਕਾਬੂ ਪਾਣ ਲਈ ਅਕਾਲੀ ਦਲ ਵਲੋਂ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੋਇਆ ਹੈ।

ਦਿੱਲੀ ਗੁਰਦੁਆਰਾ ਨੇ ਰੱਦ ਕੀਤੀ ਜਾਂਚ ਰਿਪੋਰਟ : ਇਥੇ ਇਹ ਗਲ ਵਰਨਣਣੋਗ ਹੈ ਕਿ ਇਸਤੋਂ ਪਹਿਲਾਂ ਹੀ ਦਿੱੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਜਾਂਚ ਰਿਪੋਰਟ ਨੂੰ ਰੱਦ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦੀ ‘ਸੱਚਾਈ’ ਨੂੰ ਸਾਹਮਣੇ ਲਿਆਉਣ ਲਈ ਇਸਦੀ ਜਾਂਚ ਸੁਪ੍ਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਪਾਸੋਂ ਕਰਵਾਏ ਜਾਣ ਦੀ ਮੰਗ ਕਰ ਚੁਕੇ ਹੋਏ ਸਨ।

ਸਰਨਾ ਦਲ ਵੀ ਮੈਦਾਨ ਵਿੱਚ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀਆਂ ਇਨ੍ਹਾਂ ਸਰਗਮੀਆਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵਲੋਂ ਦਿੱਲੀ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਹਿਤ ਲਗਭਗ ਸਾਰੇ ਬੁਲਾਰਿਆਂ ਨੇ ਇੱਕ ਅਵਾਜ਼ ਹੋ ਬਾਦਲ ਅਕਾਲੀ ਦੀ ਕੇਂਦਰੀ ਲੀਡਰਸ਼ਿਪ ਪੁਰ ਤਿੱਖੇ ਹਮਲੇ ਕਰਦਿਆਂ, ਜਸਟਿਸ (ਰਿ) ਰਣਜੀਤ ਸਿੰਘ ਦੀ ਜਾਂਚ ਰਿਪੋਰਟ ਦਾ ਸਮਰਥਨ ਕੀਤਾ। ਇਸ ਕਨਵੈਨਸਨ ਵਿੱਚ ਕੁਝ ਮੱਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਬਹੁਤਿਆਂ ਦੇ ਸੁਰ ਬਾਦਲ ਅਕਾਲੀ ਦਲ ਦਾ ਸਮਾਜਕ, ਰਾਜਨੀਤਕ ਅਤੇ ਧਾਰਮਕ ਬਾਈਕਾਟ ਕੀਤੇ ਜਾਣ ਦਾ ਸਦਾ ਦਿੱਤੇ ਜਾਣ ਪੁਰ ਅਧਾਰਤ ਸਨ। ਉਧਰ ਪੰਥਕ ਸੇਵਾ ਦਲ ਨੇ ਵੀ ਇਸ ਮੌਕੇ ਦਾ ਲਾਭ ਉਠਾਣ ਲਈ ਆਪਣੇ ਪ੍ਰਧਾਨ ਕਰਤਾਰ ਸਿੰਘ ਕੋਛੜ ਦੀ ਅਗਵਾਈ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਪੁਰ ਧਰਨਾ ਦਿੱਤਾ। ਜਿਸ ਵਿੱਚ ਧਰਨਾਕਾਰੀਆਂ ਨੇ ਬਾਦਲ ਅਕਾਲੀ ਦਲ ਦਾ ਬਾਈਕਾਟ ਕੀਤੇ ਜਾਣ ਦੀ ਮੰਗ ਨਾਲ ਸੰਬੰਧਤ ਮਾਟੋ ਚੁਕੇ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਅਜਿਹਾ ਹੀ ਇੱਕ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੰਥਕ ਸੇਵਾ ਦਲ ਅਤੇ ਕੁਝ ਹੋਰ ਜਥੇਬੰਦੀਆਂ ਵਲੋਂ ਸਾਂਝੇ ਤੋਰ ਤੇ ਗੁਰਦੁਆਰਾ ਨਾਨਕ ਪਿਆਓ ਦੇ ਬਾਹਰ ਵੀ ਕੀਤਾ ਗਿਆ।

ਸ. ਸ਼ੰਟੀ ਨੇ ਵੀ ਤਿੱਖਾ ਹਮਲਾ ਕਤਾ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕਤੱਰ ਅਤੇ ਵਰਤਮਾਨ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਦਾ ਵਾਪਰਨਾ, ਇਨ੍ਹਾਂ ਘਟਨਾਵਾਂ ਦੇ ਲਈ ਦੋਸ਼ੀਆਂ ਦਾ ਪੰਜਾਬ ਪੁਲਿਸ ਦੀ ਪਕੜ ਦੀ ਪਹੁੰਚ ਤੋਂ ਬਾਹਰ ਰਹਿਣਾ ਅਤੇ ਇਨ੍ਹਾਂ ਦੁਖਦਾਈ ਘਟਨਾਵਾਂ ਵਿਰੁਧ ਆਪਣੇ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਸ਼ਾਂਤੀ-ਪੂਰਣ ਢੰਗ ਨਾਲ ਕਰ ਰਹੀਆਂ ਸੰਗਤਾਂ ਪੁਰ ਪੰਜਾਬ ਪੁਲਸ ਵਲੋਂ ਗੋਲੀ ਚਲਾਇਆ ਜਾਣਾ, ਅਦਿ ਅਜਿਹੀਆਂ ਘਟਨਾਵਾਂ ਹਨ, ਜੋ ਇਸ ਗਲ ਦਾ ਸੰਕੇਤ ਹਨ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਥਾਪਤ ਅਕਾਲੀ ਲੀਡਰਸ਼ਿਪ ਅਪਣੇ ਇਸ ਦਾਅਵੇ ਨੂੰ ਤਿਲਾਂਜਲੀ ਦੇਣ ਦੇ ਨਾਲ ਹੀ ਆਮ ਸਿੱਖਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗੁਆ ਚੁਕੀ ਹੋਈ ਹੈ।

…ਅਤੇ ਅੰਤ ਵਿੱਚ: ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਤੋਂ ਕਈ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ, ਜੋ ਇਸ ਗਲ ਵਲ ਸੰਕੇਤ ਕਰਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਈ ਸੀਨੀਅਰ ਮੁੱਖੀ ਸਵੀਕਾਰ ਕਰਨ ਲਗੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਅਤੇ ਸ਼ਾਂਤੀਪੂਰਣ ਸਿੱਖਾਂ ਪੁਰ ਪੰਜਾਬ ਪੁਲਿਸ ਵਲੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਏ ਜਾਣ ਦੇ ਕਾਰਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਖ ਨੂੰ ਬਹੁਤ ਭਾਰੀ ਧੱਕਾ ਲਗਾ ਹੈ, ਜਿਸ ਵਿਚੋੱਂ ਨੇੜ ਭਵਿਖ ਵਿੱਚ ਉਭਰ ਪਾਣਾ ਦਲ ਦੀ ਲੀਡਰਸਿਪ ਦੇ ਲਈ ਸਹਿਜ ਨਹੀਂ ਹੋਵੇਗਾ। ਕੁਝ ਸੀਨੀਅਰ ਅਕਾਲੀ ਆਗੂ ਤਾਂ ਦਬੀ ਜ਼ਬਾਨ ਵਿੱਚ ਇਹ ਵੀ ਕਹਿਣ ਲਗੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ਼ੋਂ ਫਰਸ਼ ਪੁਰ ਲਿਆ ਸੁਟਣ ਵਿੱਚ ਸੁਖਬੀਰ ਸਿੰਘ ਬਾਦਲ ਦੀ ਕਚਕੜੀ ਅਗਵਾਈ ਜ਼ਿਮੇਂਦਾਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਰਤਮਾਨ ਸਥਿਤੀ ਵਿਚੋਂ ਉਭਰਨਾ ਹੈ ਤਾਂ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੱੰਘ ਬਾਦਲ ਨੂੰ ਕੁਝ ਸਖਤ ਕਦਮ ਚੁਕਦਿਆਂ ਪੁਤਰ ਮੋਹ ਤਿਆਗਣਾ ਹੋਵੇਗਾ ਤੇ ਸਿੱਖੀ ਅਤੇ ਦਲ ਪ੍ਰਤੀ ਸਮਰਪਿਤ ਲਡਿਰਸ਼ਿਪ ਨੂੰ ਅਗੇ ਲਿਆਉਣਾ ਹੋਵੇਗਾ। ਦਲ ਦੇ ਪਿਛੇ ਧੱਕ ਦਿੱਤੇ ਹੋਏ ਟਕਸਾਲੀ ਤੇ ਸਨੀਅਰ ਅਕਾਲੀ ਆਗੂਆਂ ਨੂੰ ਅਗੇ ਲਿਆ, ਉਨ੍ਹਾਂ ਨੂੰ ਬਣਦਾ ਸਨਮਾਨ ਦੇਣਾ ਹੋਵੇਗਾ। ਜੇ ਇਸਦੇ ਲਈ ਉਨ੍ਹਾਂ ਨੂੰ ਕੋਈ ਭਾਰੀ ਰਾਜਨੀਤਕ ਕੀਮਤ ਚੁਕਾਣੀ ਅਤੇ ਕਈ ‘ਆਪਣਿਆ’ ਦੀ ਬਲੀ ਵੀ ਦੇਣੀ ਪਵੇ, ਤਾਂ ਇਸਦੇ ਲਈ ਤਿਆਰ ਰਹਿਣਾ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਮੰਡਰਾਂਦੇ ਸੰਕਟ ਦੇ ਬਦਲ!