ਪਾਕਿ ਫ਼ੌਜ ਮੁਖੀ ਨੂੰ ਜੱਫੀ ਪਾਉਣ ‘ਤੇ ਸਿੱਧੂ ਦੀ ਸਫਾਈ

ਇਸਲਾਮਾਬਾਦ, 18 ਅਗਸਤ (ਏਜੰਸੀ) : ਪਾਕਿ ਫ਼ੌਜ ਦੇ ਮੁਖੀ ਨਾਲ ਗਲੇ ਮਿਲਣ ਕਾਰਨ ਵਿਵਾਦ ਖੱਟਣ ਵਾਲੇ ਚੜ੍ਹਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਘਟਨਾ ਤੋਂ ਪਰਦਾ ਚੁੱਕ ਹੀ ਦਿੱਤਾ ਹੈ। ਇਸਲਾਮਾਬਾਦ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਸਿੱਧੂ ਨੇ ਦੱਸਿਆ ਕਿ ਉਹ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲੇ ਇਸ ਲਈ ਮਿਲੇ ਸਨ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਬਾਰੇ ਵਿਚਾਰ ਕੀਤੇ ਜਾਣ ਬਾਰੇ ਦੱਸਿਆ ਸੀ।

ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਜਾਰੀ ਵਿਚਾਰਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਬਾਜਵਾ ਵੀ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਚਾਹੁੰਦੇ ਹਨ।

ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਜੇਕਰ ਦੋਵਾਂ ਮੁਲਕਾਂ ਦੇ ਪੰਜਾਬਾਂ ਦੇ ਬੂਹੇ ਇੱਕ ਦੂਜੇ ਲਈ ਖੋਲ੍ਹ ਦਿੱਤੇ ਜਾਣ ਤਾਂ ਉਨ੍ਹਾਂ ਨੂੰ ਯਕੀਨ ਹੈ ਕਿ ਦੋਵੇਂ ਸੂਬੇ ਛੇ ਮਹੀਨਿਆਂ ਵਿੱਚ ਛੇ ਸਾਲ ਜਿੰਨੀ ਤਰੱਕੀ ਕਰ ਸਕਦੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਦੋਵਾਂ ਦੇਸ਼ਾਂ ਦਰਮਿਆਨ ਅਮਨ ਚੈਨ ਦੀ ਗੱਲ ਵੀ ਕੀਤੀ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ ਲੈ ਕੇ ਵਾਪਸ ਜਾਣਗੇ। ਸਿੱਧੂ ਗੁਆਂਢੀ ਸੂਬੇ ਤੋਂ ਭਲਕੇ ਵਾਪਿਸ ਆਉਣਗੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਫ਼ੌਜ ਮੁਖੀ ਨੂੰ ਪਾਈ ਜੱਫੀ ਨੇ ਦੇਸ਼ ਦੀ ਸਿਆਸਤ ਗਰਮਾ ਦਿੱਤੀ ਸੀ। ਸਿੱਧੂ ਦੇ ਬੈਠਣ ਲਈ ਪਾਕਿਸਤਾਨ ਦੇ ਕਬਜ਼ੇ ਵਿਚਲੇ ਕਸ਼ਮੀਰ ਦੇ ਰਾਸ਼ਟਰਪਤੀ ਮਸੂਦ ਖ਼ਾਨ ਨਾਲ ਕੁਰਸੀ ਮਿਲਣ ਨੇ ਬਲ਼ਦੀ ‘ਚ ਤੇਲ ਪਾਉਣ ਦਾ ਕੰਮ ਕੀਤਾ। ਇਸ ਤੋਂ ਬਾਅਦ ਪੰਜਾਬ ਤੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਿੱਧੂ ‘ਤੇ ਤਿੱਖੇ ਹਮਲੇ ਕੀਤੇ ਪਰ ਕਾਂਗਰਸ ਨੇ ਉਨ੍ਹਾਂ ਦਾ ਬਚਾਅ ਕੀਤਾ।

Leave a Reply

Your email address will not be published.