ਹਾਲੈਂਡ ਮੁੜ ਬਣਿਆ ਚੈਂਪੀਅਨ

ਲੰਡਨ, 5 ਅਗਸਤ (ਏਜੰਸੀ) : ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਲੈਂਡ ਨੇ ਅੱਜ ਇੱਥੇ ਹੇਠਲੇ ਦਰਜੇ ਦੀ ਟੀਮ ਆਇਰਲੈਂਡ ਨੂੰ 6-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਹ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ। ਇਸ ਤੋਂ ਪਹਿਲਾਂ ਆਇਰਲੈਂਡ ਨੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਸਿਰਜਿਆ ਦਿੱਤਾ। ਆਇਰਲੈਂਡ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਪਹਿਲੀ ਟੀਮ ਬਣ ਗਈ। ਹਾਲੈਂਡ ਵੱਲੋਂ ਆਇਰਲੈਂਡ ਖ਼ਿਲਾਫ਼ ਲਿਡਵਿਜ਼ ਵੈਲਟਨ (7ਵੇਂ ਮਿੰਟ), ਕੈਲੀ ਜੌਂਕਰ (19ਵੇਂ ਮਿੰਟ), ਵਾਨ ਮੇਲ ਕਿੱਟੀ (28ਵੇਂ ਮਿੰਟ), ਫੈਨਿਕਸ ਫਲੌਅ (30ਵੇਂ ਮਿੰਟ), ਕੀਟਲਜ਼ ਮਾਰਲੋਜ਼ (32ਵੇਂ ਮਿੰਟ) ਅਤੇ ਵਾਨ ਮਾਸਕੌਰ ਕਾਇਆ (34ਵੇਂ ਮਿੰਟ) ਨੇ ਲਗਾਤਾਰ ਇੱਕ-ਇੱਕ ਗੋਲ ਦਾਗ਼ਿਆ।

ਇਸ ਤੋਂ ਪਹਿਲਾਂ ਵਿਸ਼ਵ ਰੈਂਕਿੰਗ ਵਿੱਚ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਸੈਮੀ ਫਾਈਨਲ ਵਿੱਚ ਸਪੇਨ ਨੂੰ ਤੈਅ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਮਗਰੋਂ ਪੈਨਲਟੀ ਸ਼ੂਟਆਊਟ ਵਿੱਚ 3-2 ਗੋਲਾਂ ਨਾਲ ਹਰਾਇਆ ਸੀ। ਇਸੇ ਤਰ੍ਹਾਂ ਦੂਜੇ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਹਾਲੈਂਡ ਨੇ ਆਸਟਰੇਲੀਆ ਨੂੰ ਤੈਅ ਸਮੇਂ ਤੱਕ ਮੁਕਾਬਲਾ 1-1 ਨਾਲ ਡਰਾਅ ਰਹਿਣ ਮਗਰੋਂ ਪੈਨਲਟੀ ਸ਼ੂਟਆਊਟ ਵਿੱਚ 3-1 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਇੱਕ ਹੋਰ ਮੁਕਾਬਲੇ ਵਿੱਚ ਓਸਨੀਆ ਚੈਂਪੀਅਨ ਆਸਟਰੇਲੀਆ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ 11ਵੀਂ ਦਰਜਾ ਪ੍ਰਾਪਤ ਸਪੇਨ ਤੋਂ 1-3 ਗੋਲਾਂ ਨਾਲ ਹਾਰ ਗਈ। ਇਸ ਲਈ ਆਸਟਰੇਲੀਆ ਨੂੰ ਚੌਥੇ ਸਥਾਨ ’ਤੇ ਰਹਿ ਕੇ ਸਬਰ ਕਰਨਾ ਪਿਆ।

Leave a Reply

Your email address will not be published.