ਦੋਵਾਂ ਬਾਦਲਾਂ ਨੂੰ ਪੰਥ ’ਚੋਂ ਛੇਕਿਆ ਜਾਵੇ : ਸਿੱਧੂ


ਅੰਮ੍ਰਿਤਸਰ, 14 ਸਤੰਬਰ (ਏਜੰਸੀ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸੌਂਪ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਰੱਖ ਕੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ, ਸੰਗਤ ਨਾਲ ਵਿਸ਼ਵਾਸਘਾਤ ਕਰਨ, ਪੰਥਕ ਮਰਿਆਦਾ ਨੂੰ ਸਿਆਸੀ ਹਿੱਤਾਂ ਲਈ ਵਰਤਣ ਤੇ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੀ ਅਪੀਲ ਕੀਤੀ। ਇਹ ਪੱਤਰ ਉਨ੍ਹਾਂ ਅਕਾਲ ਤਖਤ ਦੇ ਸਕੱਤਰੇਤ ’ਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਕੱਤਰ ਭੁਪਿੰਦਰ ਸਿੰਘ ਨੂੰ ਸੌਂਪਿਆ। ਜਥੇਦਾਰ ਫਿਲਹਾਲ ਇੱਥੇ ਨਹੀਂ ਹਨ। ਚਾਰ ਸਫ਼ਿਆਂ ਦੇ ਇਸ ਪੱਤਰ ਵਿੱਚ ਸ੍ਰੀ ਸਿੱਧੂ ਨੇ ਆਖਿਆ ਕਿ 2007 ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਦਸਵੇਂ ਗੁਰੂ ਦਾ ਸਵਾਂਗ ਰਚਾਇਆ ਸੀ, ਉਸ ਵੇਲੇ ਵੀ ਸੂਬੇ ’ਚ ਅਕਾਲੀ ਸਰਕਾਰ ਸੀ ਅਤੇ ਬੇਅਦਬੀ ਦੀਆਂ ਘਟਨਾਵਾਂ ਸਮੇਂ ਵੀ ਅਕਾਲੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਅਕਾਲ ਤਖ਼ਤ ਤੋਂ ਸਿੱਖ ਸੰਗਤ ਨੂੰ ਡੇਰਾ ਸਿਰਸਾ ਦੇ ਸਮਾਜਿਕ ਬਾਈਕਾਟ ਕਰਨ, ਉਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਆਦਿ ਦੇ ਹੁਕਮ ਜਾਰੀ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਸ ਸਾਲਾਂ ਵਿੱਚ ਜਦੋਂ ਵੀ ਅਕਾਲੀ ਸਰਕਾਰ ਸੱਤਾ ਵਿੱਚ ਸੀ ਤਾਂ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਦਰਜ ਐਫਆਈਆਰ ਦੀ ਜਾਂਚ ਪੂਰੀ ਨਹੀਂ ਹੋਈ ਅਤੇ ਨਾ ਹੀ ਪੁਲੀਸ ਨੇ ਉਸ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ।

ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਇਸ ਲਈ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਗਈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਕੌਰ ਬਾਦਲ ਵਾਸਤੇ ਉਸ ਕੋਲੋਂ ਮਦਦ ਲਈ ਗਈ ਸੀ। ਇਸੇ ਤਰ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਮੁੜ ਉਸ ਤੋਂ ਮਦਦ ਲਈ ਗਈ। ਉਨ੍ਹਾਂ ਕਿਹਾ ਹੁਣ ਉਸ ਦੀ ਫਿਲਮ ਰਿਲੀਜ਼ ਕਰਾਉਣ ਲਈ ਅਕਾਲ ਤਖ਼ਤ ਤੋਂ ਉਸ ਨੂੰ ਮੁਆਫੀ ਦਿਵਾਈ ਗਈ ਹੈ। ਇਸ ਲਈ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਅਤੇ ਉਸ ਨੂੰ ਮੁਆਫੀ ਦੇਣ ਲਈ ਦਬਾਅ ਪਾਇਆ ਗਿਆ। ਸਤੰਬਰ 2015 ਨੂੰ ਉਸ ਨੂੰ ਮੁਆਫੀ ਦੇ ਦਿੱਤੀ ਗਈ ਅਤੇ ਅਗਲੇ ਦਿਨ ਉਸ ਦੀ ਫਿਲਮ ਐੱਮਐੱਸਜੀ ਰਿਲੀਜ਼ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਖਾਤਰ ਇਨ੍ਹਾਂ ਸਿੱਖ ਆਗੂਆਂ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਘਟਨਾਵਾਂ ਲਈ ਕਸੂਰਵਾਰਾਂ ਨੂੰ ਛੁਡਵਾਇਆ ਗਿਆ ਅਤੇ ਡੇਰਾ ਪ੍ਰੇਮੀਆਂ ਨੂੰ ਹੱਥ ਪਾਉਣ ਤੋਂ ਪੁਲੀਸ ਨੂੰ ਰੋਕਿਆ ਗਿਆ ਸੀ। ਲੋਕਾਂ ਵੱਲੋਂ ਇਸੇ ਦੇ ਰੋਸ ਵਿੱਚ ਕੋਟਕਪੁਰਾ ਨੇੜੇ ਬਹਿਬਲਕਲਾਂ ’ਚ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ’ਤੇ ਅਕਾਲੀ ਸਰਕਾਰ ਨੇ ਗੋਲੀ ਚਲਵਾਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੋਵਾਂ ਬਾਦਲਾਂ ਨੂੰ ਪੰਥ ’ਚੋਂ ਛੇਕਿਆ ਜਾਵੇ : ਸਿੱਧੂ