ਵਿਆਹ ਕਰਨ ਲਈ ਅਬੂ ਸਲੇਮ ਨੂੰ ਨਹੀਂ ਮਿਲੀ ਪੈਰੋਲ


ਮੁੰਬਈ, 8 ਅਗਸਤ (ਏਜੰਸੀ) : ਬੰਬੇ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਅਬੂ ਸਲੇਮ ਦੀ ਵਿਆਹ ਲਈ 45 ਦਿਨ ਦੀ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ ਸਲੇਮ ਅੱਤਵਾਦ ਦੇ ਗੰਭੀਰ ਦੋਸ਼ ਵਿਚ ਸਜ਼ਾ ਕੱਟ ਰਿਹਾ ਹੈ। ਇਸ ਲਈ ਉਸ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ। 46 ਸਾਲਾ ਸਲੇਮ ਨੂੰ ਪਿਛਲੇ ਸਾਲ ਹੀ 1993 ਦੇ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਠਾਣੇ ਦੇ ਮੁੰਬਰਾ ਵਾਸੀ ਕੌਸਰ ਬਹਾਰ ਨਾਲ ਵਿਆਹ ਲਈ ਕੋਂਕਣ ਡਿਵੀਜ਼ਨ ਕਮਿਸ਼ਨਰ ਨੂੰ 45 ਦਿਨਾਂ ਦੀ ਪੈਰੋਲ ਦੀ ਅਰਜ਼ੀ ਦਿੱਤੀ ਸੀ। ਇਹ ਅਰਜ਼ੀ ਅਪ੍ਰੈਲ ਮਹੀਨੇ ਠੁਕਰਾ ਦਿੱਤੀ ਗਈ ਸੀ। ਸਲੇਮ ਨੇ ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ।

ਸਲੇਮ ਨੇ ਕਿਹਾ ਸੀ ਕਿ ਪੈਰੋਲ ਮਿਲੇ ਬਿਨਾਂ ਉਹ ਉਸ ਔਰਤ ਨਾਲ ਕੀਤਾ ਗਿਆ ਨਿਕਾਹ ਦਾ ਵਾਅਦਾ ਪੂਰਾ ਨਹੀਂ ਕਰ ਸਕਦਾ। ਪ੍ਰੰਤੂ ਬੈਂਚ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ। ਉਹ ਨਵੰਬਰ 2005 ਵਿਚ ਪੁਰਤਗਾਲ ਦੀ ਰਾਜਧਾਨੀ ਲਿਸਬਨ ਤੋਂ ਹਵਾਲਗੀ ਰਾਹੀਂ ਭਾਰਤ ਲਿਆਉਂਦਾ ਗਿਆ ਸੀ ਤੇ ਉਸ ਪਿੱਛੋਂ ਜੇਲ੍ਹ ਵਿਚ ਹੀ ਬੰਦ ਹੈ। 2014 ਵਿਚ ਇਹ ਖ਼ਬਰ ਆਈ ਸੀ ਕਿ ਅਬੂ ਸਲੇਮ ਨੇ ਇਕ ਸੁਣਵਾਈ ਲਈ ਲਖਨਊ ਜਾਂਦੇ ਹੋਏ ਟਰੇਨ ਵਿਚ ਹੀ ਕੌਸਰ ਬਹਾਰ ਨਾਲ ਮੋਬਾਈਲ ਫੋਨ ਰਾਹੀਂ ਨਿਕਾਹ ਕਰ ਲਿਆ ਸੀ। ਕੌਸਰ ਬਹਾਰ ਵੀ ਮੁੰਬਰਾ ਦੀ ਸਥਾਨਕ ਅਦਾਲਤ ਵਿਚ ਅਰਜ਼ੀ ਦੇ ਚੁੱਕੀ ਹੈ ਕਿ ਸਲੇਮ ਨਾਲ ਫੋਨ ‘ਤੇ ਨਿਕਾਹ ਦੀ ਖ਼ਬਰ ਉਡਣ ਪਿੱਛੋਂ ਹੁਣ ਉਸ ਦੀ ਬਦਨਾਮੀ ਹੋ ਚੁੱਕੀ ਹੈ। ਇਸ ਲਈ ਉਸ ਨੂੰ ਸਲੇਮ ਨਾਲ ਪ੍ਰਤੱਖ ਨਿਕਾਹ ਦੀ ਇਜਾਜ਼ਤ ਦਿੱਤੀ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਆਹ ਕਰਨ ਲਈ ਅਬੂ ਸਲੇਮ ਨੂੰ ਨਹੀਂ ਮਿਲੀ ਪੈਰੋਲ