ਆਮ ਆਦਮੀ ਪਾਰਟੀ ਦੀ ਪੰਚਾਇਤੀ ਚੋਣਾਂ ‘ਚ ਸ਼ਰਮਨਾਕ ਹਾਰ


ਚੰਡੀਗੜ੍ਹ, 23 ਸਤੰਬਰ (ਏਜੰਸੀ) : ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਵੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣਾਂ ਦੇ ਨਤੀਜੇ ਐਤਵਾਰ ਸਵੇਰੇ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੋਰ ਨੁਮਾਇੰਦਗੀ ਦੇਣ ਨਾਲੋਂ ਆਪਣੀ ਖਾਨਾਜੰਗੀ ਵਿੱਚ ਹੀ ਮਸਰੂਫ਼ ਰਹਿਣ ਦਾ ਮੌਕਾ ਦੇ ਦਿੱਤਾ ਹੈ।

ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ‘ਆਪ’ ਪੂਰੇ ਸੂਬੇ ਵਿੱਚੋਂ ਪੰਚਾਇਤ ਸੰਮਤੀ ਦੀਆਂ 20 ਸੀਟਾਂ ਹੀ ਹਾਸਲ ਕਰ ਸਕੀ, ਜਦਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਤਾਂ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ। ਹਾਲਾਂਕਿ, ਆਮ ਆਦਮੀ ਪਾਰਟੀ ਨੂੰ 2,900 ਪੰਚਾਇਤੀ ਸੰਮਤੀਆਂ ਤੇ 354 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਵਿੱਚੋਂ ਸਿਰਫ਼ ਮਾਲਵੇ ‘ਚੋਂ ਹੀ 20 ਸੀਟਾਂ ਮਿਲੀਆਂ। ਇੰਨਾ ਹੀ ਨਹੀਂ ਬੇਅਦਬੀ ਰਿਪੋਰਟ ਤੋਂ ਬਾਅਦ ਲੱਗੀ ਢਾਹ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਆਪ’ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ। ਅਕਾਲੀਆਂ ਨੇ ਜ਼ਿਲ੍ਹਾ ਪ੍ਰੀਸ਼ਦ ‘ਚ 18 ਅਤੇ ਪੰਚਾਇਤ ਸੰਮਤੀਆਂ ਦੀਆਂ 353 ਸੀਟਾਂ ਆਪਣੇ ਨਾਂਅ ਕੀਤੀਆਂ।

ਅੰਤਮ ਨਤੀਜੇ ਆਉਣ ਤੋਂ ਪਹਿਲਾਂ ਹੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾੜੇ ਪ੍ਰਦਰਸ਼ਨ ਲਈ ‘ਦਿੱਲੀ ਵਾਲਿਆਂ ਦੀ ਤਾਨਾਸ਼ਾਹੀ’ ਨੂੰ ਜ਼ਿੰਮੇਵਾਰ ਠਹਿਰਾਇਆ। ਖਹਿਰਾ ਨੇ ਕਿਹਾ ਕਿ ਦਿੱਲੀ ਹਾਈਕਮਾਨ ਦੀ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਮੰਨਣ ਵਾਲੇ ਸਾਥੀ ਧਿਆਨ ਦੇਣ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਦਿਨੋ-ਦਿਨ ‘ਆਪ’ ਦਾ ਆਧਾਰ ਘਟ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ‘ਆਪ’ ਦੀ ਗੰਭੀਰਤਾ ਨੂੰ ਜਾਣਨ ਦਾ ਇੱਕ ਤੱਥ ਵੀ ਮੌਜੂਦ ਹੈ ਕਿ ਪਾਰਟੀ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਕਿੰਨੇ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਦਾਇਰ ਕੀਤੀਆਂ ਸਨ। ਪਾਰਟੀ ਦੇ ਮੀਡੀਆ ਇੰਚਾਰਜ ਐਮ.ਐਸ. ਸਿੱਧੂ ਨੇ ਕਿਹਾ ਕਿ ਅਸੀਂ ਅਜਿਹਾ ਕਿਸੇ ਵੀ ਕਿਸਮ ਦਾ ਡੇਟਾ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦਾ ਫੈਸਲਾ ਕਾਫੀ ਦੇਰੀ ਨਾਲ ਲਿਆ ਗਿਆ।

ਦੂਜੇ ਪਾਸੇ ਪਾਰਟੀ ਦੇ ਵਿਧਾਨ ਸਭਾ ਵਿੱਚ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਪਣੇ ਮਾੜੇ ਪ੍ਰਦਰਸ਼ਨ ਪਿੱਛੇ ਕਾਂਗਰਸ ਦੀ ‘ਧੱਕੇਸ਼ਾਹੀ’ ਨੂੰ ਜ਼ਿੰਮੇਵਾਰ ਠਹਿਰਾਇਆ। ਚੀਮਾ ਨੇ ਦਾਅਵਾ ਕੀਤਾ ਕਿ ਨਤੀਜੇ ਪ੍ਰਭਾਵਿਤ ਕਰਨ ਲਈ 60 ਤੋਂ 70 ਫ਼ੀਸਦੀ ਵੋਟਾਂ ਨੂੰ ਕਾਂਗਰਸ ਸਰਕਾਰ ਦੇ ਦਬਾਅ ਕਾਰਨ ਰੱਦ ਕਰ ਦਿੱਤਾ ਗਿਆ। ਉਨ੍ਹਾਂ ਇਨ੍ਹਾਂ ਚੋਣਾਂ ਨੂੰ ਪੰਜਾਬ ਦੇ ਲੋਕਤੰਤਰ ‘ਤੇ ਕਾਲਾ ਧੱਬਾ ਕਰਾਰ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਮ ਆਦਮੀ ਪਾਰਟੀ ਦੀ ਪੰਚਾਇਤੀ ਚੋਣਾਂ ‘ਚ ਸ਼ਰਮਨਾਕ ਹਾਰ