ਪੰਜਾਬ ਤੋਂ ਆਏ ਪੰਜਾਬੀ ਪੱਤਰਕਾਰ ਸਵਰਨ ਟਹਿਣਾ ਪੰਜਾਬੀਆਂ ਦੇ ਰੂ-ਬਰੂ ਹੋਏ


ਕੈਲਗਰੀ, (ਹਰਬੰਸ ਬੁੱਟਰ) : ਕਨੇਡਾ ਅਤੇ ਪੰਜਾਬ ਦਰਮਿਆਨ ਖ਼ਬਰਾਂ ਅਤੇ ਹੋਰ ਟੀ ਵੀ ਪਰੋਗਰਾਮਾਂ ਦੇ ਜ਼ਰੀਏ ਪੁਲ ਦਾ ਕੰਮ ਕਰਨ ਵਾਲੇ ਪੱਤਰਕਾਰ ਸਵਰਨ ਟਹਿਣਾ ਇੰਨੀ ਦਿਨੀ ਕਨੇਡਾ ਫੇਰੀ ਉੱਪਰ ਹਨ। ਪੱਤਰਕਾਰੀ ਦੇ ਖੇਤਰ ਵਿੱਚ ਉਹਨਾਂ ਦੀ ਲਿਖਣ ਅਤੇ ਬੋਲਣ ਸ਼ੈਲੀ ਦੀ ਬੇਬਾਕੀ, ਸ਼ੁੱਧਤਾ, ਉੱਪਰ ਪਕੜ ਉਪਰੰਤ ਪੇਸ਼ਕਾਰੀ ਦੇ ਸਨਮਾਨ ਵੱਜੋਂ ਕਨੇਡਾ ਤੋਂ ਛੱਪਦੇ ਪੰਜਾਬੀ ਅਖ਼ਬਾਰ ਵੱਲੋਂ ਮਾਨ ਸਨਮਾਨ ਅਤੇ ਕੈਲਗਰੀ ਵਾਸੀਆਂ ਨਾਲ ਖੁੱਲੀਆਂ ਗੱਲਾਂਬਾਤਾਂ ਕਰਨ ਦਾ ਪਰੋਗਰਾਮ ਉਲੀਕਿਆ ਗਿਆ। ਪੰਜਾਬੀ ਸਾਹਿਤ ਸਭਾ ਵੱਲੋਂ ਮਾਣ ਪੱਤਰ ਪਰੋਗਰਾਮ ਦੇ ਸੁਰੂ ਵਿੱਚ ਹੀ ਪ੍ਰਧਾਨ ਸੁਰਿੰਦਰ ਗੀਤ ਵੱਲੋਂ ਪੜ੍ਹਿਆ ਅਤੇ ਭੇਂਟ ਕੀਤਾ ਗਿਆ। ਮਲਕੀਤ ਸਿੱਧੂ ਨੇ ਵਿਅੰਗਮਈ ਕਵਿਤਾ ਦੇ ਜ਼ਰੀਏ ਟਹਿਣਾ ਸਾਹਿਬ ਨੂੰ ਜੀ ਆਇਆਂ ਨੂੰ ਕਿਹਾ। ਲੋਕ ਗਾਇਕ ਜਰਨੈਲ ਐਲੋਂ ਨੇ ਮਾਂ ਬੋਲੀ ਪੰਜਾਬੀ ਬਾਰੇ ਬੁਲੰਦ ਆਵਾਜ਼ ਵਿੱਚ ਬੋਲ ਬੋਲੇ।

ਜ਼ੀਰੇ ਵਾਲੇ ਕਵੀਸ਼ਰ ਮਾਸਟਰ ਬਚਿੱਤਰ ਗਿੱਲ ਨੇ ‘ ਕਿਸ ਕਿਸ ਨੂੰ ਪੂਜੋਂਗੇ ਫਿਰਦੇ ਹਨ ਸਾਧਾਂ ਦੇ ਟੋਲੇ’ ਗਾਉਣ ਤੋਂ ਬਾਦ ਪੰਜਾਬੀ ਅਖ਼ਬਾਰ ਦੇ ਸੰਪਾਦਕ ਹਰਬੰਸ ਬੁੱਟਰ ਨੇ ਸਵਰਨ ਟਹਿਣਾ ਦੀ ਇਸ ਫੇਰੀ ਬਾਰੇ ਕੈਲਗਰੀ ਵਿੱਚ ਵਸਦੇ ਉਸਨੂੰ ਚਾਹੰੁਣ ਵਾਲਿਆਂ ਦੇ ਮਨ ਦੀ ਬਾਤ ਕਰਦਿਆਂ ਸ਼ਬਦੀ ਪਲੈਕ ਦੇ ਜ਼ਰੀਏ ਮਾਣ ਦਿੱਤਾ। ‘ਨੀ ਅੱਜ ਕੋਈ ਆਇਆ ਸਾਡੇ ਵਿਹੜੇ’ ਦੀ ਰੀਤ ਅਨੁਸਾਰ ਸ਼ਗਨਾ ਭਰੀ ਜੀ ਆਇਆਂ ਨੂੰ ਕਹਿੰਦੀ ਲਾਲ ਸੁਰਖ਼ ਪੋਟਲੀ , ਦਰਸ਼ਨ ਸਿੱਧੂ, ਗੁਰਪਰੀਤ ਸਿੱਧੂ ਰਾਣਾ, ਪਾਲ ਸੇਖੋਂ, ਜਗਰੂਪ ਕਾਹਲੋਂ, ਰਿੱਕੀ ਕਲੇਰ, ਲੋਕ ਗਾਇਕ ਦਰਸ਼ਨ ਖੇਲਾ, ਬਿੱਕਰ ਸੰਧੂ, ਰਾਜ ਚਾਹਲ ਅਤੇ ਰਿਸ਼ੀ ਨਾਗਰ ਨੇ ਭੇਂਟ ਕੀਤੀ। ਇਸ ਉਪਰੰਤ ਸਵਰਨ ਟਹਿਣਾ ਨੇ ਇੱਕ ਘੰਟੇ ਤੋਂ ਵੀ ਜਿਆਦਾ ਸਮਾ ਪੰਜਾਬੀਆ ਦੇ ਖਚਾਖਚ ਭਰੇ ਹੋਏ ਵੱਡ-ਆਕਾਰੀ ਹਾਲ ਅੰਦਰ ਪੰਜਾਬ ਅਤੇ ਪੰਜਾਬੀ ਦੀ ਮੌਜੂਦਾ ਪੱਤਰਕਾਰੀ ਬਾਰੇ ਗੱਲਾਂਬਾਤਾਂ ਕੀਤੀਆਂ।

ਦਿਨੋ ਦਿਨ ਉਸਰਦੇ ਗੁੰਬਦਾਂ ਵਾਲੇ ਧਾਰਮਿਕ ਸਥਾਨ , ਤਾਂਤਰਿਕ ਜਗਤ ਦਾ ਮੀਡੀਆ ਜ਼ਰੀਏ ਕੂੜ ਪਰਚਾਰ, ਲੋਕਾਂ ਦੇ ਖ਼ਬਰ ਜਗਤ ਨਾਲ ਸਬੰਧਾਂ ਬਾਰੇ ਜੰਮਕੇ ਗੱਲਾਂ ਹੋਈਆਂ। ਬੁਲਾਰਿਆਂ ਅਤੇ ਹਾਲ ਅੰਦਰ ਪੁੱਜੇ ਦਰਸਕ ਰੂਪੀ ਸਰੋਤਿਆਂ ਨਾਲ ਜੋੜਨ ਦੀ ਜਿੰਮੇਵਾਰੀ ਰੇਡੀਓ ਰੈਡ ਐਫ ਐਮ ਕੈਲਗਰੀ ਦੇ ਨਿਊਜ ਮੈਨੇਜ਼ਰ ਰਿਸ਼ੀ ਨਾਗਰ ਨੇ ਨਿਭਾਈ ।ਵਰਨਣਯੋਗ ਹੈ ਕਿ ਸਵਰਨ ਟਹਿਣਾ ਲੰਮੇ ਅਰਸੇ ਤੋਂ ‘ਪੰਜਾਬੀ ਅਖ਼ਬਾਰ’ ਵਿੱਚ ਆਪਣਾ ਕਾਲਮ ‘ਟਹਿਣੇ ਦੇ ਕੀ ਕਹਿਣੇ’ ਰਾਹੀਂ ਪੰਜਾਬ ਦੀਆਂ ਰਾਜਨੀਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਕੇ ਰੱਖਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬ ਤੋਂ ਆਏ ਪੰਜਾਬੀ ਪੱਤਰਕਾਰ ਸਵਰਨ ਟਹਿਣਾ ਪੰਜਾਬੀਆਂ ਦੇ ਰੂ-ਬਰੂ ਹੋਏ