ਕਵਿਤਾ ਵਰਗਾ ਸੂਖਮ ਫਨਕਾਰ : ਗਰਵਿੰਦਰ ਬਰਾੜ


ਖੇਤਾਂ ਦੀਆਂ ਵੱਟਾਂ ‘ਤੋਂ ਘਾਹ ਦੀਆਂ ਤਿੜਾਂ ਪੁੱਟਣ ਵਾਲੇ ਹੱਥਾਂ ਵਿੱਚ ਜਦੋਂ ਕਲਮ ਆਉਂਦੀ ਹੈ ਤਾਂ ਲੋਕ ਵਿਰੋਧੀ ਨਿਜਾਮ ਖਿਲਾਫ਼ ਲੋਕ ਲਹਿਰ ਬਣਕੇ ਲੜਦੀ ਹੈ।ਸਾਫ ਸੁਥਰੀ ਗਾਇਕੀ ਤੇ ਲੋਕ ਪੱਖੀ ਸਾਹਿਤ ਸਭਿਆਚਾਰ ਦੀ ਮਰਿਯਾਦਾ ਦੇ ਰਾਹ ਤੁਰੀ ਇਕ ਅਜਿਹੀ ਹੀ ਕਲਮ ਤੇ ਅਵਾਜ਼ ਦਾ ਨਾਂ ਹੈ ਗੁਰਵਿੰਦਰ ਬਰਾੜ। ਗੁਰਵਿੰਦਰ ਬਰਾੜ ਨੂੰ ਸਾਫ ਸੁਥਰੀ ,ਸਾਹਿਤਕ ਤੇ ਲੋਕ ਪੱਖੀ ਲੇਖਣੀ ਦੀ ਪ੍ਰੇਰਨਾਂ ਰੰਗ ਮੰਚ ਦੇ ਬਾਬੇ ਬੋਹੜ ਸਵ: ਅਜਮੇਰ ਸਿੰਘ ਔਲਖ ਜੀ ਤੋਂ ਮਿਲੀ। ਗੁਰਵਿੰਦਰ ਬਰਾੜ ਦੀ ਸੋਹਜ ਔਲਖ ਬਰਾੜ ਪਤਨੀ ਬਾਪੂ ਅੌਲਖ ਦੀ ਲਾਡਲੀ ਧੀ ਸੀ। ਹਾਲਾਂਕਿ ਸੁਰੂ -ਸੁਰੂ ‘ਚ ਉਸਨੇ ਕੁਝ ਕਮਰਸ਼ੀਅਲ ਗੀਤ ਵੀ ਲਿਖੇ ਗਾਏ ਪ੍ਰੰਤੂ ਸਮੇ ਦੇ ਨਾਲ ਹੀ ਲੋਕ ਪੱਖੀ ਸਭਿਆਚਾਰਾਕ ਗਾਇਕੀ ਵੱਲ ਮੋੜਾ ਕੱਟ ਕੇ ਨਵੀਆਂ ਪੈੜਾਂ ਪਾਈਆਂ। ਇਸ ਅਤਿ ਮਿਲਾਪੜੇ, ਮਿੱਠ ਬੋਲੜੇ ਤੇ ਸੁਹਿਰਦ ਸੱਜਣ ਦੀ ਵਿਰਾਸਤ ਜਿਲਾ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਦੀ ਹੈ।

ਪਿਤਾ ਸ:ਬਲਦੇਵ ਸਿੰਘ ਬਰਾੜ ਦੇ ਘਰ ਮਾਤਾ ਸ੍ਰੀ ਮਤੀ ਸੁਰਜੀਤ ਕੌਰ ਦੀ ਕੁੱਖੋਂ ਜਨਮਿਆਂ ਤੇ ਪਿੰਡ ਦੀਆਂ ਗਲੀਆਂ ਵਿਚ ਖੇਡਿਆ ਜਵਾਨ ਹੋਇਆ ਗੁਰਵਿੰਦਰ ਬਚਪਨ ਸਮੇ ਤੋਂ ਹੀ ਸਾਊ ਤੇ ਸੰਗਾਊ ਸੁਭਾਅ ਦਾ ਮਾਲਕ ਸੀ।ਗੁਰਵਿੰਦਰ ਬਰਾੜ ਨੇ ਆਪਣਾ ਕਲਾਤਮਿਕ ਸਫਰ ਬਤੌਰ ਗੀਤਕਾਰ ਸੁਰੂ ਕੀਤਾ। ਮਾਲਵੇ ਦੇ ਰੇਤਲੇ ਟਿੱਬਿਆਂ ਵਿਚਲੇ ਖੇਤਾਂ ਦੀਆਂ ਵੱਟਾਂ ‘ਤੇ ਤੁਰਦਿਆਂ- ਤੁਰਦਿਆਂ ਜਦੋਂ ਜਵਾਨੀ ਵੱਲ ਵਧਿਆ ਤਾਂ ਸ਼ਬਦਾਂ ਦਾ ਇਹ ਜਾਦੂਗਰ ਪਿੰਡ ਦੇ ਗਹੀਰੀਆਂ ‘ਚੋਂ ਚਲਾਈ ਵਾਂਗਰ ਫੁੱਟ ਕੇ ਸਾਹਮਣੇ ਆਇਆ ਤੇ ਇਕ ਦਿਨ ਪੰਜਾਬੀ ਗੀਤਕਾਰੀ ਦਾ ਹਰਿਆਵਲ ਦਸਤਾ ਹੋ ਨਿੱਬੜਿਆ। ਪਿੰਡ ਦੇ ਸਕੂਲ ਤੋਂ ਮੁੱਢਲੀ ਵਿੱਦਿਆ ਹਾਸਿਲ ਕਰਨ ਉਪਰੰਤ ਉਹ ਬੀ. ਏ .ਬੀ ਅੈਡ ਕਰਨ ਖਾਲਸਾ ਕਾਲਜ ਦਾਖਿਲ ਹੋਇਆ।ਗੁਰਵਿੰਦਰ ਦੇ ਕਲਾਤਮਿਕ ਬੂਟੇ ਨੂੰ ਉਦੋਂ ਵੱਧਣ ਫੁੱਲਣ ਦਾ ਉਤਸ਼ਾਹ ਬਲ ਮਿਲਿਆ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੀ. ਐਸ .ਸੀ ਅੈਗਰੀਕਲਚਰ ਕਰ ਰਿਹਾ ਸੀ। ਇਸੇ ਦੌਰਾਨ ਯੁੱਗ ਕਵੀ ਸੁਰਜੀਤ ਪਾਤਰ ਜੀ ਦੀ ਪ੍ਰੇਰਨਾ ਸਦਕਾ ਕਵਿਤਾ, ਗੀਤ ਵਰਗੀਆਂ ਸੂਖਮ ਵੰਨਗੀਆਂ ਵੱਲ ਪੱਕੇ ਤੌਰ ‘ਤੇ ਰੁਚਿਤ ਹੋ ਗਿਆ ।

ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਦੀ ਅਨੰਦਦਾਇਕ ਜ਼ਿੰਦਗੀ ਵੀ ਉਸਦੇ ਅੰਦਰਲੀ ਕਾਵਿਕ ਰੌਸ਼ਨੀ ਨੂੰ ਮੱਧਮ ਨਾਂ ਪਾ ਸਕੀ। ਗੀਤਾਂ ,ਕਵਿਤਾਵਾਂ ਦੇ ਮਾਧਿਅਮ ਰਾਹੀਂ ਉਹ ਹਮੇਸ਼ਾ ਆਪਣੇ ਪਿੰਡ ਦੇ ਖੇਤਾਂ, ਗਲੀਆਂ, ਸੱਥਾਂ, ਟਿੱਬਿਆਂ, ਗਹੀਰਿਆਂ ਤੇ ਪਾਤਰਾਂ ਨਾਲ ਗੱਲਾਂ ਕਰਦਾ ਰਹਿੰਦਾ ਹੈ। ਬਰਾੜ ਨੇ ਜਵਾਨੀ ਰੁੱਤੇ ਹੱਡੀਂ ਹੰਢਾਏ ਅਨੁਭਵ ਨੂੰ ਸੂਖਮ ਸ਼ਬਦਾਂ ਦੇ ਜੋੜ ਤੋਲ ਨਾਲ ਕਾਗਜ ਦੀ ਕੋਰੀ ਹਿੱਕ ‘ਤੇ ਝਰੀਟਣ ਦਾ ਯਤਨ ਕੀਤਾ ਤਾਂ ਇਕ ਇਕ ਹੰਢੇ ਹੋਏ ਗੀਤਕਾਰ ਨੇ ਜਨਮ ਲਿਆ। ਗੁਰਵਿੰਦਰ ਬਰਾੜ ਦੇ ਲੋਕ ਪੱਖੀ ਲੇਖਣੀ ਵੱਲ ਝੁਕਾਅ ਕਰਨ ਪਿੱਛੇ ਸਹੁਰਾ ਪਰਿਵਾਰ ਦਾ ਵੱਡਾ ਹੱਥ ਹੈ। ਉਸਦੇ ਸਹੁਰਾ ਪ੍ਰੋਫੈਸਰ ਅਜਮੇਰ ਔਲਖ ਰੰਗ ਮੰਚ ਦੀ ਜਾਣੀ ਪਛਾਣੀ ਸ਼ਖਸ਼ੀਅਤ ਸਨ।ਉਸਦੀ ਪਤਨੀ ਸੋਹਜ ਅੌਲਖ ਬਰਾੜ ਵੀ ਆਪਣੇ ਪਿਤਾ ਜੀ ਨਾਲ ਰੰਗ ਮੰਚ ਦੀਆਂ ਸਟੇਜਾਂ ਰਾਹੀਂ ਰੰਗ ਮੰਚ ਤੇ ਫਿਲਮਾਂ ਦੀ ਸਥਾਪਿਤ ਅਦਾਕਾਰਾ ਵਜੋਂ ਸਥਾਪਿਤ ਰਹੀ ਹੈ। ਗੁਰਵਿੰਦਰ ਬਰਾੜ ਦੇ ਗੀਤ ਨੂੰ 2003 ‘ਚ ਪਹਿਲੀ ਵਾਰ ਰਾਣੀ ਰਣਦੀਪ ਨੇ ਅਵਾਜ ਦਿੱਤੀ। “ਇਸ਼ਕੇ ਦੀ ਮਾਰ ” ਟੇਪ ਵਿਚਲਾ ਗੀਤ “ਲੱਗੀ ਤੇਰੇ ਮਗਰ ਫਿਰਾਂ ” ਜਦੋਂ ਰਿਕਾਰਡ ਰੂਪ ‘ਚ ਮਾਰਕਿਟ ‘ਚ ਆਇਆ ਤਾਂ ਇਸ ਗੀਤ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਗੁਰਵਿੰਦਰ ਬਰਾੜ ਸੰਘਰਸ਼ਾਂ ਦਾ ਰਾਹੀ ਹੋ ਗੀਤ ਦੀ ਨਾਇਕਾ ਵਾਂਗ ਸਫਲਤਾ ਦੇ ਮਗਰ ਹੀ ਪੈ ਗਿਆ। ਜਿਵੇਂ ਆਖਿਆ ਜਾਂਦੈ ਦ੍ਰਿੜ ਇਰਾਦੇ ਮੰਜਿਲਾਂ ਸਰ ਕਰ ਛੱਡਦੇ ਨੇ ਇਸੇ ਹੀ ਤਰ੍ਹਾਂ ਗੀਤਕਾਰੀ ਤੋਂ ਸੁਰੂ ਹੋਇਆ ਸਫਰ ਕਦੋਂ ਇਕ ਸਫਲ ਸਥਾਪਿਤ ਗਾਇਕ ਤੱਕ ਅੱਪੜ ਗਿਆ ਪਤਾ ਹੀ ਲੱਗਾ।

ਇਸਤੋਂ ਮਗਰੋਂ ਗੁਰਵਿੰਦਰ ਬਰਾੜ ਦੇ ਲਿਖੇ ਗੀਤਾਂ ਨੂੰ ਰਾਜ ਬਰਾੜ, ਬਲਕਾਰ ਸਿੱਧੂ,ਜੀਤ ਜਗਜੀਤ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਧਰਮਪ੍ਰੀਤ, ਰੁਪਿੰਦਰ ਹਾਂਡਾ, ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਨਿਰਮਲ ਸਿੱਧੂ ਤੇ ਗਿੱਲ ਹਰਦੀਪ ਸਮੇਤ ਅਨੇਕਾਂ ਕਲਾਕਾਰਾਂ ਨੇ ਅਵਾਜ ਦਿੱਤੀ। ਗੀਤਕਾਰੀ ‘ਚ ਸਥਾਪਤੀ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਗੁਰਵਿੰਦਰ ਦਾ ਝੁਕਾਅ ਗਾਇਕੀ ਵੱਲ ਹੋ ਤੁਰਿਆ, ਬਸ ਫਿਰ ਕੀ ਸੀ,ਆਪਣੀਆਂ ਲਿਖਤਾਂ ਤੇ ਆਪਣੀ ਅਵਾਜ਼। ਉਸਤੋਂ ਮਗਰੋਂ ਪਲੇਠੀ ਟੇਪ “ਉਸ ਕਮਲੀ ਦੀਆਂ ਯਾਦਾਂ “ਰਾਹੀਂ ਐਸੀ ਸੰਗੀਤਕ ਪਰਵਾਜ ਭਰੀ ਕਿ ਇਹ ਉਡਾਣ ਅੱਜ ਤੱਕ ਜਾਰੀ ਹੈ। ਗੁਰਵਿੰਦਰ ਬਰਾੜ ਦੀਆਂ ਹੁਣ ਤੱਕ 13 ਕੈਸਿਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ, ਜਿੰਨਾਂ ਨੂੰ ਸਮੂਹ ਜਨ ਮਾਨਸ ਨੇ ਰੱਜਵਾਂ ਪਿਆਰ ਦਿੱਤਾ। ਉਸਦੇ ਹਿੱਟ ਗੀਤਾਂ ਦੀ ਕਤਾਰ ਵੀ ਕਾਫੀ ਲੰਮੀ ਹੈ। “ਪਾਣੀ ਅੱਖੀਆਂ ਦਾ, ਫੁੱਟਬਾਲ ,ਐਤਵਾਰ ,ਗੁੱਡ ਮਾਰਨਿੰਗ, ਰੌਗ ਨੰਬਰ, ਪਹਿਲਾ ਪਹਿਲਾ ਪਿਆਰ ਤੇ ਸ਼ਿਵ ਦੀ ਕਿਤਾਬ “ਨੇ ਤਾਂ ਸਫਲਤਾ ਦੇ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ। “ਸ਼ਿਵ ਦੀ ਕਿਤਾਬ “ਦੀ ਸਫਲਤਾ ਦੇ ਸੰਦਰਭ ‘ਚ ਗੁਰਵਿੰਦਰ ਬਰਾੜ ਦਾ ਆਖਣਾਂ ਹੈ ਕਿ ਸਰੋਤੇ ਸਾਫ ਸੁਥਰੇ ਗੀਤਾਂ ਨੂੰ ਸੁਣਨਾਂ ਪਸੰਦ ਕਰਦੇ ਹਨ ਪਰੰਤੂ ਅਸੀਂ ਸਰੋਤਿਆਂ ਸਿਰ ਨਾਂ ਸੁਣਨ ਦਾ ਦੋਸ਼ ਮੜਕੇ ਆਪਣੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਨੌਜਵਾਨ ਗਾਇਕ ਦੀ ਜ਼ਿੰਦਗੀ ਵੀ ਖੁੱਲੀ ਕਿਤਾਬ ਵਰਗੀ ਹੈ। ਸੁਭਾਅ ‘ਚ ਅੰਤਾਂ ਦੀ ਹਲੀਮੀ ਤੇ ਚਿਹਰੇ ‘ਤੇ ਸੂਹੇ ਫੁੱਲਾਂ ਵਰਗੀ ਮੁਸਕਰਾਹਟ,ਪ੍ਰੰਤੂ ਮਾਸੂਮ ਚਿਹਰੇ ਦੀ ਮਿੱਠੀ ਮੁਸਕਰਾਹਟ ਹੇਠ ਉਹ ਕਿੰਨੇ ਵੱਡੇ ਗਮ ਸਮੋਈ ਬੈਠਾ ਉਸਦੀ ਸਖਸ਼ੀਅਤ ਨੂੰ ਨੇੜਿਓਂ ਜਾਨਣ ਵਾਲੇ ਹੀ ਸਮਝ ਸਕਦੇ ਨੇ।

ਜ਼ਿੰਦਗੀ ਆਪਣੀ ਚਾਲ ਚੱਲ ਰਹੀ ਸੀ ,ਹਾਲਾਤ ਦੀਆਂ ਹਨੇਰੀਆਂ ਨੇ ਉਸਦੇ ਹਸਦੇ ਵਸਦੇ ਪਰਿਵਾਰ ਨੂੰ ਤੀਲਾ ਤੀਲਾ ਕਰ ਛੁੱਟਿਆ। ਸਾਹਾਂ ਤੋ ਵਧਕੇ ਪਿਆਰੀ ਜੀਵਨ ਸਾਥਣ ਸੁਹਜ ਔਲਖ ਬਰਾੜ ਦੇ ਵਿਗੋਚੇ ਨੇ ਪੂਰੇ ਪਰਿਵਾਰ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।ਉਹ ਕਵਿਤਾ ਵਰਗਾ ਸੂਖਮ ਹੈ ਤੇ ਸੰਵੇਦਨਸ਼ੀਲ ਕਲਾਕਾਰ ਹੈ।ਕਵਿਤਾਵਾਂ ਤੇ ਗੀਤ ਲਿਖਦਾ ਗਾਉੰਦਾ ਹੈ। ਕਲਾ ਦੇ ਵੈਰਾਨ ਰਾਹਾਂ ਵਿਚ ਪਰਛਾਵਾਂ ਬਣਕੇ ਸੁਹਜ ਅੱਜ ਵੀ ਉਸਦੇ ਨਾਲ ਤੁਰਦੀ ਹੈ ਕਦਮ ਦਰ ਕਦਮ। ਸ਼ਬਦਾਂ ਦੇ ਜੋੜ ਤੋੜ ਜ਼ਿੰਦਗੀ ਦੇ ਉੱਗੜ ਦੁਗੜੇ ਰਾਹਾਂ ਨੂੰ ਸਹਿਜ ਰਵਾਨਗੀ ਵੱਲ ਸੌਖਿਆਂ ਨਹੀਂ ਲਿਜਾ ਸਕਦੇ।ਭਾਵਕ ਸੰਵਾਦ ਰਚ ਸਕਦੇ ਹਨ ਪ੍ਰੰਤੂ ਭਾਵਕਤਾ ‘ਚੋਂ ਬਾਹਰ ਨਹੀਂ ਕੱਢ ਸਕਦੇ ।ਅਜਿਹੇ ਹਾਲਾਤਾਂ ਵਿੱਚ ਜਿਉਣਾਂ ਕਿੰਨਾਂ ਮੁਸ਼ਕਿਲ ਹੋ ਜਾਂਦਾ ਕੋਈ ਗੁਰਵਿੰਦਰ ਬਰਾੜ ਤੋਂ ਪੁੱਛੇ । ਇਸ ਸਦਮੇ ਵਿਚੋਂ ਉਹ ਆਖਰੀ ਸਾਹ ਤੱਕ ਨਹੀਂ ਨਿੱਕਲ ਸਕਦਾ। ਗੁਰਵਿੰਦਰ ਨੇ ਮੁੜ ਕਲਮ ਚੁੱਕੀ ਹੈ ,ਆਪਣੀ ਗਮਗੀਨ ਤੇ ਸੋਜ ਭਰੀ ਅਵਾਜ਼ ਨਾਲ ਆਪਣੇ ਪਿਆਰੇ ਸਰੋਤਿਆਂ ਲਈ ” ਕਵਿਤਾ” ਨਾਂ ਦੀ ਨਵੀਂ ਰਚਨਾ ਨਾਲ ਸੰਗੀਤ ਜਗਤ ਦੀਆਂ ਬਰੂਹਾਂ ‘ਤੇ ਮੁੜ ਦਸਤਕ ਦੇਣ ਆ ਰਿਹਾ ਹੈ। ਕਵਿਤਾ ਵਰਗਾ ਸੂਖਮ ਤੇ ਕੋਮਲ ਭਾਵੀ ਗੁਰਵਿੰਦਰ ਬਰਾੜ ਉਦਾਸੀ ਦਾ ਆਲਮ ਤਿਆਗ ਕੇ ਮੁੜ ਹਾਸੇ ਦੀਆਂ ਫੁੱਲਝੜੀਆਂ ਬਿਖੇਰੇ ਇਹੋ ਦੁਆ ਕਰਦੇ ਹਾਂ।

ਕੁਲਦੀਪ ਸਿੰਘ ਲੋਹਟ
ਪਿੰਡ ਤੇ ਡਾਕ. ਅਖਾੜਾ ਤਹਿਸੀਲ ਜਗਰਾਉਂ (ਲੁਧਿਆਣਾ )
ਮੋਗਾ. 9876492410


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਵਿਤਾ ਵਰਗਾ ਸੂਖਮ ਫਨਕਾਰ : ਗਰਵਿੰਦਰ ਬਰਾੜ