ਕਾਂਗਰਸ ਨੇ ਅਰਥਚਾਰੇ ਨੂੰ ਲਾਇਆ ਪਲੀਤਾ : ਮੋਦੀ


ਨਵੀਂ ਦਿੱਲੀ, 1 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰੀ ਬੈਂਕਾਂ ਵਿੱਚ ਡੁੱਬੇ ਕਰਜ਼ਿਆਂ (ਐਨਪੀਏ) ਦੀ ਵਧਦੀ ਗਿਣਤੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਆਪਣੇ ਕਾਰਜਕਾਲ 2008-14 ਦੌਰਾਨ ਕਰੀਬ 36 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਕੇ ਅਰਥਚਾਰੇ ਨੂੰ ਬਾਰੂਦੀ ਸੁਰੰਗ ’ਤੇ ਬਿਠਾ ਦਿੱਤਾ ਸੀ, ਪਰ ਉਨ੍ਹਾਂ ਦੀ ਸਰਕਾਰ ‘ਫੋਨ ਬੈਂਕਿੰਗ’ ’ਤੇ ਦਿੱਤੇ ਗਏ ਕਰਜ਼ੇ ਦਾ ਇਕ-ਇਕ ਪੈਸਾ ਵਸੂਲ ਕਰੇਗੀ। ਸ੍ਰੀ ਮੋਦੀ ਨੇ ਇਥੇ ਡਾਕ ਵਿਭਾਗ ਦੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਡੀ) ਦਾ ਉਦਘਾਟਨ ਕਰਨ ਬਾਅਦ ਕਿਹਾ ਕਿ ਹੁਣ ਉਨ੍ਹਾਂ ਦਾ ਵੀ ਇਸ ਬੈਂਕ ਵਿੱਚ ਖਾਤਾ ਖੁੱਲ੍ਹ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਕਿਊਆਰ ਕੋਡ ਵਾਲਾ ਕਾਰਡ ਦਿੱਤਾ ਗਿਆ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ , ‘‘ ਜੋ ਖਾਤਾ ਨਹੀਂ ਵੋ ਭੀ ਖਾਤਾ ਰਖਤਾ ਹੈ। ’’

ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਨੇ ਪਿਛਲੀਆਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਦਾ ਵਾਅਦਾ ਕਰਦਿਆਂ ਕਿਹਾ ਸੀ, ‘‘ ਨਾ ਖਾਵਾਂਗਾ ਅਤੇ ਨਾ ਖਾਣ ਦਿਆਂਗਾ। ’’ ਪ੍ਰਧਾਨ ਮੰਤਰੀ ਨੇ ਸਰਕਾਰੀ ਬੈਂਕਾਂ ਦੇ ਡੁੱਬੇ ਕਰਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2014 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ’ਤੇ ਕਾਬਜ਼ ਹੋਈ ਤਾਂ ਪਤਾ ਚਲਿਆ ਕਿ ਜਿਸ ਨੂੰ ਕਾਂਗਰਸ ਸਰਕਾਰ ਦੋ ਲੱਖ ਕਰੋੜ ਰੁਪਏ ਦੇ ਡੁੱਬੇ ਕਰਜ਼ੇ ਦੱਸ ਰਹੀ ਸੀ ਉਹ ਅਸਲ ਵਿੱਚ ਨੌਂ ਲੱਖ ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਬੈਂਕਾਂ ਦਾ ਜ਼ਿਆਦਾਤਰ ਪੈਸਾ, ‘‘ਇਕ ਪਰਿਵਾਰ’ ਦੇ ਕਰੀਬੀ ਲੋਕਾਂ ਲਈ ਸੁਰੱਖਿਅਤ ਰੱਖਿਆ ਗਿਆ ਸੀ। ਸਾਲ 1947 ਤੋਂ 2008 ਤਕ ਕੁਲ ਮਿਲਾ ਕੇ 18 ਲੱਖ ਕਰੋੜ ਰੁਪਏ ਦੇ ਕਰਜ਼ੇ ਦੇਸ਼ ਵਿੱਚ ਦਿੱਤੇ ਗਏ ਸਨ, ਪਰ ਸਾਲ 2008 ਤੋਂ 2014 ਦੌਰਾਨ ਇਹ ਰਾਸ਼ੀ ਦੁੱਗਣੇ ਤੋਂ ਵੱਧ ਕੇ 52 ਲੱਖ ਕਰੋੜ ਰੁਪਏ ’ਤੇ ਪੁੱਜ ਗਈ । ਸੱਠ ਵਰ੍ਹਿਆਂ ਵਿੱਚ ਜਿੰਨੇ ਕਰਜ਼ੇ ਦਿੱਤੇ ਗਏ ਉਸ ਤੋਂ ਦੁੱਗਣੇ ਸਿਰਫ਼ ਇਨ੍ਹਾਂ ਛੇ ਵਰ੍ਹਿਆਂ ਵਿੱਚ ਦਿੱਤੇ ਗਏ। ਉਨ੍ਹਾਂ ਦੀ ਇਹ ਟਿੱਪਣੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਡੁੱਬੇ ਕਰਜ਼ਿਆਂ ਦੀ ਰਾਸ਼ੀ 12.5 ਲੱਖ ਕਰੋੜ ਰੁਪਏ ’ਤੇ ਪੁੱਜਣ ਦਾ ਦੋਸ਼ ਲਾਏ ਜਾਣ ਦੇ ਕੁਝ ਦਿਨਾਂ ਬਾਅਦ ਆਈ ਹੈ। ਮੋਦੀ ਨੇ ਕਿਹਾ ਕਿ ਨੇਮਾਂ ਨੂੰ ਛਿੱਕੇ ਟੰਗ ਕੇ ਕਰਜ਼ੇ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ‘ਨਾਮਦਾਰ’ ਫੋਨ ’ਤੇ ਕਰਜ਼ੇ ਦਿਵਾਉਂਦੇ ਸਨ ਅਤੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ੇ ਦਿਵਾਏ ਗਏ। ਉਨ੍ਹਾਂ ਕਿਹਾ ਕਿ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਨੇ ਡੁੱਬੇ ਕਰਜ਼ੇ ਛਿਪਾਏ , ਪਰ ਉਨ੍ਹਾਂ ਦੀ ਸਰਕਾਰ ਅਜਿਹਾ ਕਰਨ ਵਾਲਿਆਂ ਨੂੰ ਜਾਣਦੀ ਹੈ ਅਤੇ ਉਨ੍ਹਾਂ ਨਾਲ ਨਜਿੱਠਣ ਅਤੇ ਪੈਸੇ ਦੀ ਵਸੂਲੀ ਲਈ ਸਖ਼ਤ ਕਾਨੂੰਨ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦਾ ਰਲੇਵਾਂ ਪ੍ਰਸਤਾਵਿਤ ਹੈ। ਬੈਂਕਾਂ ਵਿੱਚ ਪੇਸ਼ੇਵਰ ਪਹੁੰਚ ਲਿਆਂਦੀ ਜਾ ਰਹੀ ਹੈ। ਕਰਜ਼ੇ ਦੀ ਵਸੂਲੀ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਯਕੀਨ ਦਿਵਾਉਂਦੇ ਹਾਂ ਕਿ ਇਕ-ਇਕ ਪੈਸਾ ਵਸੂਲਿਆ ਜਾਵੇਗਾ। ’’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਾਂਗਰਸ ਨੇ ਅਰਥਚਾਰੇ ਨੂੰ ਲਾਇਆ ਪਲੀਤਾ : ਮੋਦੀ