ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਮਗਰੋਂ ਮੋਦੀ ਸਰਕਾਰ ਤੇ ਆਰਐਸਐਸ ‘ਤੇ ਤਿੱਖੇ ਨਿਸ਼ਾਨੇ


ਨਵੀਂ ਦਿੱਲੀ, 29 ਅਗਸਤ (ਏਜੰਸੀ) : ਭੀਮਾ ਕੋਰੇਗਾਉਂ ਹਿੰਸਾ ਮਾਮਲੇ ਵਿੱਚ ਸਮਾਜਿਕ ਕਾਰਕੁਨਾਂ, ਪੱਤਰਕਾਰਾਂ ਤੇ ਵਕੀਲਾਂ ਦੀ ਗ੍ਰਿਫ਼ਤਾਰੀ ‘ਤੇ ਵਿਰੋਧੀ ਦਲਾਂ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਕਾਂਗਰਸ, ਸੀਪੀਆਈ (ਐਮ) ਤੇ ਸਮਾਜਕ ਸੰਗਠਨਾਂ ਨੇ ਸੱਤਾਧਾਰੀ ਬੀਜੇਪੀ ‘ਤੇ ਆਵਾਜ਼ ਦਬਾਉਣ ਦਾ ਦੋਸ਼ ਲਾਇਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰੇਂਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ‘ਨਿਊ ਇੰਡੀਆ’ ਵਿੱਚ ਇਕਲੌਤੀ ਐਨਜੀਓ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਲਈ ਹੀ ਥਾਂ ਹੈ। ਉਨ੍ਹਾਂ ਤੋਂ ਇਲਾਵਾ ਕਈ ਬੁੱਧੀਜੀਵੀਆਂ ਨੇ ਮੋਦੀ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।

ਰਾਹੁਲ ਗਾਂਧੀ ਅੱਜ ਹੜ੍ਹਾਂ ਤੋਂ ਪ੍ਰਭਾਵਿਤ ਕੇਰਲ ਦੇ ਦੌਰੇ ‘ਤੇ ਪਹੁੰਚੇ ਹਨ। ਰਾਹੁਲ ਨੇ ਟਵੀਟ ਕੀਤਾ, “ਭਾਰਤ ਵਿੱਚ ਹੁਣ ਸਿਰਫ ਇਕਲੌਤੀ ਐਨਜੀਓ ਲਈ ਥਾਂ ਹੈ ਤੇ ਉਹ ਹੈ ਆਰਐਸਐਸ। ਦੂਜੀਆਂ ਸਾਰੀਆਂ ਐਨਜੀਓ ਬੰਦ ਕਰ ਦਿਓ, ਸਾਰੇ ਕਾਰਕੁਨਾਂ ਨੂੰ ਜੇਲ੍ਹ ਭੇਜ ਦਿਓ ਤੇ ਸ਼ਿਕਾਇਤਕਰਤਾਵਾਂ ਨੂੰ ਗੋਲ਼ੀ ਮਾਰ ਦਿਓ। ਨਿਊ ਇੰਡੀਆ ਵਿੱਚ ਤੁਹਾਡਾ ਸੁਆਗਤ ਹੈ।”

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜਮਹੂਰੀ ਅਧਿਕਾਰਾਂ ‘ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਵਿਰੁੱਧ ਭੀਮਾ ਗੋਰੇਗਾਉਂ ਹਿੰਸਾ ਦੀ ਸ਼ੁਰੂਆਤ ਤੋਂ ਹੀ ਪੁਲਿਸ ਤੇ ਕੇਂਦਰੀ ਏਜੰਸੀ ਦਲਿਤ ਅਧਿਕਾਰਾਂ ਨਾਲ ਲੜਨ ਵਾਲੇ ਲੋਕਾਂ ਤੇ ਵਕੀਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਦੇ ਨਾਲ ਹੀ ਪ੍ਰਕਾਸ਼ ਕਰਾਤ ਨੇ ਕਿਹਾ ਕਿ ਇਹ ਜਮਹੂਰੀ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ।

ਪੁਲਿਸ ਦੀ ਇਸ ਕਾਰਵਾਈ ‘ਤੇ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਉਸ ਸਰਕਾਰ ਬਾਰੇ ਖ਼ਤਰਨਾਕ ਸੰਕੇਤ ਦੇ ਰਹੀਆਂ ਹਨ, ਜਿਸ ਨੂੰ ਆਪਣੇ ਪੱਖ ਵਿੱਚ ਮਿਲਿਆ ਲੋਕ-ਫ਼ਤਵਾ ਗੁਆਉਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਬੇਤੁਕੇ ਇਲਜ਼ਾਮ ਲਾ ਕੇ ਵਕੀਲ, ਕਵੀ, ਲੇਖਕ, ਦਲਿਤ ਅਧਿਕਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ.. ਸਾਨੂੰ ਸਾਫ਼-ਸਾਫ਼ ਦੱਸੋ ਕਿ ਭਾਰਤ ਕਿੱਧਰ ਨੂੰ ਜਾ ਰਿਹਾ ਹੈ।

ਉੱਘੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਪੁਲਿਸ ਦੀ ਕਾਰਵਾਈ ਨੂੰ ਡਰਾਉਣਾ ਦੱਸਿਆ ਤੇ ਸੁਪਰੀਮ ਕੋਰਟ ਦੇ ਦਖ਼ਲ ਦੀ ਮੰਗ ਕੀਤੀ ਤਾਂ ਕਿ ਆਜ਼ਾਦ ਆਵਾਜ਼ਾਂ ‘ਤੇ ਹੋਣ ਵਾਲੇ ਜ਼ੁਲਮ ਤੇ ਤਸ਼ੱਦਦ ਨੂੰ ਰੋਕਿਆ ਜਾ ਸਕੇ। ਗੁਹਾ ਨੇ ਟਵੀਟ ਕੀਤਾ ਕਿ ਸੁਧਾ ਭਾਰਦਵਾਜ ਹਿੰਸਾ ਤੇ ਗ਼ੈਰ-ਕਾਨੂੰਨੀ ਚਾਜ਼ਾਂ ਤੋਂ ਓਨੀ ਹੀ ਦੂਰ ਹੈ ਜਿੰਨਾ ਅਮਿਤ ਸ਼ਾਹ ਇਨ੍ਹਾਂ ਚੀਜ਼ਾਂ ਦੇ ਨੇੜੇ।

ਮਨੁੱਖੀ ਅਧਿਕਾਰ ਕਾਰਕੁਨ ਸ਼ਬਨਮ ਹਾਸ਼ਮੀ ਨੇ ਵੀ ਛਾਪੇ ਮਾਰੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਟਵਿੱਟਰ ‘ਤੇ ਲਿਖਿਆ ਕਿ ਮਹਾਰਾਸ਼ਟਰ, ਤੇਲੰਗਾਨਾ, ਦਿੱਲੀ ਤੇ ਗੋਆ ਵਿੱਚ ਸਵੇਰੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਘਰਾਂ ‘ਤੇ ਹੋ ਰਹੀ ਛਾਪੇਮਾਰੀ ਦੀ ਸਖ਼ਤ ਨਿੰਦਾ ਕਰਦੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਮੋਦੀ ਦੇ ਬੇਲਗ਼ਮਾ ਸਾਸ਼ਨ ਦੀ ਵੀ ਨਿੰਦਾ ਕੀਤੀ।

ਜ਼ਿਕਰਯੋਗ ਹੈ ਕਿ ਭੀਮਾ ਗੋਰੇਗਾਉਂ ਹਿੰਸਾ ਸਬੰਧੀ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰੇ ਤੇ ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਕਥਿਤ ਨਕਸਲੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਗ੍ਰਿਫ਼ਤਾਰੀਆਂ ਵਿੱਚ ਵਰਵਰ ਰਾਓ, ਮਸ਼ਹੂਰ ਵਕੀਲ ਸੁਧਾ ਭਾਰਦਵਾਜ ਵਰਗੇ ਵੱਡੇ ਚਿਹਰੇ ਵੀ ਸ਼ਾਮਲ ਹਨ। ਮੁੰਬਈ, ਪੁਣੇ, ਗੋਆ, ਦਿੱਲੀ, ਤੇਲੰਗਾਨਾ, ਛੱਤੀਸਗੜ੍ਹ ਤੇ ਹਰਿਆਣਾ ਵਿੱਚ 10 ਥਾਵਾਂ ‘ਤੇ ਛਾਪੇ ਮਾਰੇ ਗਏ ਤੇ ਵਰਵਰ ਰਾਓ, ਵੇਰਨੋਨ ਗੋਂਜ਼ਾਲਵੇਜ਼, ਅਰੁਣ ਪਰੇਰਾ, ਸੁਧਾ ਭਾਰਦਵਾਜ ਅਤੇ ਗੌਤਮ ਨੌਲੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਹੈ ਭੀਮਾ-ਗੋਰੇਗਾਉਂ ਦਾ ਇਤਿਹਾਸ-
ਭੀਮਾ-ਗੋਰੇਗਾਉਂ ਹਿੰਸਾ 200 ਸਾਲ ਪੁਰਾਣੀ ਲੜਾਈ ਨਾਲ ਸਬੰਧ ਰੱਖਦੀ ਹੈ, ਜਿਸ ਵਿੱਚ ਬ੍ਰਿਟਿਸ਼ ਫ਼ੌਜ ਨੇ ਪਹਿਲੀ ਜਨਵਰੀ 1818 ਨੂੰ ਪੇਸ਼ਵਾ ਸ਼ਾਸਕਾਂ ਨੂੰ ਹਰਾਇਆ ਸੀ। ਬਰਤਾਨਵੀ ਫ਼ੌਜ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਫ਼ੌਜੀ ਸ਼ਾਮਲ ਸਨ। ਇਸ ਲੜਾਈ ਦੀ ਵਰ੍ਹੇਗੰਢ ਮਨਾਉਣ ਲਈ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਗੋਰੇਗਾਉਂ ਭੀਮਾ ਵਿੱਚ ਇਕੱਠੇ ਹੁੰਦੇ ਹਨ। ਪੁਲਿਸ ਮੁਤਾਬਕ ਇਸ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ 31 ਦਸੰਬਰ ਨੂੰ ਐਲਗਾਰ ਪ੍ਰੀਸ਼ਤ ਸਮਾਗਮ ਵਿੱਚ ਦਿੱਤੇ ਗਏ ਭਾਸ਼ਣ ਨੇ ਹਿੰਸਾ ਭੜਕਾਈ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਮਗਰੋਂ ਮੋਦੀ ਸਰਕਾਰ ਤੇ ਆਰਐਸਐਸ ‘ਤੇ ਤਿੱਖੇ ਨਿਸ਼ਾਨੇ