ਬੇਅਦਬੀ ਕਾਂਡ ਨੂੰ ਲੈ ਕੇ ਅਕਾਲੀ ਦਲ ‘ਚ ਬਗਾਵਤ!

ਚੰਡੀਗੜ੍ਹ, 4 ਸਤੰਬਰ (ਏਜੰਸੀ) : ਬੇਅਦਬੀ ਕਾਂਡ ‘ਤੇ ਸ਼੍ਰੋਮਣੀ ਅਕਾਲੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਲੀਡਰ ਹੌਲੀ-ਹੌਲੀ ਸਾਹਮਣੇ ਆ ਕੇ ਭੜਾਸ ਕੱਢ ਰਹੇ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਤੋਤਾ ਸਿੰਘ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਵੀਡੀਓ ਵਾਇਰਲ ਕਰਕੇ ਅਕਾਲੀ ਦਲ ‘ਤੇ ਜ਼ਬਰਦਸਤ ਹਮਲਾ ਬੋਲਿਆ ਹੈ। ਕਿਸੇ ਵੇਲੇ ਬਾਦਲਾਂ ਦੇ ਖਾਸ-ਮ-ਖਾਸ ਮੱਕੜ ਨੇ ਕਿਹਾ ਕਿ ਬਰਗਾੜੀ ਕਾਂਡ ‘ਚ ਬਾਦਲਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਦਕਿ ਰਾਮ ਰਹੀਮ ਦੀ ਫਿਲਮ ‘ਤੇ ਰੋਕ ਹਟਾਉਣ ਲਈ ਡੇਰਾ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੱਕੜ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਕਾਲੀ ਦਲ ਦੀ ਸਰਕਾਰ ਨੇ ਇਸ ਦੌਰਾਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਸਮਰਥਕਾਂ ਨੇ ਰਾਮ ਰਹੀਮ ਦੀ ਫਿਲਮ ਪ੍ਰਤੀ ਸੜਕਾਂ ‘ਤੇ ਉੱਤਰ ਕੇ ਪੂਰਾ ਹੱਲਾ-ਗੁੱਲਾ ਕੀਤਾ ਸੀ। ਉਸ ਵੇਲੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਕਿਉਂ ਨਹੀਂ ਦਿੱਤਾ। ਮੱਕੜ ਨੇ ਕਿਹਾ ਕਿ ਡੇਰਾ ਸਮਰਥਕਾਂ ‘ਤੇ ਲਾਠੀਚਾਰਜ ਵੀ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਦੁਖੀ ਹਿਰਦੇ ‘ਚ ਰੋਸ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਵਾ ਕੇ ਮਾਰ ਦਿੱਤਾ ਗਿਆ। ਮੱਕੜ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਨੇ ਸਿੱਖਾਂ ‘ਤੇ ਅੱਤਿਆਚਾਰ ਕੀਤੇ ਹਨ, ਉਹ ਮੰਨਦੇ ਹੀ ਨਹੀਂ ਕਿ ਅਕਾਲੀ ਦਲ ਬੇਅਦਬੀ ਮਾਮਲੇ ‘ਚ ਗੰਭੀਰ ਹੈ। ਮੱਕੜ ਨੇ ਦੁਹਰਾਇਆ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ। ਨਿਯਮਾਂ ਮੁਤਾਬਕ ਅਕਾਲੀ ਦਲ ਦੇ 14 ਤੇ ‘ਆਪ’ ਦੇ 20 ਮਿੰਟ ਬਹਿਸ ਲਈ ਬਣਦੇ ਸਨ ਪਰ ਅਕਾਲੀ ਦਲ ਨੇ ਘੱਟ ਸਮੇਂ ਦਾ ਬਹਾਨਾ ਬਣਾ ਕੇ ਵਾਕਆਊਟ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ਦੀ ਰਿਪੋਰਟ ਦੇ ਪੰਨੇ ਪਾੜ ਕੇ ਖਿਲਾਰ ਦਿੱਤੇ ਗਏ ਤੇ ਸੇਲ ਲਾਈ ਗਈ ਜੋ ਸਰਾਸਰ ਗਲਤ ਸੀ।

Leave a Reply

Your email address will not be published.