ਚੋਣਾਂ ‘ਚ ਧੱਕੇਸ਼ਾਹੀ, ਬੈਲੇਟ ਪੇਪਰਾਂ ‘ਚ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ


ਜਲੰਧਰ, 19 ਸਤੰਬਰ (ਏਜੰਸੀ) : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੱਤਾਧਿਰ ਕਾਂਗਰਸ ‘ਤੇ ਵੱਡੇ ਪੱਧਰ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਹਨ। ਵਿਰੋਧੀ ਧਿਰਾਂ ਨੇ ਪਹਿਲਾਂ ਪਰਚੇ ਰੱਦ ਕਰਵਾਉਣ ਦੇ ਇਲਜ਼ਾਮ ਲਾਏ ਤੇ ਅੱਜ ਚੋਣਾਂ ਦੌਰਾਨ ਗੁੰਡਾਗਰਦੀ ਤੇ ਚੋਣ ਧਾਂਦਲੀ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਲੰਧਰ ਦੇ ਪਿੰਡ ਬੱਲਾਂ ਵਿੱਚ ਵੋਟਿੰਗ ਦੌਰਾਨ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਬੈਲੇਟ ਪੇਪਰਾਂ ਵਿੱਚ ਅਕਾਲੀ ਦਲ ਦਾ ਚੋਣ ਨਿਸ਼ਾਨ ਹੀ ਨਹੀਂ। ਸ਼ਿਕਾਇਤ ਮਗਰੋਂ ਚੋਣ ਅਮਲਾ ਆਇਆ ਤੇ ਜਾਂਚ ਕਰਨ ‘ਤੇ ਇਹ ਸ਼ਿਕਾਇਤ ਸਹੀ ਪਾਈ ਗਈ। ਕੁਝ ਦੇਰ ਵੋਟਿੰਗ ਰੁਕਵਾ ਕੇ ਬੈਲੇਟ ਪੇਪਰ ਬਦਲੇ ਗਏ। ਇਸ ਤੋਂ ਬਾਅਦ ਇੱਥੇ ਮੁੜ ਵੋਟਿੰਗ ਸ਼ੁਰੂ ਹੋ ਗਈ।

ਐਸਡੀਐਮ ਪਰਮਵੀਰ ਸਿੰਘ ਨੇ ਦੱਸਿਆ ਕਿ 10-12 ਵੋਟਾਂ ਕਿਸੇ ਹੋਰ ਜ਼ੋਨ ਦੀਆਂ ਜੁੜ ਗਈਆਂ ਸਨ ਜਿਸ ਵਿੱਚ ਅਕਾਲੀ ਦਲ ਦਾ ਨਿਸ਼ਾਨ ਨਹੀਂ ਸੀ। ਵੋਟਿੰਗ ਰੁਕਵਾ ਕੇ ਉਸ ਨੂੰ ਠੀਕ ਕਰਵਾਇਆ ਗਿਆ। ਇਸ ਦੀ ਜਾਂਚ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਕਿਸੇ ਹੋਰ ਜ਼ੋਨ ਦੇ ਬੈਲੇਟ ਪੇਪਰ ਇਸ ਬੂਥ ‘ਤੇ ਪਹੁੰਚ ਗਏ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਿਲਾਸਪੁਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਪਿੰਡ ਮਾਛੀਕੇ ਦੇ ਪੋਲਿੰਗ ਬੂਥ ਉੱਪਰ ਗੁੰਡਾਗਰਦੀ ਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਹੋਈ। ਮਾਛੀ ਕੇ ਪਿੰਡ ਵਿੱਚ ਕੁਝ ਬਾਹਰੀ ਬੰਦਿਆਂ ਨੇ ਆ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਪ੍ਰੀਸ਼ਦ ਬਿਲਾਸਪੁਰ ਜ਼ੋਨ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਨੰਗਲ ਨੇ ਸੱਤਾਧਾਰੀ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।

ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਖੁਰਦ ਵਿੱਚ 11.20 ਦੇ ਕਰੀਬ 126 ਨੰਬਰ ਬੂਥ ’ਤੇ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ। ਉਨ੍ਹਾਂ ਧੱਕੇ ਨਾਲ ਬੈਲਟ ਬਾਕਸਾਂ ਵਿੱਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਚੋਣਕਾਰ ਅਫਸਰ ਏਡੀਸੀ ਜਗਵਿੰਦਰਜੀਤ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਐਸਡੀਐਮ ਬਾਘਾਪੁਰਾਣਾ ਅਮਰਬੀਰ ਸਿੰਘ ਸੰਧੂ ਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਮੌਕੇ ’ਤੇ ਭੇਜਿਆ ਜਿਨ੍ਹਾਂ ਸਥਿਤੀ ‘ਤੇ ਕਾਬੂ ਪਾਇਆ।

ਐਸਡੀਐਮ ਵੱਲੋਂ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਡੀਪੀ ਸਿੰਘ ਖਰਬੰਦਾ ਨੂੰ ਸਮੁੱਚੀ ਰਿਪੋਰਟ ਭੇਜ ਦਿੱਤੀ ਗਈ ਹੈ। ਹੁਣ ਇਸ ਬੂਥ ’ਤੇ ਦੁਬਾਰਾ ਵੋਟਾਂ ਪਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਡੇਮਰੂ ਖੁਰਦ ,ਥਰਾਜ,ਠੱਠੀ ਭਾਈ ਤੇ ਲੌਗੀਂਵਿੰਡ ਵਿੱਚ ਵੀ ਵੋਟਾਂ ਪੈਣ ਦੇ ਅਮਲ ਵਿੱਚ ਖਲਲ ਪਿਆ ਤੇ ਕਈ ਜਗ੍ਹਾ ਅਕਾਲੀ ਕਾਂਗਰਸੀ ਵਰਕਰ ਆਪਸ ਵਿੱਚ ਉਲਝਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਲਾ ਦਿੱਤੇ ਜਾਣ ਸਦਕਾ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੋਣਾਂ ‘ਚ ਧੱਕੇਸ਼ਾਹੀ, ਬੈਲੇਟ ਪੇਪਰਾਂ ‘ਚ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ